ਸਮਾਰਟ ਸਿਟੀ ਦੀ ਵਿਜੀਲੈਂਸ ਜਾਂਚ ਦੌਰਾਨ ਕੁਲਵਿੰਦਰ ਤੇ ਲਖਵਿੰਦਰ ਨੂੰ ਵੀ ਕੀਤਾ ਜਾਵੇਗਾ ਤਲਬ

Sunday, Nov 27, 2022 - 10:54 AM (IST)

ਜਲੰਧਰ (ਖੁਰਾਣਾ)- ਪਿਛਲੇ 5 ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਿੱਥੇ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਕਰੋੜਾਂ ਰੁਪਏ ਖ਼ਰਚ ਕੀਤੇ, ਉਥੇ ਹੀ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟਾਂ ਵਿਚ ਭਾਰੀ ਗੋਲਮਾਲ ਵੀ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਸਰਕਾਰ ਸਾਹਮਣੇ ਮੰਗ ਰੱਖੀ ਕਿ ਜਲੰਧਰ ਸਮਾਰਟ ਸਿਟੀ ਵਿਚ ਹੋਏ ਘਪਲਿਆਂ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਜਾਵੇ।

ਪੰਜਾਬ ਦੀ ‘ਆਪ’ਸਰਕਾਰ ਨੇ ਜਲੰਧਰ ਸਮਾਰਟ ਸਿਟੀ ਦੇ ਸਾਰੇ 64 ਪ੍ਰਾਜੈਕਟਾਂ ਦੀ ਜਾਂਚ ਦਾ ਜ਼ਿੰਮਾ ਵਿਜੀਲੈਂਸ ਬਿਊਰੋ ਨੂੰ ਸੌਂਪ ਤਾਂ ਦਿੱਤਾ ਹੈ ਪਰ ਅਜੇ ਤੱਕ ਵਿਜੀਲੈਂਸ ਦੇ ਜਲੰਧਰ ਬਿਊਰੋ ਨੇ ਇਸ ਕੇਸ ਵਿਚ ਕੋਈ ਖ਼ਾਸ ਤਰੱਕੀ ਨਹੀਂ ਕੀਤੀ। ਇਸ ਕਾਰਨ ਕਈ ਤਰ੍ਹਾਂ ਦੇ ਚਰਚੇ ਵੀ ਹੋ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਸਾਈਟ ’ਤੇ ਜਾ ਕੇ ਜਾਂਚ ਕਰਨ ਲਈ ਟੈਕਨੀਕਲ ਟੀਮਾਂ ਭੇਜੀਆਂ ਜਾਣ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦੀ ਮੰਗ ’ਤੇ ਟੈਕਨੀਕਲ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਕਿ ਉਹ ਜਲੰਧਰ ਜਾ ਕੇ ਸਮਾਰਟ ਸਿਟੀ ਕੰਪਨੀ ਵੱਲੋਂ ਕਰਵਾਏ ਗਏ ਕੰਮਾਂ ਦੀ ਤਕਨੀਕੀ ਢੰਗ ਨਾਲ ਜਾਂਚ ਕਰਨ ਅਤੇ ਵਿਜੀਲੈਂਸ ਦਾ ਸਹਿਯੋਗ ਕਰਨ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਤਕਨੀਕੀ ਜਾਂਚ ਦੌਰਾਨ ਸਮਾਰਟ ਸਿਟੀ ਵਿਚ ਰਹੇ ਪਰਾਣੇ ਅਧਿਕਾਰੀਆਂ ਕੁਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਵੀ ਬੁਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

ਕਰੋੜਾਂ ਦੇ ਕੰਮ ਕਰਵਾਉਣ ਵਾਲਾ ਕੋਈ ਅਧਿਕਾਰੀ ਹੁਣ ਸਮਾਰਟ ਸਿਟੀ ’ਚ ਨਹੀਂ ਬਚਿਆ

ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਸਮਾਰਟ ਸਿਟੀ ਨੇ ਸੈਂਕੜੇ ਕਰੋੜ ਦੇ ਕੰਮ ਕਰਵਾਏ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਵਿਵਾਦਾਂ ਵਿਚ ਹੀ ਘਿਰੇ ਚਲੇ ਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਲੰਧਰ ਸਮਾਰਟ ਸਿਟੀ ਦੇ ਸਾਰੇ ਅਧਿਕਾਰੀ ਜਾਂ ਤਾਂ ਨੌਕਰੀ ਛੱਡ ਕੇ ਜਾ ਚੁੱਕੇ ਹਨ ਜਾਂ ਕੱਢੇ ਜਾ ਚੁੱਕੇ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਰੋੜਾਂ ਦੇ ਕੰਮ ਸਿਰੇ ਚੜ੍ਹਾਏ ਅਤੇ ਖ਼ੁਦ ਵਿਵਾਦਾਂ ਵਿਚ ਵੀ ਰਹੇ। ਲੰਮੇ ਸਮੇਂ ਤੱਕ ਸਮਾਰਟ ਸਿਟੀ ਦੇ ਟੀਮ ਲੀਡਰ ਰਹੇ ਕੁਲਵਿੰਦਰ ਸਿੰਘ ਦੇ ਕੰਮਕਾਜ ਦੀ ਆਲੋਚਨਾ ਕਾਂਗਰਸੀ, ਭਾਜਪਾ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਕੀਤੀ ਅਤੇ ਇਸੇ ਤਰ੍ਹਾਂ ਪ੍ਰਾਜੈਕਟ ਮੈਨੇਜਮੈਂਟ ਸਪੈਸ਼ਲਿਸਟ ਲਖਵਿੰਦਰ ਸਿੰਘ ਵੀ ਸਮਾਰਟ ਵਿਚ ਆ ਕੇ ਵਿਵਾਦਾਂ ਵਿਚ ਘਿਰੇ ਰਹੇ। ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਦੇਖ-ਰੇਖ ਵਿਚ ਸਮਾਰਟ ਸਿਟੀ ਦੇ ਜਿੰਨੇ ਵੀ ਪ੍ਰਾਜੈਕਟ ਸ਼ੁਰੂ ਹੋਏ, ਉਨ੍ਹਾਂ ਸਾਰਿਆਂ ਦੀ ਜਾਂਚ ਦੌਰਾਨ ਇਨ੍ਹਾਂ ਅਧਿਕਾਰੀਆਂ ਦਾ ਸਹਿਯੋਗ ਲਿਆ ਜਾਵੇਗਾ ਕਿਉਂਕਿ ਇਸ ਸਮੇਂ ਸਮਾਰਟ ਸਿਟੀ ਵਿਚ ਕੋਈ ਹੋਰ ਅਧਿਕਾਰੀ ਅਜਿਹਾ ਨਹੀਂ ਹੈ, ਜਿਹੜਾ ਵਿਜੀਲੈਂਸ ਦਾ ਸਾਥ ਦੇ ਸਕੇ।

ਸਮਾਰਟ ਸਿਟੀ ਦੇ ਕੰਮਾਂ ਦੀ ਵਰਕਮੈਨਸ਼ਿਪ ਕਾਫ਼ੀ ਘਟੀਆ

ਪਿਛਲੇ 2-3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜਿੰਨੇ ਵੀ ਪ੍ਰਾਜੈਕਟ ਚਲਾਏ, ਭਾਵੇਂ ਉਹ ਕਰੋੜਾਂ ਵਿਚ ਰਹੇ ਪਰ ਉਨ੍ਹਾਂ ਦੀ ਵਰਕਮੈਨਸ਼ਿਪ ਕਾਫੀ ਘਟੀਆ ਰਹੀ, ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਸਮੇਂ-ਸਮੇਂ ’ਤੇ ਇਤਰਾਜ਼ ਵੀ ਉਠਾਏ ਪਰ ਕਿਸੇ ਇਤਰਾਜ਼ ’ਤੇ ਕੋਈ ਸੁਣਵਾਈ ਨਹੀਂ ਹੋਈ। ਲਿਖਤੀ ਰੂਪ ਵਿਚ ਕਈ ਸ਼ਿਕਾਇਤਾਂ ਨੂੰ ਵੀ ਦਬਾ ਦਿੱਤਾ ਗਿਆ। ਦੋਸ਼ ਲੱਗਦੇ ਰਹੇ ਕਿ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਚਹੇਤੇ ਠੇਕੇਦਾਰਾਂ ਨੂੰ ਅਲਾਟ ਕੀਤੇ ਗਏ ਅਤੇ ਸਮਾਂ ਰਹਿੰਦਿਆਂ ਉਨ੍ਹਾਂ ਠੇਕੇਦਾਰਾਂ ਨੂੰ ਕਰੋੜਾਂ ਦੀ ਪੇਮੈਂਟ ਵੀ ਕਰ ਦਿੱਤੀ ਗਈ ਤਾਂ ਕਿ ਰਿਸਕ ਕਵਰ ਹੋ ਜਾਵੇ। ਜਦੋਂ ਸਮਾਰਟ ਸਿਟੀ ਦੇ ਕੰਮ ਸ਼ਹਿਰ ਵਿਚ ਚੱਲ ਰਹੇ ਸਨ, ਉਦੋਂ ਸਮਾਰਟ ਸਿਟੀ ਦੇ ਕਿਸੇ ਅਧਿਕਾਰੀ ਨੇ ਮੌਕੇ ’ਤੇ ਜਾ ਕੇ ਜਾਂਚ ਕਰਨ ਦੀ ਹਿੰਮਤ ਨਹੀਂ ਦਿਖਾਈ, ਜਿਸ ਕਾਰਨ ਵਧੇਰੇ ਠੇਕੇਦਾਰਾਂ ਨੇ ਆਪਣੀ ਮਨਮਰਜ਼ੀ ਕੀਤੀ। ਹੁਣ ਵਿਜੀਲੈਂਸ ਦੇ ਮਾਹਿਰ ਅਤੇ ਪੰਜਾਬ ਸਰਕਾਰ ਦੀ ਟੈਕਨੀਕਲ ਕਮੇਟੀ ਵੱਲੋਂ ਮੌਕੇ ’ਤੇ ਜਾ ਕੇ ਵਰਕਮੈਨਸ਼ਿਪ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿਚ ਭਾਰੀ ਹੇਰ-ਫੇਰ ਨਿਕਲਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News