ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਬੋਲੇ ਕੁਲਦੀਪ ਧਾਲੀਵਾਲ, ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਲਈ ਵਚਨਬੱਧ

Saturday, Sep 17, 2022 - 06:18 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਇਸ ਸੀਜ਼ਨ ’ਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਡੀ ਬੋਰਡ ਭਵਨ ਵਿਖੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਸਕੱਤਰਾਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਮੰਡੀ ਬੋਰਡ ਵੱਲੋਂ ਨਿਰਵਿਘਨ ਖਰੀਦ ਲਈ ਕੀਤੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਦੇ ਨਾਲ-ਨਾਲ ਅਨਾਜ ਮੰਡੀਆਂ ਵਿਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ’ਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ASI ਤੇ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ 

ਉਨ੍ਹਾਂ ਨੇ ਕਿਸਾਨਾਂ ਅਤੇ ਹੋਰ ਭਾਈਵਾਲਾਂ ਦੀ ਸਹੂਲਤ ਲਈ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾਂ, ਪਖਾਨੇ ਆਦਿ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਭਰ ਦੇ ਸਾਰੇ 1806 ਖਰੀਦ ਕੇਂਦਰਾਂ ’ਚ ਪੁਖਤਾ ਪ੍ਰਬੰਧ ਕਰਨ ’ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਖੇਤੀਬਾੜੀ ਮੰਤਰੀ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸਕੱਤਰ ਮੰਡੀ ਬੋਰਡ ਰਵੀ ਭਗਤ ਨੂੰ ਝੋਨੇ ਦੇ ਇਸ ਸੀਜ਼ਨ ਦੌਰਾਨ ਖਰੀਦ ਦੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰਾਂ ਦੇ ਸੰਪਰਕ ’ਚ ਰਹਿਣ ਲਈ ਕਿਹਾ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਮਾਰਕੀਟ ਕਮੇਟੀਆਂ ਰਾਹੀਂ ਝੋਨੇ ਦੀ ਖਰੀਦ ਲਈ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਫੀਲਡ ਸਟਾਫ਼ ਵੀ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ  ਨੇਪਰੇ ਚੜ੍ਹਾਉਣ ਲਈ ਆਪਣੀਆਂ ਡਿਊਟੀਆਂ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਲਿਆ ਵੱਡਾ ਫ਼ੈਸਲਾ


Manoj

Content Editor

Related News