ਮਜ਼ਦੂਰ ਦਿਵਸ : ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆਪਣੇ ਹੱਕਾਂ ਲਈ ਲੜ ਰਹੇ ਹਨ ਦੇਸ਼ ਦੇ ਮਜ਼ਦੂਰ

05/01/2019 11:21:01 AM

ਬਠਿੰਡਾ (ਰਾਜਵੰਤ)—ਇਕ ਪਾਸੇ ਜਿੱਥੇ 1 ਮਈ ਨੂੰ ਪੂਰੇ ਵਿਸ਼ਵ ਅੰਦਰ ਕੌਮੀ ਮਜ਼ਦੂਰ ਦਿਵਸ ਨੂੰ ਮਨਾਇਆ ਜਾਂਦਾ ਹੈ, ਉਥੇ ਹੀ ਪੰਜਾਬ ਦੇ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ ਹੈ। ਅੱਜ ਸਾਡੇ ਦੇਸ਼ ਦਾ ਮਜ਼ਦੂਰ (ਕਿਰਤੀ) ਬੇਹੱਦ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਕਿਉਂਕਿ ਬੇਰੋਜ਼ਗਾਰੀ ਤੇ ਮਹਿੰਗਾਈ ਵਧ ਗਈ ਹੈ। ਨੌਜਵਾਨ ਹੁਣ ਥਾਂ-ਥਾਂ ਆਪਣੇ ਲਈ ਰੋਜ਼ਗਾਰ ਟੋਹਣ ਲੱਗੇ ਹਨ। ਪੰਜਾਬ ਦੇ ਅਜਿਹੇ ਹਾਲਾਤ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਉਚੇ ਪੱਧਰ ਤੋਂ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਤਾਂ ਚਲਾਉਂਦੀ ਹੈ, ਜਦਕਿ ਪੰਜਾਬ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਪੰਜਾਬ ਦਾ ਕਿਰਤੀ ਦਿਨ ਭਰ ਦੀ ਮਿਹਨਤ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੋ ਪਾਉਂਦਾ। ਜਿੱਥੇ ਸਾਡੇ ਪੰਜਾਬ ਅੰਦਰ ਕਿਸਾਨ ਕਰਜ਼ਾਈ ਹੋਏ ਪਏ ਹਨ, ਉਥੇ ਹੀ ਅੱਜ ਹਰ ਮਜ਼ਦੂਰ ਕਰਜ਼ੇ ਦੇ ਜਾਲ 'ਚ ਫਸਦਾ ਜਾ ਰਿਹਾ ਹੈ। ਇਹ ਹਾਲਤ ਸੂਬੇ ਦੇ ਮਜ਼ਦੂਰਾਂ ਦੀ ਆਜ਼ਾਦੀ ਵੇਲੇ ਤੋਂ ਹਨ ਕਿਉਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਮਜ਼ਦੂਰ ਵਰਗ 'ਤੇ ਸਵੱਲੀ ਨਜ਼ਰ ਨਹੀਂ ਮਾਰੀ ਜਾਂਦੀ। ਮਜ਼ਦੂਰ ਹਿੱਤ ਲਈ ਬਣਦੀਆਂ ਸਰਕਾਰੀ ਸਕੀਮਾਂ ਵੀ ਮਜ਼ਦੂਰਾਂ ਤਕ ਚੰਗੀ ਤਰ੍ਹਾਂ ਨਹੀਂ ਪਹੁੰਚਦੀਆਂ, ਜਿਸ ਕਰ ਕੇ ਮਜ਼ਦੂਰ ਵਰਗ ਦਿਨ-ਬ-ਦਿਨ ਪਿੱਛੜਦਾ ਹੀ ਜਾ ਰਿਹਾ ਹੈ। ਸਾਡੇ ਦੇਸ਼ ਅੰਦਰ ਹਰ ਸਾਲ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਥਾਂ-ਥਾਂ 'ਤੇ ਵੱਖ-ਵੱਖ ਮੰਤਰੀ ਮਜ਼ਦੂਰਾਂ ਦੇ ਹਿੱਤਾਂ 'ਚ ਭਾਸ਼ਣ ਦਿੰਦੇ ਹਨ ਪਰ ਸੱਚਾਈ ਤਾਂ ਇਹ ਹੈ ਕਿ ਇਸ ਤੋਂ ਬਾਅਦ ਮਜ਼ਦੂਰ ਦੀ ਬਾਤ ਅਗਲੇ ਸਾਲ ਦੇ ਮਈ ਮਹੀਨੇ 'ਚ ਪੁੱਛੀ ਜਾਂਦੀ ਹੈ। ਪੰਜਾਬ ਅੰਦਰ ਲੱਖਾਂ ਦੀ ਗਿਣਤੀ 'ਚ ਮਜ਼ਦੂਰ ਹਨ। ਇਸ ਤੋਂ ਇਲਾਵਾ ਹਰ ਸਾਲ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣਾ ਘਰ ਛੱਡ ਕੇ ਪੰਜਾਬ ਅੰਦਰ ਆਉਂਦੇ ਹਨ। ਸਾਲ ਭਰ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀਆਂ ਮੰਡੀਆਂ ਤੇ ਖੇਤਾਂ 'ਚ ਆਉਣਾ ਜਾਣਾ ਲੱਗਾ ਰਹਿੰਦਾ ਹੈ।

ਇਕ ਪਾਸੇ ਸਾਡੇ ਪੰਜਾਬ ਦੇ ਕਿਰਤੀ ਮਜ਼ਦੂਰ ਦਿਵਸ 'ਤੇ ਖ਼ੁਦ ਨੂੰ ਮਜ਼ਦੂਰ ਹੋਣ ਦਾ ਫ਼ਖਰ ਮਹਿਸੂਸ ਕਰਦੇ ਹਨ, ਉਥੇ ਹੀ ਦੂਜੇ ਪਾਸੇ ਇਸ ਵੇਲੇ ਮੰਡੀਆਂ 'ਚ ਕੰਮ ਕਰਦੇ ਕਿਰਤੀ (ਮਜ਼ਦੂਰ) 1 ਮਈ ਦੇ ਇਸ ਦਿਹਾੜੇ ਤੋਂ ਸੱਖਣੇ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਮੈਨੀਫੈਸਟੋ ਦੌਰਾਨ ਪੰਜਾਬ ਦੇ ਸਮੂਹ ਕਿਰਤੀਆਂ (ਮਜ਼ਦੂਰਾਂ) ਦੇ ਕਰਜ਼ੇ ਮੁਆਫ਼ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਦੇ ਇਸ ਵਾਅਦੇ ਨਾਲ ਕਿਰਤੀਆਂ ਨੂੰ ਕਾਫੀ ਉਤਸ਼ਾਹ ਮਿਲਿਆ ਸੀ ਪਰ ਹੁਣ ਜਦੋਂ ਸਰਕਾਰ ਆਪਣੇ ਵਾਅਦਿਆਂ ਤੋਂ ਪਲਟ ਰਹੀ ਹੈ ਤਾਂ ਅਜਿਹੇ 'ਚ ਮਜ਼ਦੂਰ ਵਰਗ ਵੀ ਸਰਕਾਰੀ ਮਾਰਾਂ ਹੇਠ ਆਉਣ ਲੱਗਾ ਹੈ। ਅੱਜ ਸਿੱਖਿਆ, ਰੋਜ਼ਗਾਰ ਤੇ ਸਰਕਾਰੀ ਸਕੀਮਾਂ ਦੇ ਨਾਂ 'ਤੇ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ, ਜਦੋਂਕਿ ਲੇਬਰ ਵਿਭਾਗ ਹੋਣ ਦੇ ਬਾਵਜੂਦ ਵੀ ਮਜ਼ਦੂਰ ਆਪਣੇ ਹੱਕਾਂ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।


Shyna

Content Editor

Related News