ਮੁਕਤਸਰ ਤੋਂ ਅਗਵਾ ਹੋਇਆ ਬੱਚਾ ਕੋਟਕਪੂਰਾ ਪੁਲਸ ਨੇ ਕੀਤਾ ਬਰਾਮਦ

11/14/2017 1:22:09 PM

ਕੋਟਕਪੂਰਾ (ਨਰਿੰਦਰ ਬੈੜ) : ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਹੋਏ ਇਕ ਬੱਚੇ ਨੂੰ ਪਹਿਲਾਂ ਤੋਂ ਹੀ ਚੌਕਸ ਕੋਟਕਪੂਰਾ ਪੁਲਸ ਵੱਲੋਂ ਬਰਾਮਦ ਕਰ ਲਿਆ ਗਿਆ। ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਖੇਮ ਚੰਦ ਪਰਾਸ਼ਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਭਾਵੇਂ ਮੁਸਤੈਦੀ ਵਿਖਾਉਂਦੇ ਹੋਏ ਬੱਚੇ ਨੂੰ ਤਾਂ ਬਰਾਮਦ ਕਰ ਲਿਆ ਪਰ ਭਾਰੀ ਧੁੰਦ ਕਾਰਨ ਅਗਵਾਕਾਰ ਪੁਲਸ ਦੇ ਹੱਥ ਨਹੀਂ ਆ ਸਕਿਆ। 
ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਤਨੇਜਾ ਉਰਫ਼ ਸੋਨੂੰ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਫ਼ਰਨੀਚਰ ਹਾਊਸ ਦਾ ਮਾਲਕ ਹੈ, ਦਾ 7 ਸਾਲਾ ਬੇਟਾ ਅਰਸ਼ਦੀਪ ਉਰਫ਼ ਗੌਰਵ ਤਨੇਜਾ ਬੀਤੀ ਸ਼ਾਮ 6:30 ਵਜੇ ਦੇ ਕਰੀਬ ਆਪਣੇ ਘਰੋਂ ਦੁਕਾਨ 'ਤੇ ਕੁਝ ਖਾਣ ਵਾਲੀ ਚੀਜ਼ ਲੈਣ ਗਿਆ ਸੀ। ਜਦ 20-25 ਮਿੰਟ ਤੱਕ ਉਹ ਘਰ ਨਹੀਂ ਮੁੜਿਆ ਤਾਂ ਪਰਿਵਾਰ ਵੱਲੋਂ ਆਲੇ-ਦੁਆਲੇ ਪਤਾ ਕਰਨ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ ਮੁਕਤਸਰ ਨੂੰ ਦਿੱਤੀ ਗਈ ਜਿਸ 'ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਚ.ਓ. ਤਜਿੰਦਰਪਾਲ ਸਿੰਘ ਨੇ ਤੁਰੰਤ ਹਰਕਤ 'ਚ ਆਉਂਦਿਆਂ ਇਸ ਦੀ ਹਰ ਪਹਿਲੂ ਤੋਂ ਜਾਂਚ ਕਰਦੇ ਹੋਏ ਸਾਰੇ ਪਾਸੇ ਬੱਚੇ ਦੀ ਫ਼ੋਟੋ ਭੇਜ ਦਿੱਤੀ । ਜਾਂਚ ਦੌਰਾਨ ਪਤਾ ਲੱਗਿਆ ਕਿ ਸੁਨੀਲ ਕੁਮਾਰ ਤਨੇਜਾ ਵੱਲੋਂ ਆਪਣੀ ਦੁਕਾਨ 'ਤੇ 6 ਕੁ ਮਹੀਨੇ ਪਹਿਲਾਂ ਰੱਖਿਆ ਗਿਆ ਜਨਮੇਜ਼ ਨਾਮ ਦਾ ਨੌਕਰ ਜੋ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਵੀ ਗਾਇਬ ਹੈ ਅਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਜਦ ਬੱਚੇ ਦੇ ਗੁੰਮ ਹੋਣ ਬਾਰੇ ਕੋਟਕਪੂਰਾ ਪੁਲਸ ਨੂੰ ਪਤਾ ਲੱਗਿਆ ਤਾਂ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ ਖੇਮ ਚੰਦ ਪਰਾਸ਼ਰ ਅਤੇ ਏ.ਐੱਸ.ਆਈ. ਗੁਰਵਿੰਦਰ ਸਿੰਘ ਭਲਵਾਨ ਦੀ ਅਗਵਾਈ ਹੇਠ ਪੁਲਸ ਪਾਰਟੀਆਂ ਵੱਲੋਂ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਥਾਂਵਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ । ਇਸ ਦੌਰਾਨ ਰਾਤ 11 ਵਜੇ ਦੇ ਕਰੀਬ ਜਦ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਦੇ ਸ਼੍ਰੀ ਰਾਧਾ-ਕ੍ਰਿਸ਼ਨ ਮੰਦਰ ਵਾਲੇ ਪਾਸੇ ਇਕ ਬੱਚੇ ਦੀ ਅਵਾਜ਼ ਅਤੇ ਕੁਝ ਹਿੱਲ-ਜੁੱਲ ਵਿਖਾਈ ਦਿੱਤੀ ਤਾਂ ਪੁਲਸ ਪਾਰਟੀ ਤੁਰੰਤ ਉੱਥੇ ਪਹੁੰਚੀ ਅਤੇ ਉੱਥੋਂ ਬੱਚਾ ਬਰਾਮਦ ਹੋ ਗਿਆ। ਬੱਚੇ ਦੀਆਂ ਤਸਵੀਰਾਂ ਵੇਖ ਚੁੱਕੀ ਪੁਲਸ ਪਾਰਟੀ ਨੂੰ ਵੇਖਦਿਆਂ ਹੀ ਯਕੀਨ ਹੋ ਗਿਆ ਕਿ ਇਹ ਮੁਕਤਸਰ ਤੋਂ ਅਗਵਾ ਕੀਤਾ ਬੱਚਾ ਹੀ ਹੈ। ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਬੱਚਾ ਮਿਲਣ 'ਤੇ ਇਸ ਦੀ ਜਾਣਕਾਰੀ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਨੇ ਇਸ ਸਬੰਧੀ ਮੁਕਤਸਰ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਹ ਬੱਚਾ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।


Related News