ਲੱਖਾ ਬਾਬਾ ਜੇਲ੍ਹ ਕਤਲ ਕਾਂਡ : 4 ਕੈਦੀ ਨੂੰ ਗ੍ਰਿਫ਼ਤਾਰ ਕਰਕੇ ਹਰ ਪਹਿਲੂ ਨੂੰ ਖੰਗਾਲ ਰਿਹੈ CIA ਸਟਾਫ

Wednesday, Jun 09, 2021 - 11:05 AM (IST)

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨੀਂ ਹੋਈ ਗੈਂਗਵਾਰ ਦੌਰਾਨ ਕੈਦੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਨੇ ਚਾਰ ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਰਿਮਾਂਡ ’ਤੇ ਲਿਆਂਦੇ ਗਏ ਕੈਦੀ ਅਵਤਾਰ ਸਿੰਘ ਤਾਰੀ, ਕੈਦੀ ਗੁਰਜੰਟ ਸਿੰਘ, ਕੈਦੀ ਹਰਪ੍ਰੀਤ ਸਿੰਘ ਅਤੇ ਕੈਦੀ ਸੁਲਤਾਨ ਸਿੰਘ ਤੋਂ ਸੀ. ਆਈ. ਏ. ਸਟਾਫ ਬਰੀਕੀ ਨਾਲ ਪੁੱਛਗਿੱਛ ਕਰ ਰਿਹਾ ਹੈ। ਬਹੁਤ ਜਲਦ ਜੇਲ੍ਹ ਵਿੱਚ ਹੋਈ ਇਸ ਹੱਤਿਆ ਦੀ ਸਾਜ਼ਿਸ਼ ਦਾ ਬਲਿਊ ਪ੍ਰਿੰਟ ਤਿਆਰ ਕਰ ਲਿਆ ਜਾਵੇਗਾ।

ਇਸ ਸਾਜ਼ਿਸ਼ ਨਾਲ ਜੁੜੇ ਹਰ ਕੈਦੀ ਅਤੇ ਉਨ੍ਹਾਂ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਲਿਆਂਦੇ ਜਾਣਗੇ, ਜਿਨ੍ਹਾਂ ਦਾ ਇਸ ਹੱਤਿਆ ਨਾਲ ਜੁੜੇ ਹੋਣ ਦਾ ਸਬੂਤ ਮਿਲੇਗਾ। ਫਿਲਹਾਲ ਜਾਂਚ ਕਰ ਰਹੇ ਸੀ. ਆਈ. ਏ. ਸਟਾਫ ਦੇ ਅਧਿਕਾਰੀ ਇਸ ’ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਦੀ ਹੱਤਿਆ ਇਕ ਗਹਿਰੀ ਸਾਜ਼ਿਸ਼ ਦਾ ਨਤੀਜਾ ਹੈ।

ਕੀ ਹੈ ਪੂਰਾ ਮਾਮਲਾ : 
ਐਤਵਾਰ ਦੇਰ ਰਾਤ ਕੇਂਦਰੀ ਜੇਲ੍ਹ ਵਿੱਚ ਹੋਈ ਗੈਂਗਵਾਰ ਦੌਰਾਨ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਦੀ ਕੁੱਟਮਾਰ ਕਰ ਕੇ ਹੱਤਿਆ ਕੀਤੀ ਗਈ ਸੀ, ਜਿਸ ਵਿੱਚ ਉਸ ਦੇ ਦੋ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਦੇਰ ਰਾਤ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਹੱਤਿਆਕਾਂਡ ਵਿੱਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਅਵਤਾਰ ਸਿੰਘ ਤਾਰੀ, ਸੁਲਤਾਨ ਸਿੰਘ, ਗੁਰਜੰਟ ਸਿੰਘ ਅਤੇ ਹਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਸੀ। ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ, ਜਿਸ ਵਿੱਚ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਨੂੰ ਆਪਣੀ ਜਾਨ ਗਵਾਉਣੀ ਪਈ। ਮਾਮਲਾ ਦਰਜ ਹੋਣ ਦੇ ਬਾਅਦ ਇਸ ਦੀ ਜਾਂਚ ਸੀ. ਆਈ. ਏ. ਸਟਾਫ ਨੂੰ ਸੌਂਪ ਦਿੱਤੀ ਗਈ ਸੀ ਅਤੇ ਮਾਮਲੇ ਵਿੱਚ ਸ਼ਾਮਲ ਚਾਰੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ਦੇ ਅਦਾਲਤ ਤੋਂ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆਂਦਾ ਗਿਆ ਹੈ।

ਕੀ ਕਹਿਣਾ ਹੈ ਡੀ. ਸੀ. ਪੀ. ਦਾ?
ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਹੋਈ ਹੱਤਿਆ ਇਕ ਗੰਭੀਰ ਮਾਮਲਾ ਹੈ, ਜਿਸ ’ਤੇ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਨ੍ਹਾਂ ਹਾਲਾਤਾਂ ਵਿੱਚ ਜੇਲ੍ਹ ਦੀ ਬੈਰਕ ਵਿੱਚ ਗੈਂਗਵਾਰ ਤਬਦੀਲ ਹੋਈ ਅਤੇ ਇਕ ਕੈਦੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ’ਤੇ ਅਧਿਕਾਰੀਆਂ ਵੱਲੋਂ ਇਕ ਰਿਪੋਰਟ ਬਣਾਈ ਜਾ ਰਹੀ ਹੈ ।


rajwinder kaur

Content Editor

Related News