ਟਾਫੀਆਂ ਦਾ ਲਾਲਚ ਦੇ ਕੇ ਅਗਵਾ ਕਰ ਕੀਤੀ ਸੀ ਹੱਤਿਆ, ਹੁਣ ਮਿਲੀ ਸਜ਼ਾ

Saturday, Dec 21, 2019 - 03:56 PM (IST)

ਟਾਫੀਆਂ ਦਾ ਲਾਲਚ ਦੇ ਕੇ ਅਗਵਾ ਕਰ ਕੀਤੀ ਸੀ ਹੱਤਿਆ, ਹੁਣ ਮਿਲੀ ਸਜ਼ਾ

ਪਟਿਆਲਾ—4 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਅਤੇ ਗਲ ਘੋਟ ਕੇ ਉਸ ਦੀ ਹੱਤਿਆ ਕਰਨ ਦੇ ਕੇਸ 'ਚ ਵਧੀਕ ਸੈਸ਼ਨ ਜੱਜ ਮਨਜੋਤ ਕੌਰ ਦੀ ਸਪੈਸ਼ਲ ਅਦਾਲਤ ਨੇ ਯੂ.ਪੀ. ਦੇ ਜ਼ਿਲਾ ਗੋਂਡਾ ਦੇ ਰਾਮ ਸਿੰਘ ਨਿਵਾਸੀ (ਹਾਲ ਨਿਵਾਸੀ ਗੁਰਤੇਗ ਬਹਾਦਰ ਕਾਲੋਨੀ ਸੂਲਰ ਰੋਡ ਪਟਿਆਲਾ) ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਗਵਾ (364) ਅਤੇ ਹੱਤਿਆ (302) ਦੀ ਧਰਾਵਾਂ 'ਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਗਵਾ ਅਤੇ ਹੱਤਿਆ ਦੇ ਕੇਸ 'ਚ 3-3 ਲੱਖ ਰੁਪਏ ਜ਼ੁਰਮਾਨਾ ਲਗਾਇਆ, ਜਿਸ ਨੂੰ ਨਾ ਭਰਨ 'ਤੇ 2-2 ਸਾਲ ਦੀ ਸਜ਼ਾ ਭੁਗਤਨੀ ਹੋਵੇਗੀ। ਫੈਸਲਾ 2 ਸਾਲ ਬਾਅਦ ਆਇਆ ਹੈ। ਸ਼ਿਕਾਇਤ ਰਾਮਾ ਦੇਵੀ ਨਿਵਾਸੀ ਗੋਂਡਾ ਯੂ.ਪੀ. ਨੇ ਕੀਤੀ ਸੀ।

ਦੋਸ਼ੀ ਨੇ ਟਾਫੀ ਦਾ ਲਾਲਚ ਦੇ ਕੇ ਕੀਤਾ ਸੀ ਅਗਵਾ
ਰਾਮਾ ਦੇਵੀ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ। ਉਹ ਕੋਠੀਆਂ 'ਚ ਸਫਾਈ ਦਾ ਕੰਮ ਕਰਦੀ ਹੈ। ਉਹ ਸਵੇਰੇ ਬੱਚਿਆਂ ਨੂੰ ਆਂਗਨਵਾੜੀ ਸਕੂਲ 'ਚ ਪੜ੍ਹਨ ਲਈ ਛੱਡਣ ਦੇ ਬਾਅਦ ਘਰਾਂ 'ਚ ਕੰਮ ਕਰਨ ਲਈ ਚਲੀ ਜਾਂਦੀ ਹੈ। ਵਾਰਦਾਤ ਵਾਲੇ ਦਿਨ ਉਹ ਸ਼ਾਮ ਨੂੰ ਆਪਣੀ ਵੱਡੀ ਧੀ ਨੂੰ ਟਿਊਸ਼ਨ ਛੱਡਣ ਦੇ ਲਈ ਗਈ ਸੀ। 4 ਸਾਲ ਦੀ ਧੀ ਕੋਮਲ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਬੱਚੀ ਕੋਮਲ ਉੱਥੇ ਨਹੀਂ ਸੀ। ਕਾਲੋਨੀ ਦੇ ਇਕ ਵਿਅਕਤੀ ਨੇ ਦੱਸਿਆ ਕਿ ਇਕ ਆਦਮੀ ਬੱਚੀ ਨੂੰ ਲੈ ਕੇ ਜਾ ਰਿਹਾ ਸੀ। ਬਾਅਦ 'ਚ ਸ਼ੱਕ ਹੋਇਆ ਕਿ ਉਕਤ ਦੋਸ਼ੀ ਉਸ ਦੀ ਬੱਚੀ ਨੂੰ ਅਗਵਾ ਕਰਕੇ ਲੈ ਗਿਆ ਹੈ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੱਚੀ ਦੇ ਪਿਤਾ ਜਗਰਾਮ ਤੋਂ ਆਪਣੀ ਮਜ਼ਦੂਰੀ ਦੇ 2000 ਰੁਪਏ ਲੈਣੇ ਸਨ ਜੋ ਉਸ ਦੇ ਪੈਸੇ ਨਹੀਂ ਦੇ ਰਿਹਾ ਸੀ। ਦੋਸ਼ੀ ਨੇ ਬੱਚੀ ਨੂੰ ਟਾਫੀਆਂ ਦਾ ਲਾਲਚ ਦੇ ਕੇ ਅਗਵਾ ਕੀਤਾ ਸੀ।


author

Shyna

Content Editor

Related News