ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ ਦੀ ਅਗਲੀ ਸੁਣਵਾਈ 13 ਨੂੰ
Monday, Feb 05, 2024 - 05:50 PM (IST)
ਫ਼ਰੀਦਕੋਟ (ਰਾਜਨ) : ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਹਾਂ ਮਾਮਲਿਆਂ ਦੀ ਸੁਣਵਾਈ ਅੱਜ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਜਦਕਿ ਚਰਨਜੀਤ ਸ਼ਰਮਾ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਏ। ਇਸ ਮੌਕੇ ਬਚਾਓ ਪੱਖ ਦੇ ਵਕੀਲ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਾਈ 13 ਫ਼ਰਵਰੀ ਨੂੰ ਕੀਤੀ ਜਾਵੇਗੀ। ਦੂਜੇ ਪਾਸੇ ਵਿਸ਼ੇਸ਼ ਤੌਰ ’ਤੇ ਅਦਾਲਤ ਵਿੱਚ ਪੁੱਜੇ ਸੁਖਰਾਜ ਸਿੰਘ ਮਿਆਮੀ ਵਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਫਾਸਟ ਟਰੈਕ ’ਤੇ ਕੰਮ ਕਰਕੇ ਇਨਸਾਫ਼ ਦਵਾਇਆ ਜਾਵੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਦਾ ਨਤੀਜਾ ਹੈ ਕਿ ਪਰਮਰਾਜ ਉਮਰਾਨੰਗਲ ਆਈ.ਜੀ. ਦੇ ਅਹੁਦੇ ’ਤੇ ਮੁੜ ਬਹਾਲ ਹੋਏ ਹਨ ਅਤੇ ਉਹ ਇਸਦੀ ਨਿਖੇਧੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ’ਤੇ ਤੁਲੀ ਹੋਈ ਹੈ ਜਿਸਦਾ ਸਬੂਤ ਡੇਰਾ ਮੁਖੀ ਨੂੰ ਦਿੱਤੀ ਜਾ ਰਹੀ ਵਾਰ-ਵਾਰ ਪੈਰੋਲ ਹੈ। ਉਨ੍ਹਾਂ ਕਿਹਾ ਕਿ ਅਯੋਧਿਆ ਵਿਖੇ ਸੱਤਾਧਾਰੀ ਇਕ ਲੀਡਰ ਨਾਲ ਦੋਸ਼ੀ ਪ੍ਰਦੀਪ ਦੀ ਫੋਟੋ ਵਾਇਰਲ ਹੋਣ ਉਪ੍ਰੰਤ ਵੀ ਕੋਈ ਸਾਰਥਿਕ ਨਤੀਜੇ ਨਹੀਂ ਨਿਕਲੇ ਹਨ। ਇਸੇ ਮਾਮਲੇ ਵਿਚ ਜ਼ਿਲ੍ਹਾ ਪੁਲਸ ਮੁਖੀ ਹਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਹਰਕਤ ਵਿਚ ਆ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਇਰਲ ਤਸਵੀਰ ਤੋਂ ਇਹ ਪੁਸ਼ਟੀ ਨਹੀਂ ਹੁੰਦੀ ਕਿ ਇਹ ਪ੍ਰਦੀਪ ਹੈ ਜੋ ਵਿਅਕਤੀ ਦਿਖਾਈ ਦੇ ਰਿਹਾ ਹੈ, ਉਸ ਨਾਲ ਮਿਲਦੇ ਜੁਲਦੇ ਹੁਲੀਏ ਵਾਲਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਉਣਗੇ ਉਹ ਜਨਤਕ ਕਰ ਦਿੱਤੇ ਜਾਣਗੇ।