ਖੰਨਾ ਤੋਂ ਅਗਵਾ ਹੋਇਆ ਬੱਚਾ ਭਾਦਸੋਂ ਪੁਲਸ ਵੱਲੋਂ ਬਰਾਮਦ

Saturday, Jul 28, 2018 - 12:47 AM (IST)

ਖੰਨਾ ਤੋਂ ਅਗਵਾ ਹੋਇਆ ਬੱਚਾ ਭਾਦਸੋਂ ਪੁਲਸ ਵੱਲੋਂ ਬਰਾਮਦ

ਨਾਭਾ(ਭੁਪਿੰਦਰ ਭੂਪਾ, ਜਗਨਾਰ, ਅਵਤਾਰ)-ਖੰਨਾ ਤੋਂ ਬੀਤੇ ਦਿਨ ਅਗਵਾ ਹੋਇਆ ਢਾਈ  ਸਾਲਾ ਬੱਚਾ ਭਾਦਸੋਂ ਪੁਲਸ ਨੇ ਬਰਾਮਦ ਕਰ ਲਿਆ। ਅੱਜ ਉਸ  ਨੂੰ ਡੀ. ਐੈੱਸ. ਪੀ. ਨਾਭਾ  ਦਫਤਰ ਵਿਚ ਖੰਨਾ ਪੁਲਸ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਬੱਚਾ ਖੰਨਾ ਤੋਂ ਬੀਤੇ ਦਿਨ ਅਗਵਾ ਕੀਤਾ  ਗਿਆ ਸੀ। ਇਸ ਸਬੰਧੀ  ਉਥੋਂ  ਦੀ ਪੁਲਸ ਕੋਲ ਅਗਵਾ ਹੋਏ ਬੱਚੇ ਦੇ ਪਿਤਾ ਵਿਨੋਦ ਕੁਮਾਰ  ਪੁੱਤਰ ਰਾਮ ਦਰਸ ਵਾਸੀ ਗੁਰੂ ਨਾਨਕ ਨਗਰ ਸਮਰਾਲਾ ਰੋਡ ਖੰਨਾ ਨੇ ਸ਼ਿਕਾਇਤ ਦਰਜ ਕਰਵਾਈ ਸੀ  ਕਿ ਉਸ ਦੇ 2 ਬੱਚੇ ਗਲੀ ’ਚ ਖੇਡ ਰਹੇ ਸਨ। ਢਾਈ ਸਾਲਾ ਸੂਰਜ ਨਾਮੀ ਬੱਚੇ ਨੂੰ ਇਕ  ਅਣਜਾਣ ਬਜ਼ੁਰਗ ਡਰਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ। ਕਾਫੀ ਭਾਲ ਕਰਨ ’ਤੇ ਬੱਚਾ  ਮਿਲ ਨਹੀ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਖੰਨਾ ਪੁਲਸ ਵੱਲੋਂ ਧਾਰਾ 365 ਆਈ. ਪੀ.  ਸੀ. ਅਧੀਨ ਐੈੱਫ. ਆਈ. ਆਰ. ਨੰਬਰ 225 ਦਰਜ ਕਰ ਕੇ ਆਸ-ਪਾਸ ਦੇ ਜ਼ਿਲਿਆਂ ਵਿਚ ਪੁਲਸ ਨੂੰ  ਚੌਕੰਨਾ ਕਰ ਦਿੱਤਾ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਅੱਜ ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ ਅਤੇ ਐੈੱਸ. ਐੈੱਚ. ਓ. ਭਾਦਸੋਂ ਹਰਮਨਪ੍ਰੀਤ  ਸਿੰਘ ਚੀਮਾ ਨੇ ਇੱਥੇ ਸਾਂਝੇ ਤੌਰ ’ਤੇ ਦੱਸਿਆ ਕਿ ਪੁਲਸ ਅਲਰਟ ਕਾਰਨ ਭਾਦਸੋਂ  ਪੁਲਸ ਨੇ ਘੰਟਿਆਂ ਵਿਚ ਹੀ ਇਸ ਬੱਚੇ ਨੂੰ ਪਿੰਡ ਭਡ਼ੀ ਪਨੈਚਾਂ ਦੀ ਪੰਚਾਇਤ ਦੀ ਸਹਾਇਤਾ  ਨਾਲ ਬਰਾਮਦ ਕਰ ਲਿਆ।  ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ  ਗੁਰਮੀਤ ਸਿੰਘ ਵਾਸੀ ਪਿੰਡ ਭਡ਼ੀ ਪਨੈਚਾਂ ਦੇ ਰੂਪ ਵਿਚ ਹੋਈ ਹੈ। ਨਾਭਾ ਪੁਲਸ ਨੇ  ਗ੍ਰਿਫਤਾਰ ਮੁਲਜ਼ਮ ਅਤੇ ਮਾਸੂਮ ਬੱਚੇ ਨੂੰ ਡੀ. ਐੈੱਸ. ਪੀ. ਦੀਪਕ ਰਾਏ ਅਤੇ ਐੈੱਸ.  ਐੈੱਚ. ਓ. ਸੁਖਨਾਜ਼ ਸਿੰਘ ਦੀ ਟੀਮ ਨੂੰ ਸੌਂਪ ਦਿੱਤਾ ਜੋ ਕਿ ਦੋਵਾਂ ਨੂੰ ਖੰਨਾ ਲੈ ਗਈ।
 


Related News