ਕਿਸਾਨੀ ਅੰਦੋਲਨ 'ਚ ਦਿੱਸਿਆ ਸੱਭਿਆਚਾਰ ਦਾ ਰੰਗ, ਪੰਜਾਬੀਆਂ ਨੇ ਲਾਏ ਦਸਤਾਰਾਂ ਦੇ ਲੰਗਰ
Wednesday, Dec 16, 2020 - 07:10 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਪਿਛਲੇ 21 ਦਿਨਾਂ ਤੋਂ ਦਿੱਲੀ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਦੇ ਕਿਸਾਨ ਅੰਦੋਲਨ 'ਚ ਪੰਜਾਬੀਆਂ ਨੇ ਆਪਣੇ ਮਾਣ-ਮੱਤੇ ਸੱਭਿਆਚਾਰ ਨੂੰ ਪੇਸ਼ ਕਰਦੇ ਹੋਏ ਅੰਦੋਲਨ 'ਚ ਹਿੱਸਾ ਲੈ ਰਹੇ ਕਿਸਾਨਾਂ ਲਈ ਦਸਤਾਰਾਂ ਦੇ ਲੰਗਰ ਲਗਾਏ ਹਨ। ਜਾਣਕਾਰੀ ਅਨੁਸਾਰ ਟਰਬਨ ਬੈਂਕ ਮਾਨਸਾ ਦੇ ਮਾਲਕ ਗੁਰਪ੍ਰੀਤ ਸਿੰਘ ਮਾਨਸਾ ਅਤੇ ਹੋਰਨਾਂ ਪੰਜਾਬੀਆਂ ਦੇ ਸਹਿਯੋਗ ਨਾਲ ਕਰੀਬ 500 ਤੋਂ ਵੱਧ ਦਸਤਾਰਾਂ ਵੰਡੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਗੁਰੂ ਕਿਰਪਾ ਦਸਤਾਰ ਅਕੈਡਮੀ ਦੇ ਕੋਚ ਜਤਿੰਦਰ ਸਿੰਘ ਖੱਖ ਅਤੇ ਹੋਰਨਾਂ ਨੇ ਕਿਸਾਨਾਂ ਦੇ ਸਿਰਾਂ ਤੇ ਰੰਗ-ਬਿਰੰਗੀਆਂ ਦਸਤਾਰਾਂ ਸਜਾਈਆਂ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰ ਦੀ ਹਾਦਸੇ 'ਚ ਮੌਤ
ਦਸਤਾਰਾਂ ਦੇ ਲੰਗਰਾਂ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ। ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਨੇ ਲਗਾਏ ਗਏ ਦਸਤਾਰਾਂ ਦੇ ਲੰਗਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸਤਿਕਾਰਯੋਗ ਪੰਜਾਬੀਆਂ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹਨ, ਉੱਥੇ ਹੀ ਨਿਵੇਕਲੇ ਤਰ੍ਹਾਂ ਦੇ ਦਸਤਾਰਾਂ ਦੇ ਲੰਗਰ ਨੇ ਪੰਜਾਬੀਆਂ ਦੇ ਮਾਣ-ਮੱਤੇ ਇਤਿਹਾਸ ਅਤੇ ਸੱਭਿਆਚਾਰ ਨੂੰ ਪੇਸ਼ ਕੀਤਾ ਹੈ।ਉਨ੍ਹਾਂ ਇਸ ਮੌਕੇ ਕਿਸਾਨ ਅੰਦੋਲਨ 'ਚ ਹਿੱਸਾ ਲੈ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਜਿੱਤ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਵੀ ਕੀਤੀ ਅਤੇ ਪੰਜਾਬੀਆਂ ਦੇ ਦ੍ਰਿੜ੍ਹ ਹੌਸਲੇ ਅਤੇ ਪ੍ਰਮਾਤਮਾ ਪ੍ਰਤੀ ਅਤੁੱਟ ਵਿਸ਼ਵਾਸ ਦੀ ਵੀ ਸ਼ਲਾਘਾ ਕੀਤੀ ਅਤੇ ਅੰਦੋਲਨ ਵਿਚ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਇਹ ਵੀ ਪੜ੍ਹੋ: ਪ੍ਰੇਮੀ ਜੋੜੇ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 21ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਧਰਨਿਆਂ 'ਤੇ ਬੈਠੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜਿੱਦ 'ਤੇ ਅੜੇ ਹੋਏ ਹਨ ਅਤੇ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਈ ਗਰੰਟੀ ਕਾਨੂੰਨ ਚਾਹੁੰਦੇ ਹਨ। ਓਧਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਗੱਲਬਾਤ ਨਾਲ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ 'ਚ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਸਿਰਫ਼ 35 ਮਿੰਟ ਹੀ ਚੱਲਣਗੇ ਪਟਾਕੇ, ਡੀ. ਸੀ. ਵੱਲੋਂ ਹੁਕਮ ਜਾਰੀ
ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ 40 ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਕਿਸਾਨ ਸੜਕਾਂ 'ਤੇ ਡਟੇ ਹੋਏ ਹਨ ਅਤੇ ਉਹ ਲੰਬੇ ਸਮੇਂ ਤੱਕ ਸੰਘਰਸ਼ ਦੀ ਗੱਲ ਕਰ ਰਹੇ ਹਨ। ਕਿਸਾਨਾਂ ਨੇ ਜਦੋਂ ਦਿੱਲੀ ਕੂਚ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ 6 ਮਹੀਨੇ ਦਾ ਰਾਸ਼ਨ-ਪਾਣੀ ਲੈ ਕੇ ਆਏ ਹਨ, ਕਿਉਂਕਿ ਸਰਕਾਰ ਨਾਲ ਉਨ੍ਹਾਂ ਦੀ ਲੜਾਈ ਲੰਬੀ ਚੱਲੇਗੀ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ