ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਂ ਕਿਸਾਨ ਮਜ਼ਦੂਰ ਏਕਤਾ ਰੈਲੀ 24 ਨੂੰ

Thursday, Mar 18, 2021 - 09:52 AM (IST)

ਫਤਿਹਗੜ੍ਹ ਸਾਹਿਬ (ਜੱਜੀ) : ਆੜ੍ਹਤੀ ਐਸੋਸ਼ੀਏਸ਼ਨ, ਕਿਸਾਨ ਅਤੇ ਸਰਪੰਚ ਆਗੂਆਂ ਨੇ ਅਨਾਜ ਮੰਡੀ ਸਰਹਿੰਦ ਵਿਖੇ ਸਾਂਝੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਮਾਰਚ ਨੂੰ ਸਰਹਿੰਦ ਅਨਾਜ ਮੰਡੀ ਵਿਚ ਮਹਾਂ ਕਿਸਾਨ ਮਜ਼ਦੂਰ ਏਕਤਾ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਦੇਸ਼ ਭਰ ਦੇ ਕਿਸਾਨ ਆਗੂਆਂ ਤੇ ਉੱਘੇ ਗਾਇਕਾਂ ਤੋਂ ਇਲਾਵਾ ਪੰਜਾਬ ਭਰ ਤੋਂ ਕਿਸਾਨ, ਆੜ੍ਹਤੀ, ਮਜ਼ਦੂਰ ਅਤੇ ਵਪਾਰੀਆ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਣਗੇ।

ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਕਿਸਾਨ ਯੂਨੀਅਨ ਦੇ ਪੰਜਾਬ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ, ਸਰਪੰਚ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ, ਨਿਰਮਲ ਸਿੰਘ ਫੱਗਣਮਾਜਰਾ, ਚਮਕੌਰ ਸਿੰਘ, ਜੈ ਸਿੰਘ ਅਤੇ ਭੁਪਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਕਿਸਾਨ ਰੈਲੀ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ਼ ਗਿੱਲ, ਦਰਸ਼ਨਪਾਲ ਸਿੰਘ ਤੇ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਗਾਇਕ ਤੇ ਅਦਾਕਾਰ ਵਿਸ਼ੇਸ ਤੌਰ 'ਤੇ ਪਹੁੰਚਣਗੇ।

ਉਨ੍ਹਾਂ ਕਿਹਾ ਕਿ ਇਹ ਮਹਾਂ ਰੈਲੀ ਸਵੇਰੇ 9 ਵਜੇ ਤੋਂ ਸ਼ੁਰੂ ਹੋ 2 ਵਜੇ ਤੱਕ ਚੱਲੇਗੀ, ਜਿਸ ਦੌਰਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ 3 ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਆੜ੍ਹਤੀ ਨਿਰਮਲ ਸਿੰਘ ਮਾਵੀ, ਅਵਤਾਰ ਸਿੰਘ ਡੰਘੇੜੀਆ, ਕਿਸਾਨ ਆਗੂ ਨਿਰਮਲ ਸਿੰਘ ਰਿਊਨਾਂ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਹਾਜ਼ਰ ਸਨ।
 


Babita

Content Editor

Related News