ਗੰਨ ਪੁਆਇੰਟ ’ਤੇ ਹੌਜ਼ਰੀ ਕਾਰੋਬਾਰੀ ਨੂੰ ਕਾਰ ਸਮੇਤ ਕੀਤਾ ਅਗਵਾ
Wednesday, Jul 11, 2018 - 05:04 AM (IST)
ਲੁਧਿਆਣਾ(ਰਿਸ਼ੀ)-ਸਰਾਭਾ ਨਗਰ ਮਾਰਕੀਟ ’ਚ ਆਪਣੀ ਮਰਸਡੀਜ਼ ਕਾਰ ’ਚ ਗਏ ਹੌਜ਼ਰੀ ਵਪਾਰੀ ਨੂੰ ਗੰਨ ਪੁਆਇੰਟ ’ਤੇ ਅਗਵਾ ਕਰ ਕੇ 3 ਲੁਟੇਰੇ ਕਾਰ ਸਮੇਤ ਲੈ ਗਏ। ਰਸਤੇ ’ਚ ਕਾਰੋਬਾਰੀ ਨਾਲ ਕੁੱਟ-ਮਾਰ ਕੀਤੀ ਤੇ ਖੰਨਾ ਜੀ. ਟੀ. ਰੋਡ ਦੇ ਨੇਡ਼ੇ ਸੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਕਾਰੋਬਾਰੀ ਰਾਹਗੀਰਾਂ ਦੀ ਮਦਦ ਨਾਲ ਨੇਡ਼ੇ ਸਥਿਤ ਇਕ ਢਾਬੇ ’ਤੇ ਪਹੁੰਚਿਆ ਤੇ ਆਪਣੇ ਘਰ ਫੋਨ ਕਰ ਕੇ ਸੂਚਨਾ ਦਿੱਤੀ, ਜਿਸ ’ਤੇ ਉਹ ਤੁਰੰਤ ਉਥੇ ਪਹੁੰਚੇ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਲੁੱਟ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਜਤਿੰਦਰ ਕੁਮਾਰ ਅਨੁਸਾਰ ਹੌਜ਼ਰੀ ਕਾਰੋਬਾਰੀ ਤਰੁਣ ਚਾਵਲਾ (24) ਨਿਵਾਸੀ ਮਾਡਲ ਟਾਊਨ ਐਕਸਟੈਨਸ਼ਨ ਨੇ ਦੱਸਿਆ ਕਿ ਐਤਵਾਰ ਰਾਤ 9.30 ਵਜੇ ਉਹ ਆਪਣੀ ਕਾਰ ’ਚ ਸਰਾਭਾ ਨਗਰ ਚਰਚ ਰੋਡ ’ਤੇ ਕੁਝ ਖਾਣ-ਪੀਣ ਲਈ ਗਿਆ ਸੀ। ਕੁਝ ਸਮੇਂ ਬਾਅਦ ਜਦ ਉਹ ਆਪਣੀ ਪਾਰਕ ਕੀਤੀ ਗਈ ਕਾਰ ਕੋਲ ਪਹੁੰਚਿਆ ਤਾਂ ਉਥੇ ਖਡ਼੍ਹੇ 3 ਨੌਜਵਾਨਾਂ ਨੇ ਉਸ ਨੂੰ ਗੰਨ ਪੁਆਇੰਟ ’ਤੇ ਜ਼ਬਰਦਸਤੀ ਕਾਰ ’ਚ ਸੁੱਟ ਕੇ ਕਾਰ ਸਮੇਤ ਲੈ ਗਏ। ਇਨ੍ਹਾਂ ’ਚੋਂ ਇਕ ਲੁਟੇਰਾ ਕਾਰ ਚਲਾਉਣਾ ਲੱਗਾ, ਦੂਜਾ ਅਗਲੀ ਸੀਟ ’ਤੇ ਬੈਠਾ ਤੇ ਤੀਜਾ ਕਾਰੋਬਾਰੀ ਦੇ ਨਾਲ ਬੈਠ ਗਿਆ। ਲੁਟੇਰਿਆਂ ਨੇ ਦਿੱਲੀ ਰੋਡ ’ਤੇ ਕਾਰ ਭਜਾ ਲਈ ਤੇ ਸੁੰਨਸਾਨ ਜਗ੍ਹਾ ’ਤੇ ਉਸ ਨੂੰ ਕਾਰ ’ਚੋਂ ਬਾਹਰ ਸੁੱਟ ਦਿੱਤਾ। ਪੁਲਸ ਵਲੋਂ ਕਈ ਥਿਊਰੀਆਂ ’ਤੇ ਕੰਮ ਕੀਤਾ ਜਾ ਰਿਹਾ ਹੈ। ਇਲਾਕੇ ’ਚ ਲੱਗੇ ਸਾਰੇ ਕੈਮਰਿਆਂ ਤੇ ਟੋਲ ਪਲਾਜ਼ਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮਾਮਲਾ ਸ਼ੱਕੀ ਲੱਗ ਰਿਹਾ ਹੈ, ਕਿਉਂਕਿ ਲੁਟੇਰੇ ਕਾਰੋਬਾਰੀ ਦਾ ਮੋਬਾੲਿਲ ਫੋਨ ਛੱਡ ਗਏ ਤੇ ਜਾਂਦੇ ਸਮੇਂ ਉਸ ਦੇ ਪਰਸ ’ਚੋਂ ਪੈਸੇ ਕੱਢ ਵਾਪਸ ਕਰ ਦਿੱਤੇ।
