ਕਿਸਾਨ ਯੂਨੀਅਨ ਦਾ ਕੈਪਟਨ ਸਰਕਾਰ ਨੂੰ ਅਲਟੀਮੇਟਮ
Friday, Mar 22, 2019 - 02:23 PM (IST)

ਲੁਧਿਆਣਾ (ਸਲੂਜਾ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੱਕਤਰ ਹਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਕਿਸਾਨਾਂ ਨੂੰ ਪਿਛਲੇ ਸਾਲ ਦੇ ਵੇਚੇ ਗੰਨੇ ਦਾ ਭੁਗਤਾਨ ਅੱਜ ਤੱਕ ਨਹੀਂ ਹੋ ਸਕਿਆ। ਪੰਜਾਬ 'ਚ 80 ਕਰੋੜ ਦੇ ਕਰੀਬ ਸਹਿਕਾਰੀ ਮਿੱਲਾਂ ਅਤੇ 150 ਕਰੋੜ ਰੁਪਏ ਪ੍ਰਾਈਵੇਟ ਮਿੱਲਾਂ ਵੱਲ ਬਕਾਇਆ ਹੈ ਅਤੇ ਇਸ ਸਾਲ ਦੇ ਵੀ ਕਰੋੜਾਂ ਰੁਪਏ ਸ਼ੂਗਰ ਮਿੱਲਾਂ ਵੱਲ ਹਨ। ਇਸ ਨੂੰ ਲੈ ਕੇ ਪੰਜਾਬ ਭਰ 'ਚ ਕਿਸਾਨਾਂ ਨੇ ਰੇਲ ਆਵਾਜਾਈ ਵੀ ਠੱਪ ਕੀਤੀ ਅਤੇ ਸ਼ੂਗਰ ਮਿੱਲਾਂ ਦੇ ਸਾਹਮਣੇ ਵੀ ਰੋਸ ਧਰਨਾ ਦਿੱਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਵੀ ਸੌਂਪੇ।
ਲੱਖੋਵਾਲ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਮਾਮਲੇ 'ਚ ਭਰੋਸਾ ਦਿੱਤੇ ਜਾਣ ਤੋਂ ਬਾਅਦ ਅੰਦੋਲਨ ਨੂੰ ਵਾਪਸ ਲੈ ਲਿਆ ਗਿਆ ਪਰ ਕੁਝ ਨਹੀਂ ਮਿਲਿਆ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਖੋਵਾਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਕਿਸਾਨਾਂ ਕੋਲ ਨਾ ਤਾਂ ਆਪਣੇ ਬੱਚਿਆਂ ਦੀ ਫੀਸ ਅਦਾਇਗੀ ਲਈ ਪੈਸੇ ਹਨ ਅਤੇ ਨਾ ਹੀ ਇਲਾਜ ਅਤੇ ਬੱਚਿਆਂ ਦੇ ਵਿਆਹਾਂ ਲਈ ਕੋਈ ਬੈਂਕ ਬੈਲੈਂਸ ਹੈ। ਲੱਖੋਵਾਲ ਨੇ ਦੱਸਿਆ ਕਿ ਯੂਨੀਅਨ ਕੋਲ ਮਰਨ ਵਰਤ 'ਤੇ ਬੈਠਣ ਵਾਲੇ ਕਿਸਾਨਾਂ ਦੀ ਇਕ ਲੰਬੀ ਲਿਸਟ ਆ ਗਈ ਹੈ। ਜੇਕਰ ਸਰਕਾਰ ਨੇ ਗੰਨੇ ਦੀ ਅਦਾਇਗੀ ਨਾ ਕੀਤੀ ਤਾਂ ਫਿਰ ਇਕ-ਦੋ ਦਿਨਾਂ 'ਚ ਹੀ ਪੰਜਾਬ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਦੇ ਸਾਹਮਣੇ ਕਿਸਾਨ ਮਰਨ ਵਰਤ 'ਤੇ ਬੈਠ ਜਾਣਗੇ ਅਤੇ ਆਖਰੀ ਸਾਹ ਤੱਕ ਮੋਰਚੇ 'ਤੇ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਣ ਲਈ ਸਿੱਧੇ ਤੌਰ 'ਤੇ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।