ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ, ਕਿਹਾ ਲਾਰੈਂਸ ਬਿਸ਼ਨੋਈ ਨੂੰ ਕੀਤਾ ਜਾ ਰਿਹੈ ਗਲੈਮੇਰਾਈਸ
Wednesday, Jun 29, 2022 - 06:35 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਖੂਬ ਹੰਗਾਮਾ ਭਰੀ ਰਹੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਨੂੰ ਅੰਮ੍ਰਿਤਸਰ ਵਿਚ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਗਿਆ ਹੈ, ਉਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਈ ਹੈ, ਇਸ ’ਤੇ ਜਦੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਜਾਣਾ ਸੀ ਤਾਂ ਸ਼ਹਿਰ ਵਿਚ ਕੁੱਝ ਪੁਲਸ ਮੁਲਾਜ਼ਮਾਂ ਨੇ ਵੀ.ਵੀ. ਆਈ. ਪੀ. ਡਿਊਟੀ ਦੇ ਟੈਗ ਲਗਾਇਆ ਹੋਇਆ ਸੀ। ਪੁਲਸ ਇਕ ਖਤਰਨਾਕ ਗੈਂਗਸਟਰ ਨੂੰ ਗਲੈਮੇਰਾਈਸ ਕਰ ਰਹੀ ਹੈ। ਜਿਸ ਨਾਲ ਨੌਜਵਾਨਾਂ ਵਿਚ ਗ਼ਲਤ ਸੰਦੇਸ਼ ਜਾਂਦਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਨੇ ਜੱਗੂ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ
ਦਰਅਸਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਿਆ ਹੋਇਆ ਹੈ। ਜਿਸ ਨੂੰ ਪੁਲਸ ਵਲੋਂ ਸੁਰੱਖਿਆ ’ਚ ਵੀ. ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਪੁਲਸ ਗੈਂਗਸਟਰ ਰਾਣਾ ਕੰਧੋਵਾਲੀਆ ਕਤਲ ਕੇਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ। ਪੇਸ਼ੀ ਦੌਰਾਨ ਉਸ ਦੇ ਗਿਰੋਹ ਦੇ ਸਰਗਣੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਨਾ ਕਰ ਸਕਣ, ਇਸ ਲਈ ਸੋਮਵਾਰ ਰਾਤ ਪੁਲਸ ਨੇ ਪੂਰੇ ਅਦਾਲਤੀ ਚੌਕ ’ਚ ਡੇਢ ਸੌ ਤੋਂ ਵੱਧ ਪੁਲਸ ਮੁਲਾਜ਼ਮ ਅਤੇ ਕਮਾਂਡੋ ਤਾਇਨਾਤ ਕਰ ਦਿੱਤੇ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਡਿਊਟੀ ਸਲਿੱਪ ’ਚ ਵੀ. ਵੀ. ਆਈ. ਪੀ. ਵਿਜ਼ਿਟ ਟੂ ਅੰਮ੍ਰਿਤਸਰ ਸਿਟੀ ਲਿਖਿਆ ਹੋਇਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਗੁਰਦੀਪ ਤੇ ਰਾਜਵੀਰ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।