ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨਾਲ ਕਲਾਕਾਰਾਂ ਦਾ ਕਾਫ਼ਲਾ, ਖ਼ਾਲਸਾ ਏਡ ਨੇ ਵੀ ਮੂਹਰੇ ਹੋ ਕੇ ਦਿੱਤਾ ਸਾਥ
Friday, Sep 25, 2020 - 05:11 PM (IST)
ਨਾਭਾ (ਸੁਸ਼ੀਲ ਜੈਨ) — ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਵੀਰਵਾਰ ਤੋਂ ਤਿੰਨ ਦਿਨਾਂ ਲਈ ਇਥੇ ਨਾਭਾ-ਧੁਰੀ ਰੇਲਵੇ ਟਰੈਕ 'ਤੇ ਆਰੰਭ ਕੀਤੇ ਗਏ ਧਰਨੇ ਦੇ ਦੂਜੇ ਦਿਨ ਯਾਨੀ ਅੱਜ 5 ਹਜ਼ਾਰ ਦੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਕੁਲਵਿੰਦਰ ਬਿੱਲਾ, ਹਰਜੀਤ ਹਰਮਨ, ਤਰਸੇਮ ਜੱਸੜ ਤੇ ਚਮਕੋਰ ਖੱਟੜਾ ਵਰਗੇ ਉੱਘੇ ਕਲਾਕਾਰ ਕਿਸਾਨਾਂ ਦੇ ਧਰਨੇ ਪਹੁੰਚ ਕੇ ਸਮਰਥਨ ਦਾ ਐਲਾਨ ਕੀਤਾ। ਇਨ੍ਹਾਂ ਕਲਾਕਾਰਾਂ ਨੂੰ ਵੇਖਣ ਲਈ ਸੜਕਾਂ 'ਤੇ ਵੀ ਭਾਰੀ ਜਾਮ ਲੱਗਾ ਰਿਹਾ। ਕਲਾਕਾਰਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦਾ ਵਿਰੋਧਤਾ ਕਰਦੇ ਹਨ ਅਤੇ ਹਰ ਸਮੇਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਰੇਲਵੇ ਲਾਈਨਾਂ 'ਤੇ ਹੀ ਵੱਡਾ ਸਾਮਿਆਣਾ ਲਾ ਕੇ ਸਟੇਜ ਲਗਾਈ ਗਈ ਹੈ, ਜੋ ਸ਼ਨੀਵਾਰ ਸ਼ਾਮ ਤੱਕ ਜਾਰੀ ਰਹੇਗੀ। ਬਾਬਾ ਹਰਦੀਪ ਸਿੰਘ ਕਾਰ ਸੇਵਾ ਵਲੋਂ ਕਿਸਾਨਾਂ ਲਈ ਲੰਗਰ ਵਰਤਾਇਆ ਜਾ ਰਿਹਾ ਹੈ ਅਤੇ ਪਾਣੀ ਦੀ ਸੇਵਾ ਕੀਤਾ ਜਾ ਰਹੀ ਹੈ।
ਖ਼ਾਲਸਾ ਏਡ ਵਲੋਂ ਫਰੂਟ ਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਡੀ. ਐੱਸ. ਪੀ. ਰਾਜੇਸ਼ ਛਿੱਬੜ ਦੀ ਅਗਵਾਈ ਹੇਠ 100 ਤੋਂ ਵਧ ਪੁਲਸ ਕਰਮਚਾਰੀ ਤੈਨਾਤ ਕੀਤੇ ਹੋਏ ਹਨ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਖੜ੍ਹੀਆਂ ਹਨ।
ਕਿਸਾਨਾਂ ਦੇ ਗੁੱਸੇ ਕਾਰਨ ਸਥਿਤੀ ਤਨਾਅਪੂਰਨ ਹੈ ਪਰ ਪੁਲਸ ਕਰਮੀਆਂ ਵਲੋਂ ਸੰਜਮ ਨਾਲ ਕੰਮ ਲਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੋਦੀ ਸਰਕਾਰ ਦੇ ਬਿੱਲ ਨੂੰ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਦੂਜੇ ਪਾਸੇ ਰੋਹਟੀ ਪੁੱਲ ਵਿਖੇ ਧਰਨਾ ਤੇ ਚੱਕਾ ਜਾਮ ਦੌਰਾਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸਰੋਤ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਵੀ ਪਾੜ੍ਹੇ ਗਏ ਅਤੇ ਧਰਨਿਆਂ 'ਚ ਵੱਡੀ ਗਿਣਤੀ 'ਚ ਬੀਬੀਆਂ ਨੇ ਹਿੱਸਾ ਲਿਆ।