ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਘਟਨਾ ''ਤੇ ਦੁੱਖ ਪ੍ਰਗਟਾਇਆ, ਪੰਜਾਬ ਵਾਸੀਆਂ ਨੂੰ ਕੀਤੀ ਅਪੀਲ

Thursday, May 05, 2022 - 04:14 PM (IST)

ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਘਟਨਾ ''ਤੇ ਦੁੱਖ ਪ੍ਰਗਟਾਇਆ, ਪੰਜਾਬ ਵਾਸੀਆਂ ਨੂੰ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਨਜ਼ਦੀਕ ਨਵਾਂ ਪਿੰਡ ਬਰਕੀਵਾਲ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਦੇ ਨਾੜ ਦੀ ਅੱਗ ਵਿਚ ਸੜ ਜਾਣ ਵਾਲੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ 'ਚ 7 ਬੱਚੇ ਝੁਲਸ ਗਏ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾੜ ਨੂੰ ਅੱਗ ਲੱਗੀ ਹੋਣ ਕਰਕੇ ਧੂੰਏਂ ਕਾਰਨ ਬੱਸ ਦੇ ਡਰਾਈਵਰ ਨੂੰ ਕੁੱਝ ਦਿਖਾਈ ਨਾ ਦਿੱਤਾ ਅਤੇ ਸੰਤੁਲਨ ਵਿਗੜਨ ਕਰਕੇ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਅੱਗ ਲੱਗ ਗਈ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਕੂਲ ਬੱਸ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਵੇਖ ਕੇ ਮਨ ਨੂੰ ਬੇਹੱਦ ਦੁੱਖ ਮਹਿਸੂਸ ਹੋਇਆ ਹੈ। ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਗੰਧਲਾ ਹੁੰਦਾ ਹੈ, ਉੱਥੇ ਹੀ ਹਜ਼ਾਰਾਂ ਜੀਵ ਜੰਤੂ, ਮਿੱਤਰ ਕੀੜੇ ਅਤੇ ਦਰੱਖ਼ਤ ਵੀ ਤਬਾਹ ਹੁੰਦੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਵਰਗ ਨੂੰ ਇਸ ਕੁਰੀਤੀ ਖ਼ਿਲਾਫ਼ ਲਾਮਬੰਦ ਹੋਣਾ ਪਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿਹਤਮੰਦ ਵਾਤਾਵਰਣ ਛੱਡ ਕੇ ਜਾ ਸਕੀਏ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫ਼ਸਲੀ ਵਿਭਿੰਨਤਾ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਦੀ ਥਾਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ ਨਾੜ ਪ੍ਰਬੰਧਾਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। 
 


author

Babita

Content Editor

Related News