3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

Monday, May 04, 2026 - 03:58 PM (IST)

3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ (ਅਨਿਲ): ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਮੈਂਬਰਾਂ ਵੱਲੋਂ ਅੱਜ ਨੈਸ਼ਨਲ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ 3 ਘੰਟੇ ਲਈ ਧਰਨਾ ਲਗਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੇ ਦੌਰਾਨ ਜਾਣਕਾਰੀ ਦਿੰਦੇ ਹੋਏ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਸਾਲ ਜੋ ਹੜ੍ਹ ਆਏ ਸਨ, ਉਸ ਵਿਚ ਹੋਏ ਨੁਕਸਾਨ ਦਾ ਅੱਜ ਤੱਕ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਹੈ।

PunjabKesari

ਇਸ ਦੇ ਰੋਸ ਵਿਚ ਅੱਜ ਆਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਟੋਲ ਪਲਾਜ਼ਾ 'ਤੇ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਆਜ਼ਾਦ ਕਿਸਾਨ ਮੋਰਚਾ ਵੱਲੋਂ ਆਪਣੇ ਪ੍ਰਦਰਸ਼ਨ ਨੂੰ ਹੋਰ ਅੱਗੇ ਤੇਜ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਾਰੇ ਟੋਲ ਪਲਾਜ਼ਾ ਫਰੀ ਕਰ ਦਿੱਤੇ ਜਾਣਗੇ। ਅੱਜ ਆਜ਼ਾਦ ਕਿਸਾਨ ਮੋਰਚੇ ਦੁਆਰਾ ਲਗਾਏ ਗਏ ਧਰਨੇ ਦੇ ਦੌਰਾਨ 3 ਘੰਟੇ ਤੱਕ ਟੋਲ ਪਲਾਜ਼ਾ 'ਤੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਵਸੂਲ ਨਹੀਂ ਕਰਨ ਦਿੱਤਾ ਗਿਆ।


author

Anmol Tagra

Content Editor

Related News