ਮੋਹਾਲੀ ਦੇ ਐੱਸ. ਐੱਸ. ਪੀ. ਚਾਹਲ ਬੋਲੇ, ਦਿਲਪ੍ਰੀਤ ਨੂੰ 'ਗੈਂਗਸਟਰ' ਦੀ ਥਾਂ ਕਹੋ 'ਕ੍ਰਿਮੀਨਲ' (ਵੀਡੀਓ)

07/16/2018 2:03:27 PM

ਮੋਹਾਲੀ (ਭਗਵਤ) : ਇੱਥੇ ਸੋਮਵਾਰ ਨੂੰ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ 'ਨੈਣਾ ਦੇਵੀ ਐਨਕਾਊਂਟਰ' ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਅਪੀਲ ਕੀਤੀ ਹੈ ਕਿ ਗੈਂਗਸਟਰਾਂ ਲਈ 'ਗੈਂਗਸਟਰ' ਸ਼ਬਦ ਨਾ ਵਰਤ ਕੇ 'ਕ੍ਰਿਮੀਨਲ' ਸ਼ਬਦ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ੁਰਮ ਨੂੰ ਰੋਕਣ ਦੀ ਸਿਰਫ ਪੁਲਸ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਜ਼ਿੰਮੇਵਾਰੀ ਹਰ ਨਾਗਰਿਕ ਦੀ ਹੈ ਕਿਉਂਕਿ ਜਦੋਂ ਲੋਕਾਂ ਵਲੋਂ ਜ਼ੁਰਮ ਕਰਨ ਵਾਲਿਆਂ ਲਈ 'ਗੈਂਗਸਟਰ' ਸ਼ਬਦ ਵਰਤਿਆ ਜਾਂਦਾ ਹੈ ਤਾਂ ਉਹ ਇਸ 'ਤੇ ਮਾਣ ਕਰਦੇ ਹਨ ਪਰ ਜਦੋਂ ਹਰ ਕੋਈ ਇਨ੍ਹਾਂ ਲਈ ਕ੍ਰਿਮੀਨਲ, ਡਰੱਗ ਸਮੱਗਲਰ ਜਾਂ ਅਪਰਾਧੀ ਸ਼ਬਦ ਵਰਤੇਗਾ ਤਾਂ ਉਨ੍ਹਾਂ ਨੂੰ ਵੀ ਥੋੜ੍ਹੀ ਜਿਹੀ ਸ਼ਰਮ ਆਵੇਗੀ। 
ਦਿਲਪ੍ਰੀਤ ਦੇ ਨਾਂ ਅੱਗੇ ਕਿਉਂ ਨਹੀਂ ਲਾਉਂਦੇ 'ਡਰੱਗ ਸਮੱਗਲਰ'
ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਦਿਲਪ੍ਰੀਤ ਲਈ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ 'ਗੈਂਗਸਟਰ' ਸ਼ਬਦ ਵਰਤਿਆ ਜਾ ਰਿਹਾ ਹੈ, ਜਦੋਂ ਕਿ ਉਹ ਇਕ ਅਪਰਾਧੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਸ ਦੇ ਨਾਂ ਅੱਗੇ 'ਡਰੱਗ ਸਮੱਗਲਰ' ਵਰਤੋ ਤਾਂ ਜੋ ਉਸ ਨੂੰ ਵੀ ਪਤਾ ਲੱਗ ਸਕੇ ਕਿ ਉਹ ਕੀ ਕਰ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਚੰਗੇ ਆਈਕਾਨ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ 'ਚ ਉਹ ਜ਼ੁਰਮ ਦੀ ਰਾਹ 'ਤੇ ਨਾ ਤੁਰ ਕੇ ਵਧੀਆ ਕੰਮ ਕਰਨ।


Related News