ਸਿੱਖ ਪੰਥ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ : ਜਥੇ. ਦਾਦੂਵਾਲ
Sunday, Apr 25, 2021 - 08:48 PM (IST)
ਤਲਵੰਡੀ ਸਾਬੋ,(ਮੁਨੀਸ਼)- ਬਰਗਾੜੀ ਬੇਅਦਬੀ ਕਾਂਡ ਸਬੰਧੀ 2015 ਤੋਂ ਬਾਅਦ ਸ਼ਾਂਤਮਈ ਧਰਨਾ ਲਗਾ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗ ਰਹੀਆਂ ਸਿੱਖ ਸੰਗਤਾਂ ਉੱਪਰ ਪੁਲਸ ਨੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾਂ ਜ਼ਖ਼ਮੀ ਕਰ ਦਿੱਤੇ ਸਨ। ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਉੱਪਰ ਬਣਾਈ ਸਪੈਸ਼ਲ ਜਾਂਚ ਟੀਮ ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਬੜੀ ਈਮਾਨਦਾਰੀ ਨਾਲ ਨਿਰਪੱਖ ਜਾਂਚ ਕੀਤੀ ਗਈ ਸੀ, ਜਿਸ ਜਾਂਚ ਉੱਪਰ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਜ਼ਖ਼ਮੀ ਹੋਏ ਸਿੰਘ ਘਟਨਾ ਦੇ ਗਵਾਹ ਅਤੇ ਪੂਰੇ ਸਿੱਖ ਪੰਥ ਨੂੰ ਤਸੱਲੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁੱਖ ਅਸਥਾਨ ਗੁਰਦੁਆਰਾ ਦਾਦੂ ਸਾਹਿਬ ਤੋਂ ਕੀਤਾ ਗਿਆ।
ਇਹ ਵੀ ਪੜ੍ਹੋ- ਕਾਰ ’ਚੋਂ ਬਰਾਮਦ ਅਣਪਛਾਤੀ ਲਾਸ਼ ਦੀ ਹੋਈ ਪਛਾਣ, ਪਿੰਡ ਨਾਗਰਾ ਦੇ ਮੌਜੂਦਾ ਸਰਪੰਚ ਦਾ ਸੀ ਪੁੱਤਰ
ਦਾਦੂਵਾਲ ਨੇ ਕਿਹਾ ਕਿ ਤਾਜ਼ਾ ਘਟਨਾਕ੍ਰਮ ਵਿਚ ਬਾਦਲ-ਕੈਪਟਨ ਦੀ ਮਿਲੀਭੁਗਤ ਸਾਹਮਣੇ ਆਈ ਹੈ, ਜਿਸ ਨੇ ਨਿਆਂਪਾਲਿਕਾ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਵੱਲੋਂ ਤਿਆਰ ਕੀਤੀ ਹੋਈ ਨਿਰਪੱਖ ਰਿਪੋਰਟ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ, ਜਿਸ ਨਾਲ ਇਨਸਾਫ਼ ਦੀ ਉਡੀਕ ਕਰ ਰਹੇ ਸ਼ਹੀਦ ਪਰਿਵਾਰਾਂ ਅਤੇ ਸਮੁੱਚੇ ਇਨਸਾਫ਼ ਪਸੰਦ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਰਲੇ ਹੋਏ ਹਨ। ਜਿਸ ਤਰ੍ਹਾਂ ਇਕ ਈਮਾਨਦਾਰ ਪੁਲਸ ਅਫਸਰ ਨੂੰ ਜਾਂਚ ਤੋਂ ਪਾਸੇ ਕਰ ਦਿੱਤਾ ਗਿਆ ਹੈ, ਇਸ ਸਾਰੇ ਘਟਨਾਕ੍ਰਮ ਵਿਚ ਭ੍ਰਿਸ਼ਟ ਸਿਆਸੀ ਗਠਜੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਸ ਤਰੀਕੇ ਨਾਲ ਨਿਆਂਪਾਲਿਕਾ ਵੱਲੋਂ ਜੱਜਮੈਂਟ ਵਿਚ ਟਿੱਪਣੀਆਂ ਕੀਤੀਆਂ ਗਈਆਂ ਹਨ ਉਸ ਘਟਨਾ ਵੱਲ ਦੇਖ ਕੇ ਪੀੜਤ ਲੋਕਾਂ ਦਾ ਨਿਆਂਪਾਲਿਕਾ ਤੋਂ ਵੀ ਇਨਸਾਫ਼ ਉਠਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਧਮਾਕਾ, 132 ਨਵੇਂ ਮਾਮਲੇ ਆਏ ਸਾਹਮਣੇ ਇਕ ਦੀ ਮੌਤ
ਭਾਵੇਂ ਕਿ ਸਾਰੇ ਭ੍ਰਿਸ਼ਟ ਸਿਸਟਮ ਨੇ ਮਿਲਕੇ ਇਕ ਈਮਾਨਦਾਰ ਪੁਲਸ ਅਫਸਰ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਸਮੁੱਚਾ ਸਿੱਖ ਪੰਥ ਸਾਬਕਾ ਆਈ. ਜੀ. ਪੁਲਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ ਅਤੇ 30 ਅਪ੍ਰੈਲ ਨੂੰ ਸਵੇਰੇ 11 ਵਜੇ ਸਮੁੱਚੇ ਸਿੱਖ ਪੰਥ ਵੱਲੋਂ ਉਨ੍ਹਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਫੁਆਰੇ ਦੇ ਕੋਲ ਖੁੱਲ੍ਹੀ ਜਗ੍ਹਾ ਉੱਪਰ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਇਹ ਸਨਮਾਨ ਸਮੁੱਚੇ ਸਿੱਖ ਪੰਥ ਇਨਸਾਫ਼ ਪਸੰਦ ਲੋਕਾਂ, ਸ਼ਹੀਦ ਪਰਿਵਾਰਾਂ, ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਹੋਵੇਗਾ।