ਪਤੀ-ਪਤਨੀ ਗਏ ਸਨ ਦਿੱਲੀ, ਪਿੱਛੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

07/16/2018 6:09:35 AM

 ਖਰਡ਼,   (ਰਣਬੀਰ, ਅਮਰਦੀਪ, ਸ਼ਸ਼ੀ)-  ਸੈਕਟਰ-125 ਨਿਊ ਸੰਨੀ ਇਨਕਲੇਵ  ’ਚ ਬੰਦ ਪਈ ਇਕ ਕੋਠੀ ਨੂੰ  ਚੋਰਾਂ ਨੇ  ਨਿਸ਼ਾਨਾ ਬਣਾ ਕੇ ਉਥੋਂ ਲੱਖਾਂ ਰੁਪਏ ਦੇ ਗਹਿਣਿਅਾਂ  ਤੇ ਨਕਦੀ ਸਮੇਤ ਹੋਰ ਕੀਮਤੀ ਘਰੇਲੂ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਬਿਜਲੀ ਬੋਰਡ ’ਚੋਂ  ਚੀਫ ਇੰਜੀਨੀਅਰ ਵਜੋਂ ਰਿ. ਵਿਨੋਦ ਕੁਮਾਰ ਤੇ ਉਨ੍ਹਾਂ ਦੀ ਪਤਨੀ ਨੀਤਾ ਗੁਪਤਾ, ਜੋ ਸੋਸ਼ਲ ਸਕਿਓਿਰਟੀ ਐਂਡ ਡਿਵੈੱਲਪਮੈਂਟ ਆਫ ਚਿਲਡਰਨ/ਵੂਮੈਨ ’ਚੋਂ ਡਿਪਟੀ ਡਾਇਰੈਕਟਰ ਰਿਟਾਇਰ ਹਨ, ਨੇ ਦੱਸਿਆ ਕਿ ਉਹ 4 ਸਾਲਾਂ ਤੋਂ ਇਸ ਮਕਾਨ ’ਚ ਰਹਿ ਰਹੇ ਹਨ। 
ਉਨ੍ਹਾਂ  ਦਾ ਇਕ ਬੇਟਾ ਅਮਰੀਕਾ ਤੇ ਦੂਜਾ ਚੇਨਈ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਉਨ੍ਹਾਂ ਦੀ ਨੂੰਹ ਕੋਰਸ ਕਰਨ ਲਈ ਇਥੇ ਆਈ ਹੋਈ ਸੀ, ਜਿਸ ਨੂੰ ਮਿਲਣ ਲਈ ਉਹ 8 ਜੁਲਾਈ ਨੂੰ  ਨਵੀਂ ਦਿੱਲੀ ਗਏ ਸਨ ਪਰ ਬੀਤੀ ਰਾਤ ਜਦੋਂ  ਵਾਪਸ ਆ ਕੇ ਦੇਖਿਆ ਤਾਂ ਘਰ ਦਾ  ਤਾਲਾ ਖੋਲ੍ਹਣ ਦੇ ਬਾਵਜੂਦ ਵੀ ਦਰਵਾਜਾ ਨਹੀਂ ਖੁੱਲ੍ਹਿਆ, ਜੋ ਕਿ ਅੰਦਰੋਂ  ਵੀ ਬੰਦ ਸੀ। ਗੁਆਂਢ ਦੇ ਇਕ ਘਰ ’ਚੋਂ ਉਨ੍ਹਾਂ ਆਪਣੇ ਘਰ ਜਾ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। 
ਗੇਟ ਦੇ ਅੱਗੇ ਸੌਂਦਾ ਰਿਹਾ ਚੌਕੀਦਾਰ, ਘਰ ਦੇ ਪਿੱਛੋਂ ਦਾਖਲ ਹੋ  ਕੇ ਦਿੱਤਾ ਵਾਰਦਾਤ ਨੂੰ ਅੰਜਾਮ
 ਘਰ ਦੇ ਮਾਲਕਾਂ ਨੇ ਦੱਸਿਆ ਕਿ ਦਿੱਲੀ ਜਾਣ ਤੋਂ ਪਹਿਲਾਂ ਉਨ੍ਹਾਂ ਘਰ ਦੀ ਸੁਰੱਖਿਆ ਲਈ ਇਕ ਨਿੱਜੀ ਸਕਿਓਰਟੀ ਗਾਰਡ ਘਰ ਦੇ ਬਾਹਰ ਤਾਇਨਾਤ ਕੀਤਾ ਸੀ ਪਰ ਉਨ੍ਹਾਂ ਜਦੋਂ ਆ ਕੇ ਦੇਖਿਆ ਤਾਂ ਘਰ ਦੀ ਛੱਤ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਪਰ ਜਦੋਂ ਘਰ ਦੇ ਅੰਦਰ ਦਾਖਲ ਹੋਏ ਦੇਖਿਆ ਤਾਂ ਮੁੱਖ ਦਰਵਾਜ਼ੇ ਦੀ ਕੁੰਡੀ ਅੰਦਰੋਂ ਲੱਗੀ ਹੋਈ ਮਿਲੀ। ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਅੰਦਰੋਂ 4 ਲੱਖ ਦੀ ਨਕਦੀ, ਸੋਨੇ-ਚਾਂਦੀ  ਦੇ ਗਹਿਣੇ, ਚੈੱਕ  ਤੇ ਮੂਰਤੀਆਂ ਆਦਿ ਗਾਇਬ ਸਨ,  ਜਿਨ੍ਹਾਂ  ਦੀ ਕੀਮਤ 12 ਲੱਖ ਰੁਪਏ ਬਣਦੀ ਹੈ। 
 ਉਨ੍ਹਾਂ ਜਦੋਂ ਚੌਕੀਦਾਰ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਕੋਠੀ ਦੇ ਬਾਹਰ ਮੰਜਾ ਡਾਹ ਕੇ ਸੌਂ ਜਾਂਦਾ ਸੀ, ਉਸ ਨੂੰ ਨਹੀਂ ਪਤਾ ਕਿ ਚੋਰੀ ਕਦੋਂ ਹੋਈ ਹੈ। 
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸੰਨੀ ਇਨਕਲੇਵ ਪੁਲਸ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਅਵਤਾਰ ਸਿੰਘ ਮੌਕੇ ’ਤੇ ਪੁੱਜ ਗਏ, ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਵਲੋਂ ਗੁਆਂਢ ਦੇ ਇਕ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਨੁਕਸਾਨੇ ਗਏ  ਹਨ। ਇਸ ਤੋਂ ਪੁਲਸ ਵਲੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਚੋਰ ਨਾਲ ਵਾਲੀ ਕੋਠੀ ਵਿਚੋਂ ਹੀ ਘਰ ਵਿਚ ਦਾਖਲ ਹੋਏ ਹਨ। ਵਾਰਦਾਤ ਮਗਰੋਂ ਚੋਰ ਜਾਂਦੇ ਡੀ. ਵੀ. ਆਰ. ਵੀ ਆਪਣੇ ਨਾਲ ਹੀ ਲੈ ਗਏ। 
 ਪੁਲਸ ਨੇ ਮੌਕੇ ਤੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਮਦਦ ਨਾਲ  ਸਬੂਤ ਹਾਸਲ ਕਰਦਿਆਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਦੀ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੈਂਕ ਦੇ ਜਨਰੇਟਰ ’ਚੋਂ ਬੈਟਰੀ ਚੋਰੀ
 ਕੁਰਾਲੀ,  (ਬਠਲਾ)-ਬੀਤੀ ਰਾਤ ਸਥਾਨਕ ਚੰਡੀਗਡ਼੍ਹ ਰੋਡ ’ਤੇ ਵਿਜਯਾ ਬੈਂਕ ਦੇ ਜਨਰੇਟਰ ਵਿਚੋਂ ਚੋਰਾਂ  ਨੇ ਬੈਟਰੀ ਚੋਰੀ ਕਰ ਲਈ।  ਜਨਰੇਟਰ ਦੇ ਮਾਲਕ ਗੁਰਦੀਪ ਸਿੰਘ ਤੇ ਸਤਵਿੰਦਰ ਸਿੰਘ ਲਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਨੂੰ ਕਿਰਾਏ ’ਤੇ ਜਨਰੇਟਰ  ਦਿੱਤਾ ਹੈ। ਬੀਤੀ ਰਾਤ ਚੋਰਾਂ ਵਲੋਂ ਜਨਰੇਟਰ ਵਿਚੋਂ ਬੈਟਰੀ ਚੋਰੀ ਕਰ ਲਈ ਗਈ।  ਬੈਂਕ ਮੈਨੇਜਰ ਰਾਹੁਲ ਡੋਗਰਾ ਨੇ ਦੱਸਿਆ ਕਿ ਬੈਂਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਆਈਆਂ ਤਸਵੀਰਾਂ ਅਨੁਸਾਰ ਰਾਤ 2 ਵਜੇ ਦੋ ਬੰਦੇ ਚਿੱਟੇ ਰੰਗ ਦੀ ਐਕਟਿਵਾ  ’ਤੇ ਆਏ ਤੇ ਬੈਟਰੀ ਚੋਰੀ ਕਰ ਲੈ ਗਏ। ਬੈਂਕ ਮੈਨੇਜਰ ਵਲੋਂ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਹਿੰਮਤ ਸਿੰਘ ਨੇ ਮੌਕਾ ਦੇਖਦੇ ਹੋਏ ਕਿਹਾ ਕਿ ਕੈਮਰੇ ਵਿਚ ਕੈਦ ਹੋਏ ਵਿਅਕਤੀਆਂ ਦੀ ਪਛਾਣ ਕਰਕੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
 


Related News