ਕਿਸਾਨ ਜਥੇਬੰਦੀਆਂ ਨੇ ਬਿਜਲੀ ਘਰ ਤੇ ਪੁਲਸ ਸਟੇਸ਼ਨ ਅੱਗੇ ਕੀਤੀ ਨਾਅਰੇਬਾਜ਼ੀ
Thursday, Aug 24, 2017 - 07:16 AM (IST)
ਸਰਾਏ ਅਮਾਨਤ ਖਾਂ, (ਨਰਿੰਦਰ)- ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਨੇ ਇਕੱਤਰ ਹੋ ਕੇ ਸਬ-ਡਵੀਜ਼ਨ ਸਰਾਏ ਅਮਾਨਤ ਖਾਂ ਅਤੇ ਥਾਣਾ ਸਰਾਏ ਅਮਾਨਤ ਖਾਂ ਅੱਗੇ ਵਿਸ਼ਾਲ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਗੰਡੀਵਿੰਡ, ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ, ਸੂਬਾ ਮੀਤ ਪ੍ਰਧਾਨ ਭਗਵੰਤ ਸਿੰਘ ਗੰਡੀਵਿੰਡ ਤੇ ਪ੍ਰੈੱਸ ਸਕੱਤਰ ਕੈਪਟਨ ਸਿੰਘ ਬਘਿਆੜੀ ਨੇ ਕਿਹਾ ਕਿ ਪਾਵਰਕਾਮ ਅੰਦਰ ਭ੍ਰਿਸ਼ਟਾਚਾਰ ਬਹੁਤ ਵੱਧ ਚੁੱਕਾ ਹੈ ਅਤੇ ਇਨਫੋਰਸਮੈਂਟ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਭਾਰੀ ਜੁਰਮਾਨੇ ਪਾਏ ਜਾ ਰਹੇ ਹਨ। ਓਵਰਲੋਡ ਤੇ ਸੜੇ ਟ੍ਰਾਂਸਫਾਰਮਰ ਕਈ-ਕਈ ਹਫਤੇ ਬਦਲੇ ਨਹੀਂ ਜਾਦੇ ਜਦੋਂਕਿ ਪੁਲਸ ਪ੍ਰਸ਼ਾਸਨ ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਜੋ ਚੀਮਾ ਗਊਸ਼ਾਲਾ ਵਿਖੇ ਗਊਆਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ, ਦੀ ਮੈਡੀਕਲ ਰਿਪੋਰਟ ਮੁਤਾਬਕ ਦੋਸ਼ੀਆਂ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੰਡੀਵਿੰਡ ਵਿਖੇ ਵੀ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਸਾਬ੍ਹ ਸਿੰਘ ਚੀਮਾ ਕਲਾਂ, ਬਿੱਲਾ ਚੀਮਾ ਕਲਾਂ, ਸਵਰਨ ਸਿੰਘ ਜਠੋਲ, ਸ਼ਮਸ਼ੇਰ ਸਿੰਘ ਸ਼ਾਘਣਾ, ਗੁਲਜਾਰ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ ਤਖਤੂਚੱਕ, ਸੁਖਦੇਵ ਸਿੰਘ ਰੁਮਾਣਾ ਤੇ ਸਵਿੰਦਰ ਸਿੰਘ ਆਦਿ ਹਾਜ਼ਰ ਸਨ।
