5 ਸਾਲਾ ਮੁੰਡੇ ਨੂੰ ਅਗਵਾ ਕਰਕੇ ਕੀਤਾ ਕੈਦ, ਮਹਿਲਾ ਗ੍ਰਿਫਤਾਰ

08/12/2019 5:12:07 PM

ਲੰਬੀ/ਮਲੋਟ (ਜੁਨੇਜਾ) : ਥਾਣਾ ਲੰਬੀ ਦੀ ਪੁਲਸ ਨੇ ਇਕ ਪੰਜ ਸਾਲਾ ਲੜਕੇ ਨੂੰ ਅਗਵਾ ਕਰਕੇ ਉਸਨੂੰ ਕਮਰੇ ਵਿਚ ਬੰਦ ਕਰਨ ਦੇ ਕਥਿਤ ਦੋਸ਼ ਤਹਿਤ ਉਸ ਦੀ ਗੁਆਢਣ ਔਰਤ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣੇਦਾਰ ਹਰਵਿੰਦਰਪਾਲ ਸਿੰਘ ਰਵੀ ਨੇ ਦੱਸਿਆ ਕਿ ਸੰਤੋਖ ਸਿੰਘ ਵਾਸੀ ਬੀਦੋਵਾਲੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸਾਡਾ ਪੰਜ ਸਾਲ ਦਾ ਲੜਕਾ ਕਰਮਬੀਰ ਸਿੰਘ ਕੱਲ ਸਵੇਰੇ 7 ਵਜੇ ਚਾਹ ਪੀ ਕੇ ਘਰੋਂ ਨਿਕਲਿਆ ਅਤੇ ਵਾਪਸ ਨਹੀਂ ਆਇਆ ਜਿਸ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪਰਿਵਾਰ ਵੱਲੋਂ ਉਸਨੂੰ ਲੱਭਿਆ ਜਾ ਰਿਹਾ ਸੀ ਤਾਂ ਨੇੜੇ ਇਕ ਮਨਪ੍ਰੀਤ ਸਿੰਘ ਦੇ ਘਰ ਵਿਚ ਇਕੱਲੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਪਰਿਵਾਰ ਵੱਲੋਂ ਜਦੋਂ ਬੱਚੇ ਦਾ ਨਾਂ ਲੈ ਕੇ ਆਵਾਜ਼ਾਂ ਮਾਰੀਆਂ ਤਾਂ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। 

ਪਰਿਵਾਰ ਨੇ ਤਾਲਾ ਤੋੜ ਕਿ ਵੇਖਿਆ ਤਾਂ ਬੱਚੇ ਨੂੰ ਅੰਦਰ ਕੈਦ ਕੀਤਾ ਹੋਇਆ ਸੀ। ਇਸ ਸਬੰਧੀ ਪੁੱਛਣ 'ਤੇ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਦੀ ਪਤਨੀ ਲਖਵੀਰ ਕੌਰ ਉਰਫ ਵੀਰਾਂ ਨੇ ਉਸਨੂੰ ਸਵੇਰੇ ਅਗਵਾ ਕਰਕੇ ਅੰਦਰ ਤਾੜ ਦਿੱਤਾ ਅਤੇ ਆਪ ਘਰੋਂ ਬਾਹਰ ਚਲੀ ਗਈ। ਇਸ ਮਾਮਲੇ ਵਿਚ ਰੰਜਿਸ਼ ਇਹ ਸੀ ਕਿ ਲਖਵੀਰ ਕੌਰ ਦਾ ਘਰ ਸਾਹਮਣੇ ਹੋਣ ਕਰਕੇ ਉਸਦੇ ਬੱਚੇ ਅਤੇ ਕਰਮਬੀਰ ਆਪਸ ਵਿਚ ਲੜਦੇ ਸਨ, ਇਸ ਲਈ ਉਸਨੇ ਬੱਚੇ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਉਸਨੂੰ ਅਗਵਾ ਕੀਤਾ ਪਰ ਪਰਿਵਾਰ ਵੱਲੋਂ ਵਰਤੀ ਚੌਕਸੀ ਕਾਰਨ ਬੱਚੇ ਦੀ ਜਾਨ ਬਚ ਗਈ। 

ਇਸ ਮਾਮਲੇ 'ਤੇ ਥਾਣਾ ਲੰਬੀ ਦੇ ਮੁੱਖ ਅਫਸਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਹਰਵਿੰਦਰਪਾਲ ਨੇ ਜਾਂਚ ਉਪਰੰਤ ਮਹਿਲਾ ਲਖਵੀਰ ਕੌਰ ਪਤਨੀ ਮਨਪ੍ਰੀਤ ਸਿੰਘ ਵਿਰੁੱਧ ਲੰਬੀ ਥਾਣੇ ਵਿਚ ਧਾਰਾ 363,342 ਤਹਿਤ ਮਾਮਲਾ ਦਰਜ ਕਰਕੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।


Gurminder Singh

Content Editor

Related News