ਲੇਬਰ ਦੀ ਕਮੀ ਤੇ ਮਹਿੰਗੀ ਲੇਬਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਾ ਰਾਹ ਦਿਖਾਇਆ

Tuesday, Jun 08, 2021 - 11:44 PM (IST)

ਲੁਧਿਆਣਾ (ਸਲੂਜਾ)- ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹੁਣ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਣ ਲੱਗੀ ਹੈ। ਇਸ ਦਾ ਪ੍ਰਮੁੱਖ ਕਾਰਨ ਲੇਬਰ ਦੀ ਕਮੀ ਦਾ ਹੋਣਾ ਅਤੇ ਲੇਬਰ ਦਾ ਪਹਿਲਾਂ ਨਾਲੋਂ ਕਿਸੇ ਜ਼ਿਆਦਾ ਮਹਿੰਗਾ ਹੋਣਾ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਹੁਣ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਟਰੈਕਟਰ ਪਾਵਰ ਮਸ਼ੀਨ ਦੀ ਵਰਤੋਂ ਕਰਨ ਲੱਗੇ ਹਨ। ਇਸ ਤਕਨੀਕ ਦੀ ਵਰਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਹਿਲੀ ਜੂਨ ਤੋਂ ਹੋਣ ਲੱਗੀ ਹੈ। ਇਸ ਨਾਲ ਲੇਬਰ ਦਾ ਖਰਚਾ ਅਤੇ ਸਮਾਂ ਵੀ ਬਚਦਾ ਹੈ।

ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਅਵਾ ਦੇ ਕਿਸਾਨ ਸੁਲੱਖਣ ਸਿੰਘ ਨੇ ਦੱਸਿਆ ਕਿ ਲੇਬਰ ਝੋਨੇ ਦੀ ਬਿਜਾਈ ਦਾ ਪ੍ਰਤੀ ਏਕੜ 5000 ਤੋਂ 5500 ਰੁਪਏ ਮੰਗਣ ਲੱਗੀ ਹੈ। ਉਸ ਨੇ ਤਾਂ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਦੇ ਹੋਏ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 6 ਏਕੜ ਜ਼ਿਆਦਾ ਜ਼ਮੀਨ ’ਤੇ ਝੋਨਾ ਬੀਜ ਕੇ ਲੇਬਰ ਦਾ ਖਰਚਾ ਬਚਾ ਲਿਆ ਹੈ। ਇਕ ਕਿਸਾਨ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਉਸ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ ਪ੍ਰਤੀ ਏਕੜ 10000 ਰੁਪਏ ਖਰਚਾ ਪਿਆ ਹੈ, ਜਦੋਂਕਿ ਲੇਬਰ 5000 ਤੋਂ 5500 ਰੁਪਏ ਪ੍ਰਤੀ ਏਕੜ ਮੰਗ ਰਹੀ ਹੈ।

ਇਹ ਵੀ ਪੜ੍ਹੋ- ਖੇਤੀ ਕਾਨੂੰਨਾਂ ਦੀ ਲੜਾਈ ਕੇਂਦਰ ਤੋਂ ਵੀ ਵਧ ਉਨ੍ਹਾਂ ਦੀ ਪਿੱਠ ਥਾਪੜਨ ਵਾਲੀਆਂ ਵਿੱਤੀ ਸੰਸਥਾਵਾਂ ਨਾਲ: ਉਗਰਾਹਾਂ

ਖੇਤਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਖਣੀ ਮਾਲਵਾ ਬੈਲਟ ਵਿਚ 1 ਲੱਖ ਏਕੜ ਤੋਂ ਜ਼ਿਆਦਾ ਰਕਬੇ ’ਤੇ ਕਿਸਾਨਾਂ ਨੇ ਇਸ ਵਾਰ ਸਿੱਧੀ ਬਿਜਾਈ ਤਕਨੀਕ ਨੂੰ ਅਪਣਾ ਕੇ ਹੀ ਝੋਨੇ ਦੀ ਬਿਜਾਈ ਕੀਤੀ ਹੈ। ਪੈਦਾਵਾਰ ਸਬੰਧੀ ਇਸ ਦੇ ਨਤੀਜੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਬਿਹਤਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਥੇ ਇਹ ਦੱਸ ਦੇਈਏ ਕਿ ਪੰਜਾਬ ਦੇ ਜ਼ਿਆਦਾਤਰ ਕਿਸਾਨ ਬਿਹਾਰ, ਯੂ. ਪੀ. ਦੀ ਲੇਬਰ ’ਤੇ ਹੀ ਨਿਰਭਰ ਰਹਿੰਦੇ ਹਨ। ਸਰਕਾਰ ਨੇ 2020 ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਾਜੈਕਟ ਨੂੰ ਲਾਂਚ ਕੀਤਾ ਸੀ ਅਤੇ ਬਾਕਾਇਦਾ ਕਿਸਾਨੀ ਨੂੰ ਇਸ ਦੇ ਲਈ ਪ੍ਰੇਰਿਆ ਵੀ ਸੀ ਕਿਉਂਕਿ ਕੋਵਿਡ-19 ਕਾਰਨ ਵੱਡੀ ਗਿਣਤੀ ਵਿਚ ਲੇਬਰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਬਿਹਾਰ ਅਤੇ ਯੂ. ਪੀ. ਵਿਚ ਸ਼ਿਫਟ ਹੋ ਗਈ ਸੀ, ਜਿਸ ਨਾਲ ਲੇਬਰ ਦੀ ਕਮੀ ਦਾ ਸੰਕਟ ਮੰਡਰਾਉਣ ਲੱਗਾ ਸੀ।

ਪਾਣੀ ਦੀ ਬੱਚਤ ਦੇ ਨਾਲ ਝਾੜ ਵੀ ਵੱਧ ਪ੍ਰਾਪਤ ਹੁੰਦੈ : ਕਿਸਾਨ

ਇਹ ਵੀ ਪੜ੍ਹੋ- ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਮਿਲਣ ਕਰ ਕੇ SC ਵਿਦਿਆਰਥੀਆਂ ਨੂੰ ਰੋਲ ਨੰਬਰ ਨਾ ਮਿਲਣਾ ਮੰਦਭਾਗਾ : ਸੇਖੜੀ

ਬਠਿੰਡਾ ਦੇ ਪਿੰਡ ਬੁਰਜ ਮਾਨਸਾਹੀਆਂ ਦੇ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਸਮਾਂ ਅਤੇ ਲੇਬਰ ਦੇ ਖਰਚੇ ਦੀ ਬੱਚਤ ਹੁੰਦੀ ਹੈ। ਪਹਿਲੀ ਵਾਰ ਜਦੋਂ ਉਸ ਨੇ ਸਿੱਧੀ ਬਿਜਾਈ ਨਾਲ ਝੋਨਾ ਬੀਜਣਾ ਚਾਹਿਆ ਤਾਂ ਉਸ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਬਾਜਕ ਪਿੰਡ ਦੇ ਕਿਸਾਨ ਬਲਦੇਵ ਸਿੰਘ ਤੋਂ ਟਿਪਸ ਪ੍ਰਾਪਤ ਕਰਨ ਤੋਂ ਬਾਅਦ 11 ਏਕੜ ਦੀ ਬਜਾਏ 30 ਏਕੜ ’ਤੇ ਸਿੱਧੀ ਬਿਜਾਈ ਤਕਨੀਕ ਨੂੰ ਅਪਣਾਇਆ ਜਿਸ ਦਾ ਉਸ ਨੂੰ ਫਾਇਦਾ ਮਿਲਿਆ।

ਮੁਕਤਸਰ ਦੇ ਪਿੰਡ ਸੰਗੂ ਧੌਣ ਦੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਤਕਨੀਕ ਕਿਸਾਨੀ ਲਈ ਰੀੜ੍ਹ ਦੀ ਹੱਡੀ ਵਾਂਗ ਹੈ। ਇਸ ਤਕਨੀਕ ਨੂੰ ਅਪਣਾਉਣ ਨਾਲ ਉਸ ਨੂੰ ਪ੍ਰਤੀ ਏਕੜ ਖਰਚਾ 800 ਰੁਪਏ ਪਿਆ। ਇਸ ਤਕਨੀਕ ਦੇ ਕਿਸਾਨੀ ਨੂੰ ਫਾਇਦੇ ਹੀ ਫਾਇਦੇ ਹਨ। ਨਾ ਤਾਂ ਲੇਬਰ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਨਾ ਹੀ ਲੇਬਰ ਦਾ ਕੋਈ ਖਰਚਾ ਪੈਂਦਾ ਹੈ। ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ ਅਤੇ ਇਸ ਦੇ ਨਾਲ ਹੀ ਪਹਿਲਾਂ ਤੋਂ ਕਿਤੇ ਜ਼ਿਆਦਾ ਫਸਲ ਦਾ ਝਾੜ ਵੀ ਪ੍ਰਾਪਤ ਹੋ ਜਾਂਦਾ ਹੈ। ਕਿਸਾਨਾਂ ਨੂੰ ਹੋਰ ਕੀ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 1273 ਨਵੇਂ ਮਾਮਲੇ, 60 ਮਰੀਜ਼ਾਂ ਦੀ ਹੋਈ ਮੌਤ

ਫਾਜ਼ਿਲਕਾ ’ਚ ਪਿਛਲੇ ਸਾਲ 28000 ਏਕੜ ਰਕਬਾ ਸੀ ਸਿੱਧੀ ਬਿਜਾਈ ਵਾਲਾ

ਪੀ. ਏ. ਯੂ. ਵਿਗਿਆਨੀ ਡਾ. ਐੱਮ. ਐੱਸ. ਭੁੱਲਰ ਨੇ ਵੀ ਕਿਸਾਨੀ ਨੂੰ ਝੋਨੇ ਦੀ ਬਿਜਾਈ ਦੌਰਾਨ ਬਾਰਿਸ਼ ਦੇ ਸੀਜ਼ਨ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਜਦੋਂਕਿ ਫਾਜ਼ਿਲਕਾ ਤੇ ਮੁੱਖ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਅਧੀਨ ਫਾਜ਼ਿਲਕਾ ਵਿਚ ਪਿਛਲੇ ਸਾਲ 28000 ਏਕੜ ਰਕਬਾ ਸੀ ਤਾਂ ਇਸ ਵਾਰ 50 ਹਜ਼ਾਰ ਏਕੜ ਤੱਕ ਵਧਾਉਣ ਦਾ ਟਾਰਗੇਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਕਿਸਾਨੀ ਨੂੰ ਸਿੱਧੀ ਬਿਜਾਈ ਤਕਨੀਕ ਦੀ ਜਾਣਕਾਰੀ ਨਾਲ ਲੈਸ ਕਰਨ ਲਈ ਪ੍ਰੇਰਿਆ ਵੀ ਜਾ ਰਿਹਾ ਹੈ।


Bharat Thapa

Content Editor

Related News