ਬੈਕਫੁੱਟ 'ਤੇ ਆਈ ਪੰਜਾਬ ਸਰਕਾਰ! ਆਪਣੀ ਮੰਗ 'ਤੇ ਅੜੇ ਕਿਸਾਨਾਂ ਦਾ ਫਗਵਾੜਾ 'ਚ ਧਰਨਾ ਜਾਰੀ

08/13/2022 12:02:20 PM

ਫਗਵਾੜਾ (ਜਲੋਟਾ)- ਫਗਵਾੜਾ ਵਿਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਬੈਕਫੁੱਟ 'ਤੇ ਆਉਂਦੀ ਹੋਈ ਵਿਖਾਈ ਦੇ ਰਹੀ ਹੈ? ਵਾਪਰੇ ਵੱਡੇ ਘਟਨਾਕ੍ਰਮ ਵਿਚ ਪੰਜਾਬ ਸਰਕਾਰ 'ਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬ ਸਰਕਾਰ ਅਤੇ ਸ਼ੂਗਰ ਮਿੱਲ ਖ਼ਿਲਾਫ਼ ਰੋਸ ਧਰਨਾ ਲਗਾ ਕੇ ਕੌਮੀ ਰਾਜ ਮਾਰਗ ਨੰਬਰ ਇਕ 'ਤੇ ਬੈਠੇ ਹੋਏ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਹੈ । 

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੂਗਰ ਮਿੱਲ ਦੀ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਨਾ ਵਿਖੇ ਜ਼ਮੀਨ ਦੀ ਰਜਿਸਟਰੀ ਅਤੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖ ਲਗਾਈ ਗਈ ਰੋਕ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਿਖ਼ਤੀ ਤੌਰ 'ਤੇ ਸਾਰੀ ਕਾਰਵਾਈ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਸ ਜ਼ਮੀਨ ਦੀ ਰਜਿਸਟਰੀ ਹੋਣ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਜ਼ਮੀਨ ਦੇ ਸੌਦੇ ਨੂੰ ਪੂਰਾ ਹੋਣ ਤੋਂ ਬਾਅਦ ਸਰਕਾਰੀ ਪੱਧਰ 'ਤੇ ਯਕੀਨੀ ਬਣਾਇਆ ਜਾਵੇਗਾ ਕਿ ਜ਼ਮੀਨ ਦੀ ਸੇਲ ਤੋਂ ਮਿਲਣ ਵਾਲੇ ਕਰੋੜਾਂ ਰੁਪਏ ਦੀ ਰਕਮ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ। 

ਇਹ ਵੀ ਪੜ੍ਹੋ: ਫਗਵਾੜਾ ’ਚ ਕਿਸਾਨਾਂ ਦੇ ਪੱਕੇ ਡੇਰੇ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਦੋਵੇਂ ਪਾਸਿਓਂ ਕੀਤਾ ਬੰਦ

ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਇਹ ਮਾਮਲੇ ਨੂੰ ਲੈ ਕੇ ਤਾਂ ਬਹੁਤ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਬਣਦੀ ਪਹਿਲ ਕਰ ਦੇਣੀ ਚਾਹੀਦੀ ਸੀ ਤਾਂ ਜੋ ਕਿਸਾਨ ਵੀਰਾਂ ਸਮੇਤ ਫਗਵਾੜਾ ਦੇ ਲੋਕਾ ਨੂੰ ਕਿਸਾਨ ਅੰਦੋਲਨ ਕਾਰਨ ਝੱਲਣੀਆਂ ਪੈ ਰਹੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ, ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਬਣਦੀ ਪਹਿਲ ਕੀਤੀ ਗਈ ਹੈ ਅਤੇ ਕੁਝ ਅਫ਼ਸਰਾਂ ਵੱਲੋਂ ਕੀਤੀ ਗਈ ਵੱਡੀ ਗਲਤੀ ਨੂੰ ਸੁਧਾਰ ਲਿਆ ਗਿਆ ਹੈ। 
ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਫਗਵਾੜਾ ਵਿਚ ਕੀਤੇ ਜਾ ਰਹੇ ਪੰਜਵੇਂ ਦਿਨ ਦੇ ਰੋਸ ਪ੍ਰਦਰਸ਼ਨ ਅਤੇ ਲਗਾਏ ਗਏ ਧਰਨੇ ਦੌਰਾਨ ਪੰਜਾਬ ਸਰਕਾਰ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਗਈ ਸੀ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਮਤਲਬ ਤੋਂ ਸ਼ੂਗਰ ਮਿਲ ਦੇ ਪ੍ਰਬੰਧਕਾਂ ਦੀ ਪਿੰਡ ਭੂਨਾ ਵਿਖੇ ਜ਼ਮੀਨ ਦੀ ਰਜਿਸਟਰੀ 'ਤੇ ਰੋਕ ਲਗਾਈ ਗਈ ਹੈ ਜਦਕਿ ਸਰਕਾਰ ਦੇ ਵੱਡੇ ਅਫ਼ਸਰਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਸ ਜ਼ਮੀਨ ਦਾ ਸੌਦਾ ਬਹੁਤ ਪਹਿਲਾਂ ਹੋ ਚੁੱਕਿਆ ਹੈ ਅਤੇ ਇਸ ਦੇ ਬਿਆਨੇ ਦੀ ਰਕਮ ਜੋਕਿ ਕਰੋੜਾਂ ਰੁਪਏ ਦੀ ਸੀ, ਨੂੰ ਮਿੱਲ ਪ੍ਰਬੰਧਕਾਂ ਵੱਲੋਂ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਚ ਪਾਇਆ ਗਿਆ ਸੀ। 

ਇਹ ਵੀ ਪੜ੍ਹੋ: CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਗਵਾੜਾ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਅਤੇ ਪ੍ਰਦਰਸ਼ਨਾਂ ਦਾ ਦੌਰ ਇਸੇ ਤਰ੍ਹਾਂ ਅਣਮਿੱਥੇ ਸਮੇਂ ਲਈ ਤੱਕ ਜਾਰੀ ਰਹੇਗਾ ਜਦ ਤੱਕ ਕਿ ਉਨ੍ਹਾਂ ਦੇ ਖ਼ਾਤਿਆਂ ਚ 72 ਕਰੋੜ ਰੁਪਏ ਦੀ ਰਕਮ ਜਮ੍ਹਾ ਨਹੀਂ ਹੋ ਜਾਂਦੀ ਹੈ। ਉਨ੍ਹਾਂ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਜੋ ਗੱਲ ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫਗਵਾੜਾ ਵਿਖੇ ਕਰਕੇ ਗਏ ਹਨ ਇਸ ਨੂੰ ਲੈ ਕੇ ਤਾਂ ਉਨ੍ਹਾਂ ਵੱਲੋਂ ਵੀ ਕਈ ਦਿਨ ਪਹਿਲਾਂ ਮੁਹਾਲੀ ਵਿਖੇ ਖੇਤੀਬਾੜੀ ਮੰਤਰੀ ਨਾਲ ਕੀਤੀ ਗਈ ਮੀਟਿੰਗ ਦੌਰਾਨ ਇਹ ਗੱਲ ਆਖੀ ਗਈ ਸੀ ਕਿ ਉਹ ਮਿੱਲ ਪ੍ਰਬੰਧਕਾਂ ਦੀ ਪਿੰਡ ਭੂਨਾ ਵਿਖੇ ਜ਼ਮੀਨ ਦੀ ਰਜਿਸਟਰੀ 'ਤੇ ਕਿਸੇ ਵੀ ਤਰ੍ਹਾਂ ਨਾਲ ਸਰਕਾਰੀ ਤੌਰ 'ਤੇ ਰੋਕ ਨਾ ਲਗਾਉਣ ਕਿਉਂਕਿ ਜ਼ਮੀਨ ਵਿਕਣ ਤੋਂ ਬਾਅਦ ਮਿਲਣ ਵਾਲੀ ਕਰੋੜਾਂ ਰੁਪਏ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਹੀ ਜਮ੍ਹਾਂ ਹੋਣ ਦਾ ਵਾਅਦਾ ਮਿੱਲ ਪ੍ਰਬੰਧਕਾਂ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀ। ਫਿਰ ਇਸ ਮਾਮਲੇ ਚ ਇੰਨੀ ਦੇਰੀ ਨਾਲ ਫ਼ੈਸਲਾ ਕਿਉ ਲਿਆ ਗਿਆ ਜਦ ਕੀ ਮਾਮਲਾ ਤਾਂ ਸਿਧਾ ਜਿਹਾ ਹੀ ਸੀ ਅਤੇ ਕਿਸਾਨਾਂ ਦੇ ਹਿਤਾਂ ਨਾਲ ਸਬੰਧਤ ਸੀ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News