ਕਿਸਾਨੀ ਘੋਲ ਨੂੰ ਹਿੰਸਕ ਕਰਨਾ ਚਾਹੁੰਦੀਆਂ ਨੇ ਸਰਕਾਰ ਤੇ ਏਜੰਸੀਆਂ : ਲੱਖਾ ਸਿਧਾਣਾ (ਵੀਡੀਓ)
Sunday, Jan 24, 2021 - 05:05 PM (IST)
ਨਵੀਂ ਦਿੱਲੀ (ਬਿਊਰੋ) - ਟਰੈਕਟਰ ਮਾਰਚ ਤੋਂ ਪਹਿਲਾਂ ਦਿੱਲੀ ਦੇ ਟਿਕਰੀ ਸਰਹੱਦ ’ਤੇ ਕਿਸਾਨਾਂ ਨਾਲ ਬੈਠੇ ਲੱਖਾ ਸਿਧਾਣਾ ਨੇ ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਮੋਰਚੇ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕਾਂ ’ਚ ਕਾਫ਼ੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਉਤਸ਼ਾਹ ਉਨ੍ਹਾਂ ਦੇ ਅੰਦਰ ਕਿਥੋ ਆਇਆ, ਪਤਾ ਨਹੀਂ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਅੰਦਰ ਜਾਣ ਨਹੀਂ ਦੇਣਾ ਪਰ ਸਾਡੀਆਂ ਕਿਸਾਨ ਜੱਥੇਬੰਦੀਆਂ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕਰਕੇ ਰਹਾਂਗੇ।
ਕਿਸਾਨ ਮੋਰਚੇ ’ਚ ਕਾਬੂ ਕੀਤੇ ਜਾ ਰਹੇ ਸ਼ੱਕੀ ਵਿਅਕਤੀਆਂ, ਜੋ ਟਰੈਕਟਰ ਪਰੈਡ ਨੂੰ ਖ਼ਰਾਬ ਕਰਨਾ ਚਾਹੁੰਦੇ ਸਨ, ਦੇ ਬਾਰੇ ਲੱਖਾ ਸਿਧਾਣਾ ਨੇ ਕਿਹਾ ਕਿ ਅਜਿਹਾ ਕਰਨ ’ਚ ਸਰਕਾਰਾਂ ਅਤੇ ਏਜੰਸੀਆਂ ਦਾ ਹੱਥ ਹੈ। ਇਹ ਕਿਸੇ ਵੀ ਅੰਦੋਲਨ ਨੂੰ ਖ਼ਰਾਬ ਕਰਨ ਲਈ ਉਸ ’ਚ ਆਪਣੇ ਬੰਦੇ ਵਾੜਨੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜਿਵੇਂ ਉਸ ਮੁੰਡੇ ਨੇ ਕਿਹਾ ਕਿ ਉਸ ਨਾਲ ਹੋਰ ਵੀ ਬੰਦੇ ਹਨ, ਜਿਨ੍ਹਾਂ ਨੇ 26 ਜਨਵਰੀ ਨੂੰ ਗੋਲੀ ਚਲਾਉਣੀ ਸੀ। ਉਨ੍ਹਾਂ ਨੇ ਪੁਲਸ ਫੋਰਸ ਅਤੇ ਕੁਝ ਕਿਸਾਨ ਆਗੂਆਂ ਨੂੰ ਆਪਣੇ ਨਿਸ਼ਾਨੇ ’ਤੇ ਰੱਖਿਆ ਹੋਇਆ ਸੀ, ਜਿਸ ਨੇ ਬਾਅਦ ’ਚ ਆਪਣੇ ਬਿਆਨ ਬਦਲ ਦਿੱਤੇ।
ਪੱਤਰਕਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਅਤੇ ਏਜੰਸੀਆਂ ਆਪਣੇ ਬੰਦੇ ਕਿਸਾਨਾਂ ਮੋਰਚੇ ’ਚ ਭੇਜ ਕੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਹਨ, ਕਿਉਂਕਿ ਉਨ੍ਹਾਂ ਦੇ ਬੰਦੇ ਵੀ ਕਿਸਾਨਾਂ ਵਰਗੇ ਬਣ ਕੇ ਆਉਣਗੇ, ਜਿਸ ਦਾ ਕਿਸੇ ਨੂੰ ਪਤਾ ਨਹੀਂ ਲਗੇਗਾ। ਉਨ੍ਹਾਂ ਦੇ ਹੱਥਾਂ ’ਚ ਕਿਸਾਨ ਝੰਡੇ ਹੋਣਗੇ। ਅਜਿਹਾ ਹੋਣ ’ਤੇ ਪੁਲਸ, ਸਰਕਾਰ ਅਤੇ ਦਲਾਲ ਮੀਡੀਆਂ ਨੂੰ ਬਹਾਨਾ ਮਿਲ ਜਾਵੇਗਾ ਇਹ ਕਹਿਣ ਦਾ ਕਿ ਇਹ ਮੋਰਚਾ ਕਿਸਾਨਾਂ ਨੇ ਖ਼ਰਾਬ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ।
ਨਰੇਂਦਰ ਤੋਮਰ ਦੇ ਆਏ ਬਿਆਨ ’ਤੇ ਕਿ ‘ਸਾਨੂੰ ਪਤਾ ਹੈ ਕਿ ਕਿਸਾਨਾਂ ਦੇ ਮਗਰ ਕੁਝ ਬਾਹਰੀ ਤਾਕਤਾਂ ਹਨ, ਜੋ ਇਨ੍ਹਾਂ ਦੇ ਨਾਲ ਖੜ੍ਹੀਆਂ ਹਨ’, ਬਾਰੇ ਲੱਖਾ ਸਿਧਾਣਾ ਨੇ ਹੈਰਾਨੀਜਨਕ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਨਰੇਂਦਰ ਤੋਮਰ ਦਾ ਅਜਿਹਾ ਬਿਆਨ ਆਉਣਾ ਅਤੇ ਰਾਤ ਹਮਲਾ ਕਰਨ ਵਾਲੇ ਵਿਅਕਤੀਆਂ ਦਾ ਫੜੇ ਜਾਣਾ, ਇਸ ਗੱਲ ਨੂੰ ਸੱਚ ਸਾਬਿਤ ਕਰ ਰਿਹਾ ਹੈ ਕਿ ਸਰਕਾਰ ਅਤੇ ਏਜੰਸੀਆਂ ਆਪਣਾ ਪੂਰਾ ਜੋਰ ਲਗਾ ਰਹੀਆਂ ਹਨ ਕਿ ਕਿਸਾਨੀ ਘੋਲ ਨੂੰ ਹਿੰਸਕ ਕਰੋ। ਘੋਲ ਨੂੰ ਹਿੰਸਕ ਕਰਕੇ ਉਹ ਲੋਕਾਂ ਦੀ ਕੁੱਟਮਾਰ ਕਰਨ ਜਾਂ ਕੁਝ ਹੋਰ ਵੀ। ਇਸੇ ਲਈ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਸ਼ਾਂਤੀ ਨਾਲ ਅਤੇ ਸਮਝਦਾਰੀ ਵਰਤਦੇ ਹੋਏ ਹਿੱਸਾ ਲੈਣ ਦੀ ਸਲਾਹ ਦਿੱਤੀ ਹੈ।