ਰਾਜ ਮਿਸਤਰੀ ਦਾ ਪੁੱਤ ਕੁਲਦੀਪ ਸਿੰਘ ਬਣਿਆ ਜੱਜ, ਕੋਟਕਪੂਰਾ ਨਿਵਾਸੀਆਂ 'ਚ ਖ਼ੁਸ਼ੀ ਦੀ ਲਹਿਰ

Wednesday, Feb 03, 2021 - 11:20 AM (IST)

ਕੋਟਕਪੂਰਾ (ਨਰਿੰਦਰ ਬੈੜ): ਸਧਾਰਨ ਪਰਿਵਾਰ ’ਚ ਜਨਮ ਲੈ ਕੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਪੀ.ਸੀ. ਐੱਸ ਜ਼ੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣੇ ਕੁਲਦੀਪ ਸਿੰਘ ਗਿੱਲ ਨੇ ਕੋਟਕਪੂਰੇ ਸ਼ਹਿਰ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਹੈ, ਨਾਲ ਹੀ ਮਿਸਾਲ ਪੈਦਾ ਕੀਤੀ ਹੈ ਕਿ ਜਦ ਨਿਸ਼ਾਨੇ ਉੱਚੇ ਰੱਖੇ ਹੋਣ ਤਦ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਸਾਡੇ ਜਜ਼ਬੇ ਅੱਗੇ ਬੌਣੀਆਂ ਬਣ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਕੋਟਕਪੂਰਾ ਦੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਘਰ ਜਨਮ ਲੈਣ ਵਾਲੇ ਕੁਲਦੀਪ ਸਿੰਘ ਗਿੱਲ ਨੇ ਆਪਣੀ ਮੁੱਢਲੀ ਪੜ੍ਹਾਈ ਕਿਲ੍ਹੇ ਵਾਲੇ ਸਰਕਾਰੀ ਸਕੂਲ ’ਚ ਹਾਸਲ ਕੀਤੀ ਪਰ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੀ ਸਿੱਖਿਆ ਘਰ ਰਹਿ ਕੇ ਹੀ ਹਾਸਲ ਕੀਤੀ।

ਇਹ ਵੀ ਪੜ੍ਹੋਮਾਂ ਦੇ ਪ੍ਰਤੀ ਪੁੱਤਰ ਦਾ ਅਜਿਹਾ ਪਿਆਰ, ਬਰਸੀ ਮੌਕੇ ਖ਼ਰੀਦਿਆ ਚੰਨ ’ਤੇ ਪਲਾਟ 

ਇਸ ਸਮੇਂ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕੁਲਦੀਪ ਨੂੰ ਦੁਕਾਨ ਤੇ ਨੌਕਰੀ ਵੀ ਕਰਨੀ ਪਈ ਅਤੇ ਕਈ ਵਾਰ ਆਪਣੇ ਪਿਤਾ ਜੀ ਨਾਲ ਮਜ਼ਦੂਰੀ ਵੀ ਕਰਨੀ ਪਈ, ਪਰ ਕੁਲਦੀਪ ਸਿੰਘ ਨੇ ਸੰਘਰਸ਼ ਜਾਰੀ ਰੱਖਦਿਆਂ ਅਗਲੀ ਪੜਾਈ ਬਰਜਿੰਦਰਾ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਲਗਭਗ ਢਾਈ ਸਾਲ ਪ੍ਰੈਕਟਿਸ ਕੀਤੀ ਅਤੇ ਪੀਸੀਐੱਸ (ਜ) ਦੇ 2019-20 ਸੈਸ਼ਨ ਦੌਰਾਨ ਪ੍ਰੀਖਿਆ ਦਿੱਤੀ ਜਿਸਦਾ ਨਤੀਜਾ 1ਫਰਵਰੀ 2021 ਨੂੰ ਐਲਾਨਿਆ ਗਿਆ ਜਿਸ ਚ ਕੁਲਦੀਪ ਸਿੰਘ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਸਨਮਾਨਯੋਗ ਪਦਵੀ ਲਈ ਚੁਣੇ ਗਏ, ਕੁਲਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਸ਼ਹਿਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਚਲਦਿਆਂ ਮਿਥੀ ਹੋਈ ਮੰਜ਼ਿਲ ਜਰੂਰ ਹਾਸਲ ਕੀਤੀ ਜਾ ਸਕਦੀ ਹੈ, ਉਹਨਾਂ ਉਮੀਦ ਜ਼ਾਹਰ ਕੀਤੀ ਕਿ ਜਿਸ ਤਰਾਂ ਕੁਲਦੀਪ ਸਿੰਘ ਨੇ ਪਹਿਲਾਂ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਇਸੇ ਤਰਾਂ ਸਰਵਿਸ ਦੌਰਾਨ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਨਸਾਫ ਦੇ ਤਰਾਜੂ ਦੀ ਵਰਤੋਂ ਕਰਨਗੇ।

ਇਹ ਵੀ ਪੜ੍ਹੋ:  ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ


Shyna

Content Editor

Related News