ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸਮਰਾਲਾ ਦੇ ਸਿਆਸੀ ਸਮੀਕਰਨ ਬਦਲ ਸਕਦਾ ਹੈ ''ਖੀਰਨੀਆਂ'' ਪਰਿਵਾਰ
Tuesday, Jan 25, 2022 - 10:00 AM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਆਮ ਆਦਮੀ ਪਾਰਟੀ ਵਲੋਂ ਟਿਕਟ ਨਾ ਮਿਲਣ ਕਾਰਨ ਫਿਲਹਾਲ ਖਾਮੋਸ਼ ਬੈਠੇ ਹਨ ਅਤੇ ਇਲਾਕੇ ਵਿਚ ਚਰਚਾਵਾਂ ਜ਼ੋਰਾਂ ’ਤੇ ਹਨ ਕਿ ਹੁਣ ਖੀਰਨੀਆਂ ਪਰਿਵਾਰ ਕਿਸ ਪਾਰਟੀ ਨਾਲ ਸਬੰਧਿਤ ਸਿਆਸੀ ਉਮੀਦਵਾਰ ਦਾ ਸਮਰਥਨ ਕਰਨਗੇ। ਕੱਟੜ ਟਕਸਾਲੀ ਅਕਾਲੀ ਖੀਰਨੀਆਂ ਪਰਿਵਾਰ ਦੇ ਮੋਢੀ ਸਵ. ਜੱਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ 4 ਵਾਰ ਵਿਧਾਨ ਸਭਾ ਚੋਣ ਲੜੇ ਅਤੇ ਇੱਕ ਵਾਰ ਉਨ੍ਹਾਂ ਦੇ ਸਪੁੱਤਰ ਜਗਜੀਵਨ ਸਿੰਘ ਖੀਰਨੀਆਂ ਹਲਕਾ ਸਮਰਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ।
ਇਸ ਹਲਕੇ ਵਿਚ ਪਰਿਵਾਰ ਦਾ ਕਾਫ਼ੀ ਆਧਾਰ ਮੰਨਿਆ ਜਾਂਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੀਰਨੀਆਂ ਪਰਿਵਾਰ ਦੀ ਟਿਕਟ ਕੱਟ ਕੇ ਇੱਥੋਂ ਅਕਾਲੀ ਦਲ ਨੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਪਰ ਉਹ ਆਪਣੇ ਸਿਆਸੀ ਵਿਰੋਧੀ ਅਮਰੀਕ ਸਿੰਘ ਢਿੱਲੋਂ ਤੋਂ ਜਿੱਤ ਨਾ ਸਕੇ, ਉਸ ਸਮੇਂ ਵੀ ਖੀਰਨੀਆਂ ਪਰਿਵਾਰ ਨੇ ਟਿਕਟ ਨਾ ਮਿਲਣ ਦੇ ਬਾਵਜੂਦ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ ਅਤੇ ਲੋਕ ਸੇਵਾ ਵਿਚ ਡਟੇ ਰਹੇ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਦੁਬਾਰਾ ਅਕਾਲੀ ਦਲ ਦੀ ਟਿਕਟ ਮਿਲ ਜਾਵੇ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੀਰਨੀਆਂ ਨੂੰ ਟਿਕਟ ਦੇਣ ਦੀ ਬਜਾਏ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ, ਜਿਸ ਤੋਂ ਖਫ਼ਾ ਹੋਏ ਖੀਰਨੀਆਂ ਆਪਣੀ ਇਸ ਪਾਰਟੀ ਨੂੰ ਅਲਵਿਦਾ ਆਖ ‘ਆਪ’ ਵਿਚ ਸ਼ਾਮਲ ਹੋ ਗਏ। ਸਾਬਕਾ ਵਿਧਾਇਕ ਖੀਰਨੀਆਂ ਨੂੰ ਪੂਰੀ ਉਮੀਦ ਸੀ ਕਿ ਹਲਕਾ ਸਮਰਾਲਾ ਤੋਂ ‘ਆਪ’ ਉਨ੍ਹਾਂ ਨੂੰ ਟਿਕਟ ਦੇਵੇਗੀ ਅਤੇ ਲੋਕਾਂ ਵਿਚ ਵੀ ਚਰਚਾ ਸੀ ਕਿ ਜੇਕਰ ਇਸ ਵਾਰ ਟਿਕਟ ਖੀਰਨੀਆਂ ਪਰਿਵਾਰ ਨੂੰ ਮਿਲਦੀ ਹੈ ਤਾਂ ਉਹ ਭਾਰੀ ਬਹੁਮਤ ਨਾਲ ਜਿੱਤ ਸਕਦੇ ਹਨ ਪਰ ਆਮ ਆਦਮੀ ਪਾਰਟੀ ਨੇ ਵੀ ਇੱਥੋਂ ਆਪਣੇ ਪੁਰਾਣੇ ਵਰਕਰ ਜਗਤਾਰ ਸਿੰਘ ਦਿਆਲਪੁਰਾ ਨੂੰ ਮੈਦਾਨ ਵਿਚ ਉਤਾਰ ਦਿੱਤਾ।
‘ਆਪ’ ਦੀ ਟਿਕਟ ਨਾ ਮਿਲਣ ਕਾਰਨ ਖੀਰਨੀਆਂ ਪਰਿਵਾਰ ਅਤੇ ਉਨ੍ਹਾਂ ਦੇ ਹਜ਼ਾਰਾਂ ਹੀ ਸਮਰਥਕਾਂ ਨੂੰ ਨਿਰਾਸ਼ਾ ਮਿਲੀ ਅਤੇ ਫਿਲਹਾਲ ਉਨ੍ਹਾਂ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਸੁਝਾਅ ਮੰਗੇ ਕਿ ਹੁਣ ਅਗਲੀ ਰਣਨੀਤੀ ਕਿ ਅਪਣਾਈ ਜਾਵੇ। ਖੀਰਨੀਆਂ ਪਰਿਵਾਰ ਵੱਲੋਂ ਜਦੋਂ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਤਾਂ ਉਸ ਵਿਚ ਸਭ ਦੇ ਵੱਖ-ਵੱਖ ਸੁਝਾਅ ਸਨ, ਜਿਨ੍ਹਾਂ ’ਚ ਕਈਆਂ ਨੇ ਕਿਹਾ ਕਿ ਆਜ਼ਾਦ ਚੋਣ ਲੜੀ ਜਾਵੇ ਅਤੇ ਕੁੱਝ ਅਕਾਲੀ ਦਲ ਵਿਚ ਵਾਪਸੀ ਦੀ ਵੀ ਗੱਲ ਕਰਦੇ ਰਹੇ ਪਰ ਫਿਲਹਾਲ ਕਿਸੇ ਵੀ ਸਿੱਟੇ ’ਤੇ ਨਹੀਂ ਪਹੁੰਚਿਆ ਜਾ ਸਕਿਆ। ਹਲਕਾ ਸਮਰਾਲਾ ਦਾ ਚੋਣ ਮੈਦਾਨ ਕਾਂਗਰਸ ਉਮੀਦਵਾਰ ਦੇ ਐਲਾਨ ਤੋਂ ਬਾਅਦ ਪੂਰੀ ਤਰ੍ਹਾਂ ਭਖ ਜਾਵੇਗਾ ਅਤੇ ਜਲਦ ਹੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਇਸ ਸਬੰਧੀ ਫ਼ੈਸਲਾ ਲੈਣਗੇ ਕਿ ਅਗਲੀ ਸਿਆਸੀ ਰਣਨੀਤੀ ਕਿ ਅਪਣਾਈ ਜਾਵੇ। ਜਗਜੀਵਨ ਸਿੰਘ ਖੀਰਨੀਆਂ ਤੇ ਉਨ੍ਹਾਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਖੀਰਨੀਆਂ ਦਾ ਇਲਾਕੇ ਦੇ ਲੋਕਾਂ ਨਾਲ ਕਾਫ਼ੀ ਨੇੜਤਾ ਹੈ ਕਿਉਂਕਿ ਉਹ ਹਰੇਕ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਹਨ ਅਤੇ ਲੋਕ ਵੀ ਇਸ ਵਾਰ ਚਾਹੁੰਦੇ ਸਨ ਕਿ ‘ਆਪ’ ਜਾਂ ਅਕਾਲੀ ਦਲ ਉਨ੍ਹਾਂ ਨੂੰ ਟਿਕਟ ਦਿੰਦਾ ਤਾਂ ਉਨ੍ਹਾਂ ਵੱਲੋਂ ਕੀਤੀ ਲੋਕ ਸੇਵਾ ਦਾ ਮੁੱਲ ਮੋੜਿਆ ਜਾ ਸਕੇ ਪਰ ਅਜਿਹਾ ਨਾ ਹੋ ਸਕਿਆ। ਬੇਸ਼ੱਕ ਖੀਰਨੀਆਂ ਪਰਿਵਾਰ ਨੂੰ ਕਿਸੇ ਪਾਰਟੀ ਵੱਲੋਂ ਟਿਕਟ ਨਾ ਮਿਲੀ ਪਰ ਹੁਣ ਵੀ ਉਹ ਜਿਸ ਸਿਆਸੀ ਪਾਰਟੀ ਨਾਲ ਸਬੰਧਿਤ ਉਮੀਦਵਾਰ ਦਾ ਸਮਰਥਨ ਕਰਨਗੇ ਤਾਂ ਹਲਕਾ ਸਮਰਾਲਾ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ, ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਤੱਕ ਪੂਰੀ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੇ ਹੱਕ ਵਿਚ ਆ ਕੇ ਪ੍ਰਚਾਰ ਕਰਨ ਪਰ ਫ਼ੈਸਲਾ ਖੀਰਨੀਆਂ ਪਰਿਵਾਰ ਦੇ ਹੱਥ ਵਿਚ ਹੈ ਕਿ ਉਨ੍ਹਾਂ ਅਗਲੀ ਸਿਆਸੀ ਰਣਨੀਤੀ ਕਿ ਅਪਨਾਉਣੀ ਹੈ।
ਸੁਖਬੀਰ ਬਾਦਲ ਨੇ ਖੀਰਨੀਆਂ ਪਰਿਵਾਰ ਦੀ ਘਰ ਵਾਪਸ ਲਈ ਜ਼ੋਰ ਅਜਮਾਇਸ਼ ਸ਼ੁਰੂ ਕੀਤੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਘਰ ਵਾਪਸੀ ਲਈ ਜ਼ੋਰ-ਅਜਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਸਬੰਧੀ ਉਨ੍ਹਾਂ ਆਪ ਵੀ ਫੋਨ ਕਰ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ। ਅਕਾਲੀ ਦਲ ਦੇ ਕਈ ਸੀਨੀਅਰ ਆਗੂ ਖੀਰਨੀਆਂ ਪਰਿਵਾਰ ਨੂੰ ਮਨਾਉਣ ਵਿਚ ਲੱਗੇ ਹੋਏ ਹਨ ਕਿ ਉਹ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਪਰਮਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਕੇ ਉਨ੍ਹਾਂ ਨੂੰ ਜਿਤਾਉਣ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਅਕਾਲੀ ਉਮੀਦਵਾਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਖੀਰਨੀਆਂ ਪਰਿਵਾਰ ਨੂੰ ਮਨਾਉਣ ਵਿਚ ਲੱਗੇ ਹੋਏ ਹਨ ਕਿ ਉਹ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨਾਲ ਚੱਲਣ ਅਤੇ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਦੂਸਰੇ ਪਾਸੇ ਜੇਕਰ ਸਾਬਕਾ ਵਿਧਾਇਕ ਖੀਰਨੀਆਂ ਆਜ਼ਾਦ ਤੌਰ ’ਤੇ ਚੋਣ ਲੜਦੇ ਹਨ ਤਾਂ ਇਸ ਦਾ ਸਿੱਧਾ ਲਾਭ ਕਾਂਗਰਸ ਉਮੀਦਵਾਰ ਨੂੰ ਹੋਵੇਗਾ, ਇਸ ਲਈ ਖੀਰਨੀਆਂ ਪਰਿਵਾਰ ਜੋ ਵੀ ਸਿਆਸੀ ਰਣਨੀਤੀ ਅਪਣਾਏਗਾ ਉਹ ਹਲਕਾ ਸਮਰਾਲਾ ਲਈ ਬੜੀ ਅਹਿਮ ਹੋਵੇਗੀ।