ਕੈਨੇਡਾ ’ਚ ਲੇਬਰ 5 ਗੁਣਾ ਸਸਤੀ, ਵਿਦਿਆਰਥੀ ਹੋਏ ਪ੍ਰੇਸ਼ਾਨ, ਗੁਰਦੁਆਰਿਆਂ ’ਚ ਲੰਗਰ ਛਕ ਕੇ ਕਰ ਰਹੇ ਗੁਜ਼ਾਰਾ

Monday, Sep 18, 2023 - 06:35 PM (IST)

ਕੈਨੇਡਾ ’ਚ ਲੇਬਰ 5 ਗੁਣਾ ਸਸਤੀ, ਵਿਦਿਆਰਥੀ ਹੋਏ ਪ੍ਰੇਸ਼ਾਨ, ਗੁਰਦੁਆਰਿਆਂ ’ਚ ਲੰਗਰ ਛਕ ਕੇ ਕਰ ਰਹੇ ਗੁਜ਼ਾਰਾ

ਲੁਧਿਆਣਾ (ਰਾਮ) : ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ਜਾਣ ਦੀ ਇੱਛਾ ਵਧਦੀ ਜਾ ਰਹੀ ਹੈ। ਕੈਨੇਡਾ ਜਾ ਕੇ ਪੜ੍ਹਾਈ ਕਰਨਾ ਅਤੇ ਫਿਰ ਉੱਥੇ ਪੀ. ਆਰ. ਪ੍ਰਾਪਤ ਕਰਨਾ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦਾ ਸੁਪਨਾ ਬਣ ਗਿਆ ਹੈ। ਪੰਜਾਬੀਆਂ ਨੂੰ ਉਨ੍ਹਾਂ ਦੀਆਂ ਚੰਗੀਆਂ ਸਮਾਜਿਕ ਕਦਰਾਂ-ਕੀਮਤਾਂ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਕਰ ਕੇ ਵਿਕਸਤ ਦੇਸ਼ਾਂ ’ਚ ਪੰਜਾਬੀ ਕਾਮਿਆਂ ਅਤੇ ਵਿਦਿਆਰਥੀਆਂ ਦੀ ਹਮੇਸ਼ਾ ਮੰਗ ਰਹੀ ਹੈ। ਦੂਜੇ ਪਾਸੇ ਪੰਜਾਬੀ ਵੀ ਬਿਹਤਰ ਮੌਕਿਆਂ ਅਤੇ ਬਿਹਤਰ ਜੀਵਨ ਸ਼ੈਲੀ ਲਈ ਵਿਦੇਸ਼ ਜਾਣਾ ਪਸੰਦ ਕਰਦੇ ਹਨ। ਪਿਛਲੇ ਕੁਝ ਦਹਾਕਿਆਂ ’ਚ, ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਇਕ ਪ੍ਰਸਿੱਧ ਸਥਾਨ ਵਜੋਂ ਉੱਭਰਿਆ ਹੈ। ਪੰਜਾਬ ਤੋਂ ਹਰ ਸਾਲ ਲੱਖਾਂ ਵਿਦਿਆਰਥੀ ਉੱਚ ਸਿੱਖਿਆ ਲਈ ਕੈਨੇਡਾ ਜਾ ਰਹੇ ਹਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਸਾਨੀ ਨਾਲ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਨਾਗਰਿਕਤਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ ਅਤੇ ਇਸੇ ਲਈ ਕੈਨੇਡਾ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਆਪਣੇ ਆਪ ’ਚ ਇਕ ਵੱਡਾ ਕਾਰੋਬਾਰ ਬਣ ਗਿਆ ਹੈ। ਇਕ ਸਰਵੇਖਣ ਰਿਪੋਰਟ ਅਨੁਸਾਰ 2022 ’ਚ 1.63 ਲੱਖ ਪੰਜਾਬੀ ਵਿਦਿਆਰਥੀ ਕੈਨੇਡਾ ਗਏ ਸਨ। ਇਸ ਕਾਰਨ ਹੁਣ ਉੱਥੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵਧ ਗਈ ਹੈ। ਹੁਣ ਉੱਥੋਂ ਦੀਆਂ ਕੰਪਨੀਆਂ ਨੇ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਮਜ਼ਦੂਰੀ 5 ਗੁਣਾ ਸਸਤੀ ਹੋ ਗਈ ਹੈ, ਜਿਸ ਕੰਮ ਲਈ ਪਹਿਲਾਂ 2.50 ਡਾਲਰ ਮਿਲਦੇ ਸਨ, ਹੁਣ ਉਸੇ ਕੰਮ ਲਈ ਅੱਧੇ ਡਾਲਰ ਹੀ ਮਿਲ ਰਹੇ ਹਨ। ਕੁੱਲ ਮਿਲਾ ਕੇ ਕਹਾਵਤ ਹੈ, ‘ਦੂਰ ਕੇ ਢੋਲ ਸੁਹਾਵਣੇ’ ਜੋ ਇਸ ਵਰਤਾਰੇ ’ਤੇ ਲਾਗੂ ਹੁੰਦੀ ਹੈ। ਕੈਨੇਡਾ ਜਾਣਾ ਆਸਾਨ ਹੈ ਪਰ ਉੱਥੋਂ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰ ਕੇ ਜੀਵਨ ਜਿਊਣਾ ਵੀ ਓਨਾ ਹੀ ਔਖਾ ਹੈ। ਹਾਲ ਹੀ ’ਚ ਕੈਨੇਡਾ ਦੀ ਟਰੂਡੋ ਸਰਕਾਰ ਨੇ ਕੁਝ ਨੀਤੀਆਂ ’ਚ ਬਦਲਾਅ ਕੀਤਾ ਹੈ। ਇਸ ਕਾਰਨ ਭਾਰਤੀ ਵਿਦਿਆਰਥੀ ਚਿੰਤਤ ਹਨ। ਕੈਨੇਡਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ, ਜਿਨ੍ਹਾਂ ’ਚ ਪੰਜਾਬੀ ਵਿਦਿਆਰਥੀ ਸਭ ਤੋਂ ਵੱਧ ਹਨ, ਨੇ ਕੈਨੇਡਾ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕੀਤੇ ਹਨ। 

ਇਹ ਵੀ ਪੜ੍ਹੋ : ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਟੀਮ ’ਚ ਕਈ ਸੀਨੀਅਰ ਨੇਤਾਵਾਂ ਨੂੰ ਮਿਲਿਆ ਸਥਾਨ

ਪੰਜਾਬੀ ਵਿਦਿਆਰਥੀ ਨਾ ਰਾਸ਼ਨ ਲੈ ਪਾ ਰਹੇ ਤੇ ਨਾ ਹੀ ਕਿਰਾਇਆ ਦੇ ਪਾ ਰਹੇ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਹਾਲਾਤ ਇਹ ਬਣ ਗਏ ਹਨ ਕਿ ਪੰਜਾਬੀ ਵਿਦਿਆਰਥੀਆਂ ਨੂੰ ਮਜ਼ਦੂਰੀ ਦੀਆਂ ਨੌਕਰੀਆਂ ਨਹੀਂ ਮਿਲ ਰਹੀਆਂ। ਜਿਨ੍ਹਾਂ ਦੇ ਹੱਥਾਂ ’ਚ ਕੁਝ ਹੁਨਰ ਹੁੰਦਾ ਹੈ, ਉਹ ਹੀ ਇੱਥੇ ਕੁਝ ਕੰਮ ਕਰ ਸਕਦੇ ਹਨ ਪਰ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਪੰਜਾਬੀ ਵਿਦਿਆਰਥੀਆਂ ਕੋਲ ਮਹੀਨਾਵਾਰ ਰਾਸ਼ਨ ਖਰੀਦਣ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਦਾ ਕਿਰਾਇਆ ਦੇਣਾ ਵੀ ਮੁਸ਼ਕਲ ਹੋ ਗਿਆ ਹੈ। ਬਹੁਤ ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਗੁਰਦੁਆਰਿਆਂ ’ਤੇ ਨਿਰਭਰ ਹਨ। ਉਹ ਗੁਰਦੁਆਰਿਆਂ ’ਚ ਲੰਗਰ ਛਕ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਆਪਣੇ ਵਤਨ ਪਰਤਣਾ ਵੀ ਉਨ੍ਹਾਂ ਲਈ ਏਨਾ ਆਸਾਨ ਨਹੀਂ ਹੈ ਕਿਉਂਕਿ ਪਰਿਵਾਰ ਨੇ ਜਾਂ ਤਾਂ ਜ਼ਮੀਨ ਵੇਚ ਕੇ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜ ਦਿੱਤੇ ਹਨ ਜਾਂ ਫਿਰ ਵਿਆਜ ’ਤੇ ਪੈਸੇ ਲੈ ਲਏ ਹਨ।

ਇਹ ਵੀ ਪੜ੍ਹੋ : ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

ਲੱਖਾਂ ਰੁਪਏ ਖਰਚਣ ਦੇ ਬਾਵਜੂਦ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਬਣਿਆ ਹੋਇਆ ਹੈ
ਕੈਨੇਡਾ ਰਹਿੰਦੇ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਹੁਣ ਮੈਂ ਨਾ ਤਾਂ ਕੁਝ ਕਮਾ ਸਕਦਾ ਹਾਂ ਅਤੇ ਨਾ ਹੀ ਕੁਝ ਬਚਾ ਸਕਦਾ ਹਾਂ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਹਾਲਾਤ ਕਦੋਂ ਸੁਧਰਣਗੇ ਅਤੇ ਹੁਣ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਹਜ਼ਾਰਾਂ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਸੀਂ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਾਂ ਅਤੇ ਬਦਲੇ ’ਚ ਕੁਝ ਨਹੀਂ ਲੈਂਦੇ ਹਾਂ। ਕੈਨੇਡੀਅਨ ਸਰਕਾਰ ਹੁਣ ਸਾਨੂੰ ਮਾਨਤਾ ਨਹੀਂ ਦੇ ਰਹੀ ਹੈ ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਲੋਕ ਹਾਂ, ਜਿਨ੍ਹਾਂ ਨੇ ਤੁਹਾਡੀ ‘ਲੇਬਰ ਦੀ ਘਾਟ’ ਨੂੰ ਹੱਲ ਕਰਨ ’ਚ ਮਦਦ ਕੀਤੀ ਹੈ।
ਕੈਨੇਡਾ ’ਚ ਹਰ ਕੰਮ ਲਈ ਇਕ ਨਿਸ਼ਚਿਤ ਮਾਣਭੱਤਾ ਹੈ, ਜੋ ਪ੍ਰਤੀ ਘੰਟੇ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣ ਲਈ ਨੀਤੀ ਤਾਂ ਬਦਲੀ ਪਰ ਨੀਤੀ ’ਚ ਮਾਣਭੱਤੇ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ ਇਸ ਨੀਤੀ ਦੀ ਦੁਰਵਰਤੋਂ ਕਰ ਕੇ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਘੱਟ ਮਾਣਭੱਤੇ ’ਤੇ ਜ਼ਿਆਦਾ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਕੈਨੇਡਾ ਸਰਕਾਰ ਨੇ ਆਰਥਿਕ ਸਥਿਤੀ ਨਾਲ ਨਜਿੱਠਣ ਲਈ ਵਿਦਿਆਰਥੀਆਂ ਦੀ ਦੁਰਵਰਤੋਂ ਕੀਤੀ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਮਜ਼ਦੂਰੀ ਦੇ ਸਸਤੇ ਸਰੋਤ ਵਜੋਂ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਇਕ ਵਾਰ ਉਨ੍ਹਾਂ ਦੀ ਵਰਤੋਂ ਹੋ ਜਾਂਦੀ ਹੈ, ਇਹ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਦੀ ਹੈ। ਦਰਅਸਲ, ਪਿਛਲੇ ਸਾਲ ਕੈਨੇਡਾ ’ਚ ਜਸਟਿਨ ਟਰੂਡੋ ਦੀ ਸਰਕਾਰ ਨੇ ਲਗਭਗ 50 ਹਜ਼ਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਲਈ ਗ੍ਰੈਜੂਏਸ਼ਨ ਤੋਂ ਬਾਅਦ 18 ਮਹੀਨੇ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਕੈਨੇਡੀਅਨ ਸਰਕਾਰ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਮਾੜੀ ਆਰਥਿਕ ਸਥਿਤੀ ਨਾਲ ਨਜਿੱਠਣ ਲਈ ਕੈਨੇਡੀਅਨ ਸਰਕਾਰ ਅਤੇ ਕਾਰਪੋਰੇਟ ਕੰਪਨੀਆਂ ਨੂੰ ‘ਸਸਤੀ ਮਜ਼ਦੂਰੀ’ ਦੀ ਲੋੜ ਸੀ ਅਤੇ ਇਹੀ ਕਾਰਨ ਸੀ ਕਿ ਉਨ੍ਹਾਂ ਨੇ ਇਹ ਨਵੀਂ ਨੀਤੀ ਲਾਗੂ ਕੀਤੀ। ਇਸ ਨੀਤੀ ਦੇ ਫਾਇਦੇ ਵੀ ਸਨ, ਭਾਰਤੀ ਵਿਦਿਆਰਥੀ ਆਪਣੇ ਖਾਲੀ ਸਮੇਂ ’ਚ ਨੌਕਰੀਆਂ ਕਰਨ ਲੱਗ ਪਏ ਅਤੇ ਘੱਟ ਮਿਹਨਤਾਨੇ ’ਤੇ ਵੀ ਕੰਮ ਕਰਨ ਲੱਗੇ। ਇਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹੋਇਆ ਅਤੇ ਇਹ ਆਸ ਵੀ ਬੱਝੀ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਚੰਗੇ ਮੌਕੇ ਮਿਲਣਗੇ ਪਰ ਕੈਨੇਡਾ ਦੀ ਆਰਥਿਕਤਾ ’ਚ ਸੁਧਾਰ ਹੋਣ ਕਾਰਨ ਸਰਕਾਰ ਨੇ ਬਿਨਾਂ ਕਿਸੇ ਵਿਆਖਿਆ ਦੇ ਇਸ ਨੀਤੀ ਨੂੰ ਬੰਦ ਕਰ ਦਿੱਤਾ। ਹੁਣ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ’ਚ ਸਰਕਾਰ ਪ੍ਰਤੀ ਗੁੱਸਾ ਹੈ ਕਿਉਂਕਿ ਅੱਜ ਸਰਕਾਰ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਨੂੰ ਇਕੱਲਿਆਂ ਛੱਡ ਦਿੱਤਾ ਹੈ। ਕੈਨੇਡੀਅਨ ਸਥਾਨਕ ਲੋਕ ਬੇਰੋਜ਼ਗਾਰੀ ਨਾਲ ਜੂਝ ਰਹੇ ਹਨ, ਜਦਕਿ ਭਾਰਤੀ ਵਿਦਿਆਰਥੀਆਂ ਨੂੰ ਐਂਟਰੀ-ਪੱਧਰ ਦੀਆਂ ਨੌਕਰੀਆਂ ’ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸਥਾਨਕ ਨਾਗਰਿਕਾਂ ਨਾਲੋਂ ਘੱਟ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸਥਾਪਿਤ ਮਿਹਨਤਾਨੇ ਤੋਂ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਲੰਬੇ ਸਮੇਂ ਤੱਕ ਕੰਮ ਕਰਵਾਇਆ ਜਾਂਦਾ ਹੈ। ਹਾਲਾਂਕਿ, ਜਦੋਂ ਉਨ੍ਹਾਂ ਦੇ ਵਰਕ ਵੀਜ਼ੇ ਦੀ ਮਿਆਦ ਕੁਝ ਮਹੀਨਿਆਂ ਬਾਅਦ ਖਤਮ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਨਾ ਸਿਰਫ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਨ੍ਹਾਂ ਨੂੰ ਦੇਸ਼ ਛੱਡਣ ਲਈ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਚੰਗੀ ਖ਼ਬਰ, ਹਰ ਸ਼ਨੀਵਾਰ ਸਵੇਰੇ 7 ਵਜੇ ਅੰਮ੍ਰਿਤਸਰ ਤੋਂ ਚੱਲੇਗੀ ਵ੍ਰਿੰਦਾਵਨ ਹੈਰੀਟੇਜ ਬੱਸ ਯਾਤਰਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Anuradha

Content Editor

Related News