ਪੰਜਾਬ 'ਚ ਇਕ ਪੈਨਸ਼ਨ ਮਾਮਲੇ 'ਤੇ ਭਖੀ ਸਿਆਸਤ, ਕਾਂਗਰਸ ਦੇ ਸਾਬਕਾ MLA ਨੇ ਦਿੱਤਾ ਵੱਡਾ ਬਿਆਨ (ਵੀਡੀਓ)
Saturday, Mar 26, 2022 - 12:05 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਇਸ ਬਾਰੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਦੀਪ ਸਿੰਘ ਵੈਦ ਨੇ ਕਿਹਾ ਹੈ ਕਿ ਪਹਿਲਾਂ ਵੀ ਇਕ ਹੀ ਪੈਨਸ਼ਨ ਮਿਲਦੀ ਹੈ, ਸਿਰਫ ਅੱਗੇ ਇੰਕ੍ਰੀਮੈਂਟ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਕਿ ਜੇਕਰ ਕੋਈ 5 ਵਾਰ ਵਿਧਾਇਕ ਬਣਿਆ ਹੈ ਤਾਂ ਉਸ ਨੂੰ 5 ਪੈਨਸ਼ਨਾਂ ਮਿਲੀਆਂ ਹੋਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਇੰਕ੍ਰੀਮੈਂਟ ਬੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਵਿਧਾਇਕ ਪੰਜਾਬ ਦੇ ਲੋਕਾਂ ਕੋਲ 24 ਘੰਟੇ ਮੁਹੱਈਆ ਰਹਿੰਦਾ ਹੈ ਅਤੇ ਉਸ ਦੇ ਦਫ਼ਤਰ ਦਾ ਖ਼ਰਚਾ ਹੀ ਇੰਨਾ ਹੋ ਜਾਂਦਾ ਹੈ ਕਿ ਅਤੇ ਸਿਰਫ 60-80 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਉਸ ਨੇ ਆਪਣਾ ਘਰ ਵੀ ਚਲਾਉਣਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੇ ਸਾਰਾ ਦਿਨ ਕੰਮ ਕਰਨਾ ਹੈ ਅਤੇ ਜੇਕਰ ਕਿਸੇ ਵਿਧਾਇਕ ਕੋਲ ਪੈਸੇ ਨਹੀਂ ਹੋਣਗੇ ਤਾਂ ਉਹ ਭ੍ਰਿਸ਼ਟਾਚਾਰ ਕਰੇਗਾ।
ਉਨ੍ਹਾਂ ਕਿਹਾ ਕਿ ਇਸ 'ਚ ਕੋਈ ਬੁਰਾਈ ਨਹੀਂ ਹੈ ਕਿ ਵਿਧਾਇਕ ਦੀ ਤਨਖ਼ਾਹ ਵੱਧ ਚਾਹੀਦੀ ਹੈ ਅਤੇ ਉਸ ਨੂੰ ਪੈਨਸ਼ਨ ਵੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਹ ਗੱਲ ਕਹਿ ਕੇ ਗੁੰਮਰਾਹ ਕੀਤਾ ਹੈ ਕਿ ਜੇਕਰ ਕੋਈ 5 ਵਾਰ ਵਿਧਾਇਕ ਬਣ ਗਿਆ ਹੈ ਤਾਂ ਉਹ 5 ਪੈਨਸ਼ਨਾਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਜੋਂ ਜਿਹੜਾ ਇੰਕ੍ਰੀਮੈਂਟ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਉਹ ਉਸ ਨਾਲ ਸਹਿਮਤ ਨਹੀਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ