ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ''ਸਿਟ'' ਤੋਂ ਹਟਾਇਆ ਹੀ ਨਹੀਂ ਗਿਆ ਸੀ : ਰੰਧਾਵਾ

Monday, Jun 03, 2019 - 06:36 PM (IST)

ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ''ਸਿਟ'' ਤੋਂ ਹਟਾਇਆ ਹੀ ਨਹੀਂ ਗਿਆ ਸੀ : ਰੰਧਾਵਾ

ਪਟਿਆਲਾ : ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਤੋਂ ਕਦੇ ਹਟਾਇਆ ਹੀ ਨਹੀਂ ਗਿਆ ਸੀ, ਉਨ੍ਹਾਂ ਨੂੰ ਸਿਰਫ ਕੁਝ ਸਮੇਂ ਲਈ ਅਹੁਦੇ (ਵਿੱਦ ਡਰਾਅ) ਤੋਂ ਵੱਖ ਕੀਤਾ ਗਿਆ ਸੀ। ਪਟਿਆਲਾ ਵਿਖੇ ਜੇਲ ਟ੍ਰੇਨਿੰਗ ਸਕੂਲ ਦੇ ਦੌਰੇ ਦੌਰਾਨ ਰੰਧਾਵਾ ਨੇ ਕਿਹਾ ਕਿ ਲਿਖਤੀ ਹੁਕਮਾਂ ਵਿਚ ਵੀ ਐੱਸ. ਆਈ. ਟੀ. ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਸਬੰਧੀ ਕਿਤੇ ਜ਼ਿਕਰ ਨਹੀਂ ਹੋਇਆ ਹੈ। ਐੱਸ. ਆਈ. ਟੀ. ਦੇ ਹੋ ਰਹੇ ਵਿਰੋਧ 'ਤੇ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਪੁਲਸ ਅਧਿਕਾਰੀ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ। ਪੁਲਸ ਅਫਸਰ ਦੇਸ਼ ਦੀ ਅਖੰਡਤਾ ਲਈ ਕਸਮ ਖਾਂਦੇ ਹਨ, ਨਾ ਕਿ ਕਿਸੇ ਪਾਰਟੀ ਜਾਂ ਲੀਡਰ ਲਈ। ਇਸ ਲਈ ਵਿਰੋਧੀਆਂ ਵਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। 
ਜੇਲ ਮੰਤਰੀ ਨੇ ਕਿਹਾ ਕਿ ਅਦਾਲਤ ਨੇ ਵੀ ਐੱਸ. ਆਈ. ਟੀ. ਵਲੋਂ ਪੇਸ਼ ਕੀਤਾ ਗਿਆ ਚਲਾਨ ਮਨਜ਼ੂਰ ਕਰ ਲਿਆ ਹੈ। ਬਾਦਲ ਐੱਸ. ਆਈ. ਟੀ. ਤੋਂ ਇਸ ਲਈ ਡਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਦਾ ਮੂਖੌਟਾ ਉਤਰ ਗਿਆ ਹੈ। ਰੰਧਾਵਾ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਮੁੱਖ ਮੰਤਰੀ ਨੇ ਆਪਣਾ ਕੰਮ ਕਰ ਦਿੱਤਾ ਹੈ ਅਤੇ ਹੁਣ ਬਾਦਲਾਂ ਨੂੰ ਅਦਾਲਤ ਵਿਚ ਜਾ ਕੇ ਆਪਣੀ ਸਫਾਈ ਦੇਣੀ ਚਾਹੀਦੀ ਹੈ।


author

Gurminder Singh

Content Editor

Related News