ਗੁਜਰਾਤ ਤੇ ਹਿਮਾਚਲ ਚੋਣਾਂ ਕਾਰਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ’ਚ ਦੇ ਰਹੀ ਹੈ ਦਖ਼ਲ: ਕੁਲਦੀਪ ਧਾਲੀਵਾਲ

09/25/2022 11:38:28 AM

ਜਲੰਧਰ (ਧਵਨ)- ਪੰਜਾਬ ਦੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰਖਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਦਾ ਆਯੋਜਨ ਨਹੀਂ ਕਰਨ ਦਿੱਤਾ। ਧਾਲੀਵਾਲ ਨੇ ਸ਼ਨੀਵਾਰ ਕਿਹਾ ਕਿ ਰਾਜਪਾਲ ਨੇ ਪਿਛਲੇ ਦੋ ਦਿਨਾਂ ਤੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਦਖ਼ਲ ਦੇਣਾ ਸ਼ੁਰੂ ਕੀਤਾ ਹੈ, ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਦਬਾਅ ਉਨ੍ਹਾਂ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ। ਇਸੇ ਲਈ ਹੁਣ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਹੀਂ ਪੰਜਾਬ ਸਰਕਾਰ ਨੂੰ ਤੰਗ ਪਰੇਸ਼ਾਨ ਕਰਨ ਵਿੱਚ ਲੱਗੀ ਹੋਈ ਹੈ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਕਦੇ ਝੁਕੇਗੀ ਅਤੇ ਨਾ ਹੀ ਕਦੇ ਵਿਕੇਗੀ। ਇਸ ਲਈ ਭਾਜਪਾ ਨੂੰ ਆਪਣੇ ਮਨ ਵਿਚੋਂ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਰਾਜਪਾਲ ਜਾਂ ਆਪਣੇ ਰਾਹੀਂ ਆਮ ਆਦਮੀ ਪਾਰਟੀ ਨੂੰ ਝੁਕਾ ਲਏਗੀ।

ਇਹ ਵੀ ਪੜ੍ਹੋ: ਹੱਥ ਮਲਦੀ ਰਹਿ ਗਈ ਜਲੰਧਰ ਪੁਲਸ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਹੀਂ ਮਿਲਿਆ ਪ੍ਰੋਡਕਸ਼ਨ ਵਾਰੰਟ

ਭਾਜਪਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦਾ ਧਿਆਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਹਟਾਇਆ ਜਾਵੇ ਕਿਉਂਕਿ ਉਸ ਨੂੰ ਡਰ ਹੈ ਕਿ ਜੇ ਆਮ ਆਦਮੀ ਪਾਰਟੀ ਦੋਹਾਂ ’ਚੋਂ ਕਿਸੇ ਸੂਬੇ ਨੂੰ ਉਸ ਤੋਂ ਖੋਹ ਲੈਂਦੀ ਹੈ ਤਾਂ 2024 ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਭਾਜਪਾ ਨੂੰ ਤਕੜੀ ਚੁਣੌਤੀ ਦੇਵੇਗੀ। ਦੇਸ਼ ਵਿਚ ਭਾਜਪਾ ਦਾ ਗ੍ਰਾਫ਼ ਕਾਫ਼ੀ ਹੇਠਾਂ ਚਲਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਸਹੀ ਜਵਾਬ ਦਿੱਤਾ ਹੈ। ਵਿਧਾਨ ਸਭਾ ਦਾ ਏਜੰਡਾ ਤੈਅ ਕਰਨਾ ਸਪੀਕਰ ਦਾ ਕੰਮ ਹੈ। ਵਾਰ-ਵਾਰ ਏਜੰਡਾ ਮੰਗ ਕੇ ਰਾਜਪਾਲ ਰਾਜ ਭਵਨ ਦੀ ਸ਼ਾਨ ਨੂੰ ਢਾਹ ਲਾ ਰਹੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ 'ਆਪ' ਹਲਕਾ ਇੰਚਾਰਜ ਦਾ ਹਾਈ ਵੋਲਟੇਜ ਡਰਾਮਾ, ਪੁਲਸ ਨੂੰ ਸ਼ਰ੍ਹੇਆਮ ਦਿੱਤੀਆਂ ਧਮਕੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News