ਸੁਖਬੀਰ ਬਾਦਲ ਕੋਲ ਅਜਿਹੀ ਕੋਈ ਪਾਵਰ ਨਹੀਂ ਜੋ ਸਾਨੂੰ ਅਕਾਲੀ ਦਲ ''ਚੋਂ ਕੱਢ ਸਕੇ : ਢੀਂਡਸਾ
Friday, Feb 07, 2020 - 11:49 AM (IST)
ਲਹਿਰਾਗਾਗਾ (ਗਰਗ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਪੂਰੀ ਤਾਕਤ ਝੋਕ ਕੇ ਸੰਗਰੂਰ ਵਿਖੇ ਕੀਤੀ ਗਈ ਰੈਲੀ ਸਰਕਾਰ ਵਿਰੋਧੀ ਨਹੀਂ ਸੀ ਬਲਕਿ ਢੀਂਡਸਾ ਪਰਿਵਾਰ ਦੇ ਵਿਰੁੱਧ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਬਾਦਲ ਬੌਖਲਾਹਟ 'ਚ ਆ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਹਲਕਾ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਹਲਕੇ ਦੇ ਪਿੰਡ ਰਾਏਧਰਾਣਾ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਕੀਤਾ। ਸੁਖਬੀਰ ਬਾਦਲ ਕੋਲ ਅਜਿਹੀ ਕੋਈ ਪਾਵਰ ਨਹੀਂ ਜੋ ਸਾਨੂੰ ਅਕਾਲੀ ਦਲ 'ਚੋਂ ਕੱਢ ਸਕੇ 'ਬਲਕਿ ਸੁਖਬੀਰ ਬਾਦਲ ਨੇ ਤਾਂ ਧੱਕੇ ਨਾਲ ਅਕਾਲੀ ਦਲ ਉੱਪਰ ਕਬਜ਼ਾ ਕੀਤਾ ਹੋਇਆ ਹੈ'' ਜਿਸ ਨੂੰ ਪੰਜਾਬ ਦੀ ਜਨਤਾ ਬਾਦਲ ਮੁਕਤ ਕਰ ਕੇ ਰਹੇਗੀ ਕਿਉਂਕਿ ਅਕਾਲੀ ਦਲ ਸੁਖਬੀਰ ਬਾਦਲ ਦੀ ਨਿੱਜੀ ਜਾਇਦਾਦ ਨਹੀਂ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿਧਾਂਤਾਂ ਦੀ ਸੋਚ 'ਤੇ ਪਹਿਰਾ ਦੇਣ ਵਾਲੇ, ਅਕਾਲੀ ਦਲ ਤੋਂ ਦੁਖੀ ਅਤੇ ਅਕਾਲੀ ਦਲ ਦੀ ਨਾਦਰਸ਼ਾਹੀ ਤਰੀਕੇ ਨਾਲ ਕੱਢੇ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਘਰ ਬੈਠੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰ ਕੇ ਅਸਲ ਅਕਾਲੀ ਦਲ ਨੂੰ ਹੋਂਦ 'ਚ ਲਿਆਉਣਗੇ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਸੀ, ਅਕਾਲੀ ਹੈ ਅਤੇ ਮਰਦੇ ਦਮ ਤੱਕ ਅਕਾਲੀ ਹੀ ਰਹੇਗਾ ਪਰ ਅਕਾਲੀ ਦਲ ਨੂੰ ਸਿਧਾਂਤਕ ਅਕਾਲੀ ਦਲ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਆਪਣੇ ਵੱਲੋਂ ਰਾਜ ਸਭਾ ਜਾਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਅਸਤੀਫਾ ਦੇਣ ਦੀ ਕੋਈ ਤੁਕ ਨਹੀਂ, ਅਸੀਂ ਲੋਕ ਸਭਾ ਅਤੇ ਵਿਧਾਨ ਸਭਾ 'ਚ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਦਾ ਪਰਦਾਫਾਸ਼ ਕਰਨ ਲਈ 23 ਫਰਵਰੀ ਨੂੰ ਸੰਗਰੂਰ ਵਿਖੇ ਜ਼ਿਲਾ ਪੱਧਰੀ ਰੈਲੀ ਰੱਖੀ ਗਈ ਹੈ, ਜਿਸ 'ਚ ਅਗਲੀ ਰੂਪ-ਰੇਖਾ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਸਰਦਾਰ ਢੀਂਡਸਾ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਮਹੀਪਾਲ ਸਿੰਘ ਭੂਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਬਾਦਲ ਸਿੰਘ ਕਲੇਰ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਸੀਤਾ ਰਾਮ ਸਾਬਕਾ ਸਰਪੰਚ ਆਦਿ ਹਾਜ਼ਰ ਸਨ।