ਸੰਤ ਸੀਚੇਵਾਲ ਨਾਲ ਕੀਤੀ ਕਿਸਾਨ ਜਥੇਬੰਦੀਆਂ ਨੇ ਮੁਲਾਕਾਤ

Thursday, Jul 18, 2024 - 08:17 PM (IST)

ਸੰਤ ਸੀਚੇਵਾਲ ਨਾਲ ਕੀਤੀ ਕਿਸਾਨ ਜਥੇਬੰਦੀਆਂ ਨੇ ਮੁਲਾਕਾਤ

ਸੁਲਤਾਨਪੁਰ ਲੋਧੀ, (ਧੀਰ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤੇ ਗਏ। ਇੰਨ੍ਹਾਂ ਮੰਗ ਪੱਤਰਾਂ ਵਿਚ ਬੜਾ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਕਿਸਾਨੀ ਕਰਜ਼ੇ ’ਤੇ ਲੀਕ ਮਾਰਨ ਦੀ ਮੰਗ ਕੀਤੀ, ਉੱਥੇ ਨਾਲ ਹੀ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਯੱਕਮੁਸ਼ਤ ਮਾਫ਼ ਕਰਨ ਦੀ ਮੰਗ ਨੂੰ ਵੀ ਜ਼ੋਰਦਾਰ ਢੰਗ ਨਾਲ ਉਭਾਰਿਆ। ਉਨ੍ਹਾਂ ਸੰਤ ਸੀਚੇਵਾਲ ਤੋਂ ਮੰਗ ਕੀਤੀ ਕਿ ਉਹ ਪਾਰਲੀਮੈਂਟ ਦੇ 22 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਸ਼ੈਸ਼ਨ ਵਿਚ ਕਿਸਾਨੀ ਮੰਗਾਂ ਨੂੰ ਸਦਨ ਦੇ ਪਟਲ ’ਤੇ ਰੱਖਣ। ਕਿਸਾਨਾਂ ਦੇ ਮੰਗ ਪੱਤਰ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਤੱਕ ਪਹੁੰਚਦੇ ਜ਼ਰੂਰ ਕੀਤੇ ਜਾਣ।

ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਮੰਗ ਪੱਤਰਾਂ ਵਿਚ ਮੁੱਖ ਮੰਗਾਂ ਵਿਚ ਬਿਜਲੀ ਖੇਤਰ ਦਾ ਨਿੱਜੀਕਰਨ ਬੰਦ ਕਰਨਾ, ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕਰਨਾ, ਸਾਰੀਆਂ ਫਸਲਾਂ ਅਤੇ ਪਸੂ ਪਾਲਣ ਲਈ ਸਰਕਾਰੀ ਖੇਤਰ ਦੀ ਵਿਆਪਕ ਬੀਮਾ ਯੋਜਨਾ ਵਿਚ ਲਿਆਉਣ, ਕਿਸਾਨ ਵਿਰੋਧੀ ਨੀਤੀਆਂ ਨੂੰ ਰੱਦ ਕਰਨਾ, ਸਾਰੇ ਕਿਸਾਨਾਂ ਅਤੇ ਖੇਤੀਬਾੜੀ ਕਾਮਿਆਂ ਨੂੰ ਪ੍ਰਤੀ ਮਹੀਨਾ ਪੈਨਸ਼ਨ, ਭੂਮੀ ਗ੍ਰਹਿਣ, ਮੁੜ ਵਸੇਬਾ, ਖੇਤੀਬਾੜੀ ਦਾ ਨਿਗਮੀਕਰਨ ਬੰਦ ਕਰਨਾ, ਖੇਤੀ ਸਮੱਗਰੀ 'ਤੇ ਜੀਐਸਟੀ ਲਾਉਣੀ ਖਤਮ ਕਰਨੀ, ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਢੁੱਕਵੇਂ ਹਿੱਸੇ ਅਨੁਸਾਰ ਖੇਤੀਬਾੜੀ ਲਈ ਵੱਖਰਾ ਕੇਂਦਰੀ ਬਜਟ ਪੇਸ਼ ਕਰਨਾ, ਜੰਗਲੀ ਜੀਵਾਂ ਦੇ ਖਤਰੇ ਦਾ ਸਥਾਈ ਹੱਲ, ਫਸਲਾਂ ਅਤੇ ਪਸੂਆਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੇ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਅਤੇ ਕਿਸਾਨਾਂ ਦੇ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਲਏ ਜਾਣ ਅਤੇ 736 ਕਿਸਾਨ ਸ਼ਹੀਦਾਂ ਦੀ ਯਾਦ ਵਿੱਚ ਸਿੰਘ/ਟਿਕਰੀ ਬਾਰਡਰ 'ਤੇ ਢੁਕਵੀਂ ਸ਼ਹੀਦੀ ਯਾਦਗਾਰ ਆਦਿ।

ਕਿਸਾਨ ਜਥੇਬੰਦੀਆਂ ਵਿਚ ਪੰਜਾਬ ਕਿਸਾਨ ਯੂਨੀਅਨ ਪੰਜਾਬ ਤੋਂ ਜਸਵੰਤ ਸਿੰਘ ਜ਼ਿਲਾ ਪ੍ਰਧਾਨ, ਸਿਕੰਦਰ ਸਿੰਘ ਕਸ਼ਮੀਰ ਸਿੰਘ, ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਕਪੂਰਥਲਾ ਤੋਂ, ਬਲਵਿੰਦਰ ਸਿੰਘ ਜ਼ਿਲਾ ਪ੍ਰਧਾਨ, ਰਸ਼ਪਾਲ ਸਿੰਘ, ਰਜਿੰਦਰ ਸਿੰਘ ਰਾਣਾ, ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਤੋਂ ਸਰਵਨ ਸਿੰਘ ਜ਼ਿਲਾ ਪ੍ਰਧਾਨ, ਜਗਮੋਹਨ ਸਿੰਘ, ਪਰਮਜੀਤ ਸਿੰਘ ਤੇ ਹੋਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਦਿੱਤੇ ਗਏ ਹਨ।

ਸੰਤ ਸੀਚੇਵਾਲ ਵੱਲੋਂ ਕਿਸਾਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਲਈ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਵੀ ਵਾਤਾਵਰਣ ਦੇ ਮੁੱਦਿਆਂ ਵਾਂਗ ਮੁੱਖ ਤਰਜ਼ੀਹ ਦੇ ਮੁੱਦੇ ਹਨ। ਉਨ੍ਹਾਂ ਆਪਣੇ ਸ਼ੈਸ਼ਨ ਦੀ ਸ਼ੁਰੂਆਤ ਹੀ ਕਿਸਾਨੀ ਦੇ ਮੁੱਦੇ ਤੋਂ ਕੀਤੀ ਸੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਨ੍ਹਾਂ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਣਗੇ।


author

DILSHER

Content Editor

Related News