ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’

5/17/2020 2:29:12 PM

ਆਰਟੀਕਲ-5

ਨਵਦੀਪ ਸਿੰਘ ਗਿੱਲ

ਯੁਵਰਾਜ ਸਿੰਘ ਦਾ ਯੋਗਦਾਨ ਭਾਰਤੀ ਕ੍ਰਿਕਟ ਨੂੰ ਭੁਲਾਇਆ ਨਹੀਂ ਜਾ ਸਕਦਾ। ਯੁਵੀ ਕਰੋੜਾਂ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਖਿਡਾਰੀ ਹੈ। ਉਹ ਅਜਿਹਾ ਇਕੱਲਾ ਖਿਡਾਰੀ ਹੈ, ਜਿਸ ਨੇ ਭਾਰਤ ਨੂੰ ਤਿੰਨ ਵਿਸ਼ਵ ਕੱਪ ਜਿਤਾਏ, ਉਹ ਵੀ ਆਪਣੇ ਦਮ 'ਤੇ। ਜੂਨੀਅਰ ਤੇ ਸੀਨੀਅਰ ਵਿਸ਼ਵ ਕੱਪ ਦੀ ਜਿੱਤ ਵਿਚ ਉਸ ਦੇ ਯੋਗਦਾਨ ਦੀ ਗਵਾਹੀ ਉਸ ਨੂੰ ਮਿਲੇ 'ਮੈਨ ਆਫ ਦਿ ਵਰਲਡ ਕੱਪ' ਦੇ ਪੁਰਸਕਾਰ ਖੁਦ ਦਿੰਦੇ ਹਨ। ਪਹਿਲੇ ਟਵੰਟੀ-20 ਵਿਸ਼ਵ ਕੱਪ ਦੀ ਜਿੱਤ ਵਿਚ ਉਸ ਵਲੋਂ ਬਰੌਡ ਦੇ ਇਕ ਓਵਰ ਵਿਚ ਲਗਾਏ ਛੇ ਛੱਕਿਆਂ ਨੂੰ ਕੌਣ ਭੁੱਲ ਸਕਦਾ ਹੈ। ਯੁਵਰਾਜ ਜਿੰਨਾ ਵੱਡਾ ਰਿਹਾ ਉਨਾ ਹੀ ਖੇਡ ਮੈਦਾਨ ਤੋਂ ਬਾਹਰ ਸਿਰੜੀ ਅਤੇ ਸਿਦਕੀ ਸੁਭਾਅ ਵਾਲਾ ਵੀ। ਜੁਝਾਰੂ ਤੇ ਜੂਝਣ ਦਾ ਜਜ਼ਬਾ ਉਸ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਇਥੋਂ ਤੱਕ ਕਿ ਜਦੋਂ ਉਹ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋਇਆ ਤਾਂ ਉਥੋਂ ਵੀ ਵਾਪਸੀ ਕਰਕੇ ਖੇਡ ਪੰਡਿਤਾਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜ਼ਬੂਰ ਕਰ ਦਿੱਤਾ। 2011 ਵਿਚ ਵਿਸ਼ਵ ਕੱਪ ਉਸ ਨੇ ਖੂਨ ਦੀਆਂ ਉਲਟੀਆਂ ਨਾਲ ਖੇਡਿਆ। ਕੈਂਸਰ ਦੀ ਬੀਮਾਰੀ ਦੇ ਬਾਵਜੂਦ ਉਸ ਨੇ ਆਪਣੀ ਖੇਡ ਉਪਰ ਇਸ ਦਾ ਅਸਰ ਨਹੀਂ ਪੈਣ ਦਿੱਤਾ। ਹੋਰ ਤਾਂ ਹੋਰ ਉਸ ਨੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਕਿ ਉਹ ਕਿੰਨੀ ਪੀੜਾ ਵਿੱਚੋਂ ਗੁਜ਼ਰ ਰਿਹਾ ਹੈ। ਉਦੋਂ ਉਸ ਨੇ ਸਿੱਧਾ ਕੀਤਾ ਕਿ ਜੇਕਰ ਇਨਸਾਨ ਵਿਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਉਹ ਆਪਣੇ ਸਿਦਕ, ਸਿਰੜ, ਸੰਘਰਸ਼ ਤੇ ਜੁਝਾਰੂਪੁਣੇ ਨਾਲ ਕੁਝ ਵੀ ਕਰ ਸਕਦਾ ਹੈ। ਯੁਵਰਾਜ ਦੀ ਸਵੈ-ਜੀਵਨੀ 'ਦਿ ਟੈਸਟ ਆਫ ਮਾਈ ਲਾਈਫ ਫਰੌਮ ਕ੍ਰਿਕਟ ਟੂ ਕੈਂਸਰ ਐਂਡ ਬੈਕ' ਉਸ ਦੇ ਖੇਡ ਜੀਵਨ ਅਤੇ ਸੰਘਰਸ਼ ਦੀ ਕਹਾਣੀ ਦੀ ਦਾਸਤਾਨ ਹੈ।

ਖੱਬੇ ਹੱਥ ਦਾ ਸੁਹਣਾ ਸੁਨੱਖਾ ਤੇ ਲੰਬੇ ਕੱਦ-ਕਾਠ ਵਾਲਾ ਯੁਵੀ ਸਹੀ ਮਾਅਨਿਆਂ ਵਿਚ ਹਰਫਨਮੌਲਾ ਖਿਡਾਰੀ ਹੈ। ਚੌਥੇ ਜਾਂ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਯੁਵਰਾਜ ਦੀਆਂ ਛੋਟੀਆਂ ਪਾਰੀਆਂ ਵੀ ਵੱਡੀ ਮਹੱਤਤਾ ਰੱਖਦੀਆਂ ਹਨ। ਉਪਰੋਂ ਖੱਬੇ ਹੱਥ ਦੀ ਸਪਿੰਨ ਗੇਂਦਬਾਜ਼ੀ ਟੀਮ ਲਈ ਸੋਨੇ ਦੇ ਸੁਹਾਗਾ ਕੰਮ ਕਰਦੀ ਰਹੀ ਹੈ। ਬੱਲੇ ਅਤੇ ਗੇਂਦ ਦੋਵਾਂ ਨਾਲ ਬਣਾਏ ਉਸ ਦੇ ਰਿਕਾਰਡ ਛੇਤੀ ਨੀਂ ਟੁੱਟਣੇ। ਟੀਮ ਦੀ ਔਖੀ ਘੜੀ ਵਿਚ ਯੁਵਰਾਜ ਦਾ ਬੱਲਾ ਸਭ ਤੋਂ ਵੱਧ ਖਤਰਨਾਕ ਰੂਪ ਅਖਤਿਆਰ ਕਰਦਾ ਸੀ। ਵੱਡੇ ਮੰਚ ਉਤੇ ਉਸ ਦੀ ਖੇਡ ਵਿਚ ਹੋਰ ਨਿਖਾਰ ਆ ਜਾਂਦਾ ਸੀ। ਫਸਵੇਂ ਮੁਕਾਬਲਿਆਂ ਵਿਚੋਂ ਟੀਮ ਨੂੰ ਬਾਹਰ ਕੱਢਣ ਦੀ ਕਲਾ ਦਾ ਉਸ ਨੂੰ ਸੰਪਰੂਨ ਗਿਆਨ ਸੀ। ਉਸ ਦੀ ਖੇਡ ਸੈਂਕੜਿਆਂ ਦੇ ਰਿਕਾਰਡ ਦੀ ਬਜਾਏ ਮੈਚ ਜਿਤਾਓ ਪਾਰੀਆਂ ਕਾਰਨ ਜਾਣੀ ਜਾਂਦੀ ਹੈ। ਉਸਦੀ ਗਿਣਤੀ ਵਿਸ਼ਵ ਕ੍ਰਿਕਟ ਦੇ ਗਿਣੇ-ਚੁਣੇ ਮੈਚ ਜਿਤਾਓ ਖਿਡਾਰੀਆਂ ਵਿੱਚ ਆਉਂਦੀ ਹੈ। ਉਹ ਆਪਣੇ ਬਲਬੂਤੇ ਵੱਡੇ ਮੈਚ ਜਿਤਾਉਣ ਵਾਲਾ ਖਿਡਾਰੀ ਰਿਹਾ।

ਆਪਣੀ ਤਾਬੜਤੋੜ ਬੱਲੇਬਾਜ਼ੀ ਲਈ ਜਾਣੇ ਜਾਂਦੇ ਯੁਵੀ ਨੇ ਵਿਸ਼ਵ ਦੇ ਮੰਨੇ ਪ੍ਰਮੰਨੇ ਗੇਂਦਬਾਜ਼ਾਂ ਦੀ ਕੁਟਾਈ ਕੀਤੀ ਹੈ। ਪੁੱਲ, ਫਲਿੱਕ ਕੇ ਕੱਟ ਸ਼ਾਟ ਮਾਰਨ ਦਾ ਮਾਹਰ ਯੁਵਰਾਜ ਕਿਸੇ ਵੀ ਗੇਂਦਬਾਜ਼ ਦੀ ਕਿਸੇ ਵੀ ਥਾਂ ਸੁੱਟੀ ਗੇਂਦ ਨੂੰ ਬਾਊਂਡਰੀ ਪਾਰ ਮਾਰਨ ਦਾ ਮਾਹਿਰ ਸੀ। ਫੀਲਡਿੰਗ ਵਿਚ ਤਾਂ ਉਸ ਦਾ ਕੋਈ ਸਾਨੀ ਨਹੀਂ ਸੀ। ਹਵਾ ਵਿਚ ਚੀਤੇ ਵਾਂਗ ਗੇਂਦ ਉਪਰ ਝਪਟਕੇ ਫੀਲਡਿੰਗ ਕਰਨ ਵਾਲੇ ਯੁਵਰਾਜ ਨੇ ਬਹੁਤ ਔਖੇ ਕੈਚ ਲਪਕੇ ਹਨ। ਪੁਆਇੰਟ ਦੀ ਅਹਿਮ ਸਾਈਡ ਉਤੇ ਖੜ੍ਹਨ ਵਾਲੇ ਇਸ ਖਿਡਾਰੀ ਨੇ ਭਾਰਤੀ ਕ੍ਰਿਕਟ ਨੂੰ ਦੱਸਿਆ ਕਿ ਕਿਵੇਂ ਫੀਲਡਰ ਵੀ ਟੀਮ ਨੂੰ ਮੈਚ ਜਿਤਾ ਸਕਦੇ ਹਨ। ਯੁਵਰਾਜ ਦੀ ਮਕਬੂਲੀਅਤ ਪਿੱਛੇ ਇਕ ਵੱਡਾ ਕਾਰਨ ਇਹ ਵੀ ਰਿਹਾ ਹੈ ਕਿ ਉਹ ਹਮੇਸ਼ਾ ਤਕੜੀਆਂ ਟੀਮਾਂ ਖਾਸ ਕਰਕੇ ਭਾਰਤ ਦੀਆਂ ਰਵਾਇਤੀ ਵਿਰੋਧੀ ਟੀਮਾਂ ਪਾਕਿਸਤਾਨ ਅਤੇ ਆਸਟ੍ਰੇਲੀਆਂ ਖਿਲਾਫ ਚੰਗੀ ਖੇਡ ਦਿਖਾਉਣ ਵਿਚ ਕਾਮਯਾਬ ਰਿਹਾ।

ਪਿਤਾ ਯੋਗਰਾਜ ਸਿੰਘ ਦੇ ਨਾਲ ਯੁਵਰਾਜ ਸਿੰਘ

PunjabKesari

ਯੁਵਰਾਜ ਨੇ ਆਪਣੇ ਖੇਡ ਕਰੀਅਰ ਵਿਚ ਕਈ ਉਤਰਾਅ-ਚੜ੍ਹਾਅ ਦੇਖੇ। ਕਦੇ ਫਾਰਮ ਖਰਾਬ ਹੋ ਜਾਣ ਅਤੇ ਆਲੋਚਕਾਂ ਨੇ ਉਸ ਦੇ ਖੇਡ ਜੀਵਨ ਉਤੇ ਫੁੱਲਸਟਾਪ ਲਾ ਦੇਣਾ। ਅਜਿਹੇ ਮਾਹੌਲ ਵਿਚ ਉਹ ਜ਼ਬਰਦਸਤ ਪ੍ਰਦਰਸ਼ਨ ਨਾਲ ਬਾਹਰ ਨਿਕਲ ਕੇ ਫੇਰ ਛਾ ਜਾਂਦਾ। ਯੁਵਰਾਜ ਨੇ ਆਪਣੇ ਖੇਡ ਕਰੀਅਰ ਵਿਚ ਘਰੇਲੂ ਅਤੇ ਕੌਮਾਂਤਰੀ ਦੋਵਾਂ ਵਿਚ ਮਿਲ ਕੇ ਕੁੱਲ 38,263 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 62 ਸੈਂਕੜੇ ਅਤੇ 212 ਅਰਧ ਸੈਂਕੜੇ ਸ਼ਾਮਲ ਹਨ। ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਯੁਵਰਾਜ ਨੇ 512 ਛੱਕੇ ਅਤੇ 1631 ਚੌਕੇ ਜੜੇ ਹਨ। ਗੇਂਦਬਾਜ਼ੀ ਕਰਦਿਆਂ ਉਸ ਨੇ 435 ਵਿਕਟਾਂ ਹਾਸਲ ਕੀਤੀਆਂ। ਯੁਵਰਾਜ ਖੇਡ ਦੇ ਹਰ ਪਹਿਲੂ ਵਿਚ ਛਾ ਜਾਂਦਾ ਸੀ। ਬਤੌਰ ਫੀਲਡਿੰਗ ਕਰਦਿਆਂ ਉਸ ਨੇ ਹੁਣ ਤੱਕ ਕੁੱਲ 440 ਕੈਚ ਲਪਕੇ ਹਨ। ਯੁਵਰਾਜ ਨੂੰ ਆਪਣੇ ਖੇਡ ਜੀਵਨ ਦੌਰਾਨ ਕਈ ਵੱਡੇ ਐਵਾਰਡ, ਮਾਣ-ਸਨਮਾਨ ਤੇ ਪੁਰਸਕਾਰ ਵੀ ਮਿਲੇ। ਅੰਡਰ-19 ਵਿਸ਼ਵ ਕੱਪ ਤੇ ਆਈ.ਸੀ.ਸੀ. ਵਿਸ਼ਵ ਕੱਪ ਵਿਚ 'ਮੈਨ ਆਫ ਦਿ ਟੂਰਨਾਮੈਂਟ' ਮਿਲਿਆ।

2012 ਵਿਚ ਉਸ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ 2014 ਵਿਚ ਭਾਰਤ ਸਰਕਾਰ ਵਲੋਂ ਚੌਥਾ ਸਰਵਉੱਚ ਨਾਗਰਿਕ ਸਨਮਾਨ 'ਪਦਮ ਸ੍ਰੀ' ਦਿੱਤਾ ਗਿਆ। 2014 ਵਿਚ ਹੀ ਉਸ ਨੂੰ ਉਦਯੋਗ ਜਗਤ ਦੀ ਉੱਘੀ ਸੰਸਥਾ 'ਫਿੱਕੀ' ਨੇ ਸਾਲ ਦੇ ਸਰਵੋਤਮ ਪ੍ਰੇਰਨਾਸ੍ਰੋਤ ਖਿਡਾਰੀ ਦਾ ਐਵਾਰਡ ਦਿੱਤਾ। ਕ੍ਰਿਕਟ ਇਨਫੋ ਵਲੋਂ ਉਸ ਨੂੰ ਵਿਸ਼ਵ ਇਲੈਵਨ ਵਿਚ ਚੁਣਿਆ ਗਿਆ। ਜਿਵੇਂ ਖਿਡਾਰੀਆਂ ਦਾ ਕਿਸੇ ਖਾਸ ਨੰਬਰ ਨਾਲ ਲਗਾਅ ਹੁੰਦਾ ਹੈ, ਉਵੇਂ ਹੀ ਯੁਵਰਾਜ ਦਾ ਵੀ 12 ਨੰਬਰ ਨਾਲ ਬਹੁਤ ਲਗਾਅ ਸੀ। 1981 ਵਿਚ 12ਵੇਂ ਮਹੀਨੇ (ਦਸੰਬਰ) ਦੀ 12 ਤਾਰੀਕ ਨੂੰ ਸੈਕਟਰ 12 (ਪੀ.ਜੀ.ਆਈ.) ਵਿਚ ਜਨਮੇ ਯੁਵਰਾਜ ਨੇ ਪੂਰੇ ਖੇਡ ਕਰੀਅਰ ਵਿਚ 12 ਨੰਬਰ ਦੀ ਜਰਸੀ ਪਾ ਕੇ ਹੀ ਕ੍ਰਿਕਟ ਖੇਡੀ। ਟਵੰਟੀ-20 ਵਿਸ਼ਵ ਕੱਪ ਵਿਚ 12 ਗੇਂਦਾਂ ਉਪਰ ਹੀ ਅਰਧ ਸੈਂਕੜਾਂ ਮਾਰ ਕੇ ਉਸ ਨੇ ਵਿਸ਼ਵ ਰਿਕਾਰਡ ਵੀ ਬਣਾਇਆ। ਯੁਵਰਾਜ ਨੇ ਸਾਲ 2012 ਵਿਚ ਕੈਂਸਰ ਦੇ ਇਲਾਜ ਤੋਂ ਬਾਅਦ ਵਾਪਸੀ ਕੀਤੀ।

ਯੁਵਰਾਜ ਦਾ ਖੇਡ ਕਰੀਅਰ ਉਸ ਦੇ ਪਿਤਾ ਯੋਗਰਾਜ ਸਿੰਘ ਦੀਆਂ ਉਮੀਦਾਂ, ਆਸਾਂ, ਦੁਆਵਾਂ, ਤਪੱਸਿਆ ਦਾ ਫਲ ਹੈ। ਹਰ ਪਿਤਾ ਵਾਂਗ ਯੋਗਰਾਜ ਨੂੰ ਵੀ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ ਪਰ ਇਨ੍ਹਾਂ ਨੂੰ ਪੂਰਾ ਕਰਨ ਲਈ ਉਹ ਹਠੀ ਵੀ ਬਹੁਤ ਸੀ। ਯੋਗਰਾਜ ਸਿੰਘ ਜਦੋਂ ਖੁਦ 1983 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਨਾ ਬਣ ਸਕਿਆ ਤਾਂ ਉਸ ਵੇਲੇ ਇੱਛਾ ਪ੍ਰਗਟਾਈ ਸੀ ਕਿ ਇਹ ਅਧੂਰਾ ਸੁਫਨਾ ਉਸ ਦਾ ਪੁੱਤਰ ਪੂਰਾ ਕਰੇ। ਉਸ ਵੇਲੇ ਨੰਨ੍ਹਾ ਯੁਵੀ ਮਹਿਜ਼ ਡੇਢ ਵਰ੍ਹਿਆਂ ਦਾ ਸੀ। ਆਖ਼ਰਕਾਰ ਯੁਵੀ ਨੇ 2011 ਵਿਚ ਆਪਣੇ ਪਿਤਾ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਪੂਰਾ ਕੀਤਾ। ਪੰਜਾਬ ਦੇ ਪਿੰਡ ਕਨੇਚ ਨਾਲ ਪਿਛੋਕੜ ਰੱਖਣ ਵਾਲੇ ਯੋਗਰਾਜ ਸਿੰਘ ਤੇ ਸ਼ਬਨਮ ਕੌਰ ਦੇ ਪੁੱਤਰ ਯੁਵਰਾਜ ਦੀ ਕ੍ਰਿਕਟ ਖੇਡ ਦੀ ਸ਼ੁਰੂਆਤ ਵੀ ਅਨੋਖੀ ਹੈ। ਛੋਟੇ ਹੁੰਦਿਆਂ ਇਕ ਵਾਰ ਜਦੋਂ ਯੁਵਰਾਜ ਸਕੇਟਿੰਗ ਵਿਚ ਮੈਡਲ ਜਿੱਤ ਕੇ ਘਰ ਵਾਪਸ ਆਇਆ ਤਾਂ ਉਸ ਦੇ ਪਿਤਾ ਨੇ ਮੈਡਲ ਸੁੱਟ ਕੇ ਕਿਹਾ, ''ਤੂੰ ਕ੍ਰਿਕਟ ਹੀ ਖੇਡਣੀ ਹੈ।'' ਯੁਵੀ ਨੇ ਆਪਣੇ ਸੰਨਿਆਸ ਦੇ ਐਲਾਨ ਤੋਂ ਬਾਅਦ ਆਪਣੇ ਪਿਤਾ ਸਾਹਮਣੇ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਦਿਨ ਤੋਂ ਬਾਅਦ ਉਹ ਦੁਬਾਰਾ ਸਕੇਟਿੰਗ ਹਾਲ ਗਿਆ ਸੀ ਪਰ ਆਪਣੇ ਪਿਤਾ ਦੇ ਗੁੱਸੇ ਦੇ ਡਰੋਂ ਦੁਬਾਰਾ ਸਕੇਟਿੰਗ ਕਰਨ ਦਾ ਹੀਆ ਨਹੀਂ ਕਰ ਸਕਿਆ।

ਯੁਵਰਾਜ ਸਿੰਘ ਵਿਸ਼ਵ ਕੱਪ 2011 

PunjabKesari

ਯੁਵੀ ਨੂੰ ਛੋਟੇ ਹੁੰਦਿਆਂ ਘਰ ਵਿਚ ਨੈਟ ਪ੍ਰੈਕਟਿਸ ਲਈ ਫਲੱਡ ਲਾਈਟਾਂ ਅਤੇ ਵਰਜਿਸ਼ ਲਈ ਜਿੰਮ ਬਣਾਈ ਗਈ। ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਸੌਰਵ ਗਾਂਗੁਲੀ ਤੋਂ ਬਾਅਦ ਯੁਵਰਾਜ ਹੀ ਅਜਿਹਾ ਖਿਡਾਰੀ ਹੈ, ਜਿਸ ਦੇ ਘਰ ਵਿਚ ਹੀ ਸਾਰੀਆਂ ਖੇਡ ਸਹੂਲਤਾਂ ਮੌਜੂਦ ਸਨ। ਯੁਵਰਾਜ ਨੂੰ ਕ੍ਰਿਕਟਰ ਬਣਾਉਣ ਲਈ ਯੋਗਰਾਜ ਨੇ ਉਸ ਨੂੰ ਬਹੁਤ ਮਿਹਨਤ ਕਰਵਾਈ। ਉਸ ਦਾ ਘਰ ਹੀ ਕ੍ਰਿਕਟ ਗਰਾਊਂਡ ਬਣਾ ਦਿੱਤਾ, ਜਿੱਥੇ ਉਸ ਨੇ ਪ੍ਰੈਕਟਿਸ ਕਰਦਿਆਂ ਗੁਆਢੀਆਂ ਦੇ ਬਹੁਤ ਸ਼ੀਸ਼ੇ ਭੰਨੇ। ਯੋਗਰਾਜ ਯੁਵੀ ਨੂੰ ਤਕੜੇ ਤੇਜ਼ ਗੇਂਦਬਾਜ਼ਾਂ ਦੀਆਂ ਬਾਊਂਸਰਾਂ ਲਈ ਤਿਆਰ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੇ ਘਰ ਸੀਮਿੰਟ ਦੀ ਪਿੱਚ ਬਣਾ ਕੇ ਉਸ ਉਪਰ ਸਾਬਣ ਵਾਲਾ ਪਾਣੀ ਸੁੱਟ ਕੇ ਬੱਲੇਬਾਜ਼ੀ ਦਾ ਅਭਿਆਸ ਕਰਵਾਉਣਾ। ਛੋਟੀ ਉਮਰੇ ਉਸ ਨੂੰ ਪੇਸ ਅਕੈਡਮੀ ਲਿਜਾ ਕੇ ਤੇਜ ਗੇਂਦਬਾਜ਼ਾਂ ਅੱਗੇ ਖਿਡਾਉਣਾ। ਜਦੋਂ ਯੁਵੀ ਨੇ ਹੈਲਮਟ ਦੀ ਮੰਗ ਕਰਨੀ ਤਾਂ ਅੱਗਿਓ ਯੋਗਰਾਜ ਦਾ ਜਵਾਬ ਹੁੰਦਾ ਕਿ ਵਿਵ ਰਿਚਰਡਜ਼ ਕਿਹੜਾ ਹੈਲਮਟ ਨਾਲ ਖੇਡਦਾ ਸੀ। ਯੋਗਰਾਜ ਨੇ ਯੁਵੀ ਦੇ ਛੋਟੇ ਹੁੰਦਿਆਂ ਹੀ ਉਸ ਦੀ ਤੁਲਨਾ ਵਿਵ ਰਿਚਰਡਜ਼, ਗੈਰੀ ਸੋਬਰਜ਼ ਨਾਲ ਕਰਨੀ ਤਾਂ ਜੋ ਇਹ ਨਿਸ਼ਾਨੇ ਤੋਂ ਭਟਕੇ ਨਾ।

ਇਕ ਵਾਰ ਜਦੋਂ ਯੁਵਰਾਜ ਦੇ ਗੇਂਦ ਵੱਜਣ ਨਾਲ ਉਸ ਦਾ ਮੂੰਹ ਸੁੱਜ ਗਿਆ ਤਾਂ ਯੁਵੀ ਦੀ ਦਾਦੀ ਆਪਣੇ ਮੁੰਡੇ ਯੋਗਰਾਜ ਨੂੰ ਝਿੜਕਣ ਲੱਗੀ। ਪਰ ਪਿਤਾ ਦੇ ਕਹਿਣ 'ਤੇ ਸੁੱਜੇ ਹੋਏ ਮੂੰਹ ਨਾਲ ਯੁਵਰਾਜ ਦੁਬਾਰਾ ਬੱਲਾ ਚੁੱਕ ਕੇ ਪ੍ਰੈਕਟਿਸ ਕਰਨ ਲੱਗ ਗਿਆ। ਯੋਗਰਾਜ ਦੀ ਆਪਣੀ ਮਾਂ ਤੇ ਆਪਣੀ ਪਤਨੀ ਨੂੰ ਸਖਤ ਹਦਾਇਤ ਸੀ ਕਿ ਉਹ ਯੁਵੀ ਦੀ ਪ੍ਰੈਕਟਿਸ ਦੇ ਵਿਚਕਾਰ ਨਾ ਆਉਣ। ਯੋਗਰਾਜ ਨੇ ਯੁਵੀ ਨੂੰ ਕਰੜੀ ਤਪੱਸਿਆ ਕਰਵਾਉਣੀ। ਬਾਕੀ ਮੁੰਡਿਆਂ ਨੇ 10 ਗੇੜੇ ਲਾਉਣੇ ਪਰ ਯੁਵੀ ਨੂੰ 50 ਗੇੜੇ ਲਾਉਣੇ ਪੈਂਦੇ। ਯੋਗਰਾਜ ਨੇ ਯੁਵੀ ਦੇ ਯੁਵਰਾਜ ਤੱਕ ਦੇ ਸਫਰ ਦਰਮਿਆਨ ਬਹੁਤ ਘਾਲਣਾ ਘਾਲੀ। ਯੋਗਰਾਜ ਨੂੰ ਸਾਰੀ ਉਮਰ ਇਕ ਵਹਿਮ ਵੀ ਰਿਹਾ ਕਿ ਜੇ ਉਹ ਯੁਵੀ ਨੂੰ ਮੈਚ ਖੇਡਦਾ ਲਾਈਵ ਟੀ.ਵੀ. ਉਪਰ ਦੇਖੇਗਾ ਤਾਂ ਉਹ ਸ਼ਾਇਦ ਜਲਦੀ ਆਊਟ ਹੋ ਜਾਵੇਗਾ। ਇਸੇ ਲਈ ਉਸ ਨੇ ਯੁਵਰਾਜ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਦੇਖਣ ਦੀ ਬਜਾਏ ਬਾਅਦ ਵਿਚ ਰਿਕਾਰਡਿੰਗ ਹੀ ਦੇਖੀਆਂ।

ਯੁਵਰਾਜ ਨੇ ਛੋਟੀ ਉਮਰ ਵਿਚ ਆਪਣੇ ਬੱਲੇ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਯੁਵਰਾਜ ਦੀ ਉਮਰ 14 ਵਰ੍ਹਿਆਂ ਤੋਂ ਘੱਟ ਸੀ ਜਦੋਂ ਉਹ ਪੰਜਾਬ ਦੀ ਅੰਡਰ-16 ਟੀਮ ਵਿਚ ਚੁਣਿਆ ਗਿਆ ਅਤੇ ਅਗਲੇ ਸਾਲ ਹੀ ਉਹ ਅੰਡਰ-19 ਟੀਮ ਵਿਚ ਚੁਣਿਆ ਗਿਆ, ਜਿੱਥੇ ਉਸ ਨੇ ਹਿਮਾਚਲ ਪ੍ਰਦੇਸ਼ ਖਿਲਾਫ 137 ਦੌੜਾਂ ਦੀ ਪਾਰੀ ਖੇਡੀ। 16 ਵਰ੍ਹਿਆਂ ਦਾ ਯੁਵਰਾਜ ਰਣਜੀ ਟਰਾਫੀ ਖੇਡਿਆ। ਪੰਜਾਬ ਦੀ ਰਣਜੀ ਟੀਮ ਦੇ ਕੋਚ ਰਹਿ ਚੁੱਕੇ ਭੁਪਿੰਦਰ ਸਿੰਘ ਸੀਨੀਅਰ ਦਾ ਕਹਿਣਾ ਹੈ ਕਿ ਰਣਜੀ ਟਰਾਫੀ ਵਿਚ ਮੁੰਬਈ ਨੂੰ ਮੁੰਬਈ ਵਿਚ ਹਰਾਉਣਾ ਖਾਲਾ ਜੀ ਦਾ ਵਾੜਾ ਨਹੀਂ। ਇਕ ਵਾਰ ਇਕ ਰੋਜ਼ਾ ਮੈਚ ਵਿਚ ਪੰਜਾਬ ਦੀ ਟੀਮ ਨੇ ਵੱਡੇ ਖਿਡਾਰੀਆਂ ਨਾਲ ਭਰੀ ਮੁੰਬਈ ਦੀ ਟੀਮ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਯੁਵਰਾਜ ਦੇ ਸੈਂਕੜੇ ਦਾ ਸੀ।

ਖੇਡ ਦੇ ਦੌਰਾਨ ਮੈਦਾਨ ਵਿਚ ਬੈਠੇ ਯੁਵਰਾਜ ਸਿੰਘ

PunjabKesari

ਇਹੋ ਮੈਚ ਯੁਵਰਾਜ ਲਈ ਭਾਰਤੀ ਟੀਮ ਵਿਚ ਦਾਖਲੇ ਦਿਵਾਉਣ ਵਿਚ ਸਹਾਈ ਸਿੱਧ ਹੋਇਆ। ਘਰੇਲੂ ਕ੍ਰਿਕਟ ਵਿੱਚ ਯੁਵੀ ਦੇ ਬੱਲੇ ਦੀ ਗੂੰਜ 1999 ਦੀ ਕੂਚ ਬਿਹਾਰ ਟਰਾਫੀ ਦੇ ਫਾਈਨਲ ਵਿੱਚ ਪੂਰੇ ਦੇਸ਼ ਨੂੰ ਸੁਣੀ। ਜਮਸ਼ੇਦਪੁਰ ਵਿਖੇ ਖੇਡੇ ਮੈਚ ਵਿੱਚ ਬਿਹਾਰ ਦੀ ਪੂਰੀ ਟੀਮ ਜਿੱਥੇ 357 ਦੌੜਾਂ ਬਣਾ ਸਕੀ ਉਥੇ ਯੁਵੀ ਨੇ ਇਕੱਲਿਆ 358 ਦੌੜਾਂ ਬਣਾਈਆਂ। ਇਹ ਉਹੋ ਮੈਚ ਸੀ ਜਦੋਂ ਮੁਕਾਬਲੇ ਵਿੱਚ ਮਹਿੰਦਰ ਸਿੰਘ ਧੋਨੀ ਖੇਡ ਰਿਹਾ ਸੀ। ਇਸੇ ਮੈਚ ਨੂੰ ਧੋਨੀ ਦੇ ਜੀਵਨ ਬਾਰੇ ਬਣੀ ਬਾਲੀਵੁੱਡ ਫਿਲਮ ਵਿੱਚ ਸ਼ਾਮਲ ਕੀਤਾ ਗਿਆ, ਜਿੱਥੇ ਦਿਖਾਇਆ ਗਿਆ ਕਿ ਕਿਵੇਂ ਯੁਵਰਾਜ ਦੀ ਮੈਦਾਨ ਦੇ ਅੰਦਰ ਤੇ ਬਾਹਰ ਦੀ ਪਰਸਨੈਲਟੀ ਵਿਰੋਧੀਆਂ ਨੂੰ ਕਿਵੇਂ ਭੈਅ ਭੀਤ ਕਰਦੀ ਹੈ। ਇਸੇ ਮੈਚ ਵਿੱਚ ਖੇਡੀ ਮੈਰਾਥਨ ਪਾਰੀ ਬਦਲੌਤ ਯੁਵਰਾਜ ਭਾਰਤੀ ਅੰਡਰ-19 ਟੀਮ ਵਿੱਚ ਚੁਣਿਆ ਗਿਆ, ਜਦੋਂ ਕਿ ਧੋਨੀ ਦੀ ਚੋਣ ਨਹੀਂ ਹੋਈ ਸੀ। ਭਾਰਤ ਦੀ ਅੰਡਰ-19 ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਸ੍ਰੀਲੰਕਾ ਖਿਲਾਫ ਉਸ ਨੇ ਪਹਿਲਾ ਮੈਚ ਖੇਡਿਆ, ਜਿਸ ਵਿੱਚ 55 ਗੇਂਦਾਂ ਉਤੇ 89 ਦੌੜਾਂ ਬਣਾਈਆਂ। ਉਸੇ ਸਾਲ ਰਣਜੀ ਟਰਾਫੀ ਵਿੱਚ ਉਸ ਨੇ ਹਰਿਆਣਾ ਖਿਲਾਫ 149 ਦੌੜਾਂ ਦੀ ਪਾਰੀ ਖੇਡੀ।

ਸਾਲ 2000 ਯੁਵੀ ਲਈ ਭਾਗਾਂ ਭਰਿਆ ਰਿਹਾ। ਸਾਲ ਦੇ ਪਹਿਲੇ ਮਹੀਨੇ ਉਸ ਨੇ ਭਾਰਤ ਵਲੋਂ ਸ੍ਰੀਲੰਕਾ ਵਿਖੇ ਖੇਡੇ ਗਏ ਜੂਨੀਅਰ (ਅੰਡਰ-19) ਵਿਸ਼ਵ ਕੱਪ ਵਿਚ ਹਿੱਸਾ ਲਿਆ। ਯੁਵਰਾਜ ਦਾ ਬੱਲਾ ਅਤੇ ਗੇਂਦ ਦੋਵੇਂ ਚਮਕੇ ਅਤੇ ਉਸ ਦੀ ਹਰਫਨਮੌਲਾ ਖੇਡ ਸਦਕਾ ਭਾਰਤ ਪਹਿਲੀ ਵਾਰ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ। ਯੁਵਰਾਜ ਨੂੰ 'ਮੈਨ ਆਫ ਦਿ ਟੂਰਨਾਮੈਂਟ' ਖਿਤਾਬ ਮਿਲਿਆ। ਸੈਮੀਫਾਈਨਲ ਵਿਚ ਆਸਟਰੇਲੀਆ ਖਿਲਾਫ ਯੁਵਰਾਜ ਦੀ 20 ਗੇਂਦਾਂ ਉਤੇ 50 ਦੌੜਾਂ ਦੀ ਤਾਬੜਤੋੜ ਪਾਰੀ ਨੂੰ ਯਾਦ ਕਰਕੇ ਅੱਜ ਵੀ ਉਸ ਵੇਲੇ ਦੇ ਆਸਟ੍ਰੇਲਿਆਈ ਗੇਂਦਬਾਜ਼ਾਂ ਨੂੰ ਡਰਾਉਣੇ ਸੁਫਨੇ ਆਉਂਦੇ ਹਨ।

ਜੂਨੀਅਰ ਵਿਸ਼ਵ ਕੱਪ ਦੇ ਧਮਾਕੇਦਾਰ ਪ੍ਰਦਰਸ਼ਨ ਬਦੌਲਤ ਉਹ ਭਾਰਤੀ ਸੀਨੀਅਰ ਕ੍ਰਿਕਟ ਟੀਮ ਵਿਚ ਚੁਣਿਆ ਗਿਆ। ਉਦੋਂ ਉਸ ਦੀ ਉਮਰ 19 ਵਰ੍ਹਿਆਂ ਦੀ ਸੀ। ਭਾਰਤੀ ਟੀਮ ਵਿਚ ਐਂਟਰੀ ਵੀ ਉਸ ਦੀ ਧਮਾਕੇਦਾਰ ਰਹੀ। ਨੈਰੋਬੀ ਵਿਖੇ ਮਿੰਨੀ ਵਿਸ਼ਵ ਕੱਪ ਖੇਡਿਆ ਗਿਆ। ਪਹਿਲੇ ਮੈਚ ਵਿਚ ਤਾਂ ਉਸ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਦੂਜੇ ਹੀ ਮੈਚ ਵਿਚ ਯੁਵਰਾਜ ਨੇ ਆਸਟ੍ਰੇਲੀਆ ਖਿਲਾਫ ਗਲੈਨ ਮੈਕ੍ਰਗਾਹ, ਬਰੈਟ ਲੀ ਤੇ ਜੇਸਨ ਗਲੈਸਪੀ ਜਿਹੇ ਧੂੰਆਂਧਾਰ ਗੇਂਦਬਾਜ਼ਾਂ ਸਾਹਮਣੇ ਬੱਲੇਬਾਜ਼ੀ ਕਰਦਿਆਂ 80 ਗੇਂਦਾਂ ਉਤੇ 84 ਦੌੜਾਂ ਦੀ ਜੁਝਾਰੂ ਪਾਰੀ ਖੇਡੀ, ਜਦੋਂ ਸਾਰੇ ਭਾਰਤੀ ਬੱਲੇਬਾਜ਼ ਫੇਲ੍ਹ ਹੋ ਗਏ। ਇਸ ਪਾਰੀ ਨਾਲ ਭਾਰਤੀ ਕ੍ਰਿਕਟ ਨੂੰ ਇਕ ਮੈਚ ਵਿਨਰ ਬੱਲੇਬਾਜ਼ ਮਿਲਿਆ, ਜਿਸ ਨੇ ਡੇਢ ਦਹਾਕਾ ਭਾਰਤੀ ਕ੍ਰਿਕਟ ਵਿਚ ਆਪਣਾ ਦਬਦਬਾ ਕਾਇਮ ਕੀਤਾ। ਆਪਣੀ ਖੇਡ ਤੋਂ ਸੰਨਿਆਸ ਲੈਣ ਮੌਕੇ  ਆਪਣੇ ਯਾਦਗਾਰੀ ਪਲਾਂ ਦਾ ਜ਼ਿਕਰ ਕਰਦਿਆਂ ਯੁਵਰਾਜ ਨੇ ਇਸ 84 ਦੌੜਾਂ ਦੀ ਪਾਰੀ ਨੂੰ ਆਪਣੇ 19 ਸਾਲ ਦੇ ਖੇਡ ਕਰੀਅਰ ਦੌਰਾਨ ਖੇਡੀਆਂ ਬਿਹਤਰੀਨ ਪਾਰੀਆਂ ਵਿਚੋਂ ਇਕ ਮੰਨਿਆ ਸੀ। ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਵਿਰੁੱਧ ਮੈਚ ਦੌਰਾਨ ਹਵਾ ਵਿਚ ਛਾਲ ਮਾਰ ਕੇ ਉਸ ਦਾ ਲਪਕਿਆ ਜੇਤੂ ਕੈਚ ਭਾਰਤ ਨੂੰ ਫਾਈਨਲ ਵਿਚ ਪਹੁੰਚਾਉਣ ਵਿਚ ਸਫਲ ਹੋਇਆ। ਸੈਮੀ ਫਾਈਨਲ ਵਿੱਚ ਵੀ ਉਸ ਨੇ 41 ਦੌੜਾਂ ਦੀ ਤੇਜ਼ ਤਰਾਰ ਪਾਰੀ ਵੀ ਖੇਡੀ।

ਲੇਖਣ ਨਵਦੀਪ ਸਿੰਘ ਗਿੱਲ ਦੇ ਨਾਲ ਯੁਵਰਾਜ ਸਿੰਘ

PunjabKesari

2002 ਵਿਚ ਯੁਵਰਾਜ ਮਾੜੀ ਫਾਰਮ ਕਾਰਨ ਟੀਮ ਵਿੱਚੋਂ ਬਾਹਰ ਹੋਇਆ ਅਤੇ ਫੇਰ ਉਸ ਨੇ ਘਰੇਲੂ ਕ੍ਰਿਕਟ ਦੌਰਾਨ ਦਿਲੀਪ ਟਰਾਫੀ ਵਿੱਚ 209 ਦੌੜਾਂ ਦੀ ਪਾਰੀ ਖੇਡ ਕੇ ਵਾਪਸੀ ਕੀਤੀ ਅਤੇ ਜ਼ਿੰਬਾਬਵੇ ਖਿਲਾਫ 1-2 ਨਾਲ ਪਿੱਛੇ ਚੱਲ ਰਹੀ ਭਾਰਤੀ ਟੀਮ ਲਈ ਜਿੱਤ ਦਾ ਸੂਤਰਧਾਰ ਬਣਿਆ। ਯੁਵਰਾਜ ਨੇ 60 ਗੇਂਦਾਂ 'ਤੇ 80 ਦੌੜਾਂ ਅਤੇ 52 ਗੇਂਦਾਂ 'ਤੇ 72 ਦੌੜਾਂ ਦੀਆਂ ਦੋ ਪਾਰੀਆਂ ਖੇਡ ਕੇ ਭਾਰਤ ਨੂੰ ਲੜੀ ਜਿਤਾਈ। ਯੁਵਰਾਜ ਦੇ ਅਰਧ ਸੈਂਕੜੇ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਦੇ ਸੈਂਕੜਿਆਂ 'ਤੇ ਭਾਰੀ ਪੈਂਦੇ ਰਹੇ ਹਨ। 2002 ਵਿਚ ਹੀ ਇੰਗਲੈਂਡ ਵਿਚ ਨੈਟਵੈਸਟ ਟਰਾਫੀ ਦੇ ਫਾਈਨਲ ਵਿਚ ਕਿਸੇ ਵੀ ਭਾਰਤੀ ਕ੍ਰਿਕਟ ਪ੍ਰੇਮੀ ਨੇ ਇਹ ਸੋਚਿਆ ਨਹੀਂ ਸੀ ਕਿ ਟਾਪ ਆਰਡਰ ਦੇ ਜਲਦੀ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ 300 ਤੋਂ ਵੱਧ ਦੌੜਾਂ ਦਾ ਟੀਚਾ ਪਾਰ ਕਰ ਲਵੇਗੀ ਪਰ ਇਹ ਅਸੰਭਵ ਨੂੰ ਸੰਭਵ ਯੁਵਰਾਜ ਦੀ ਅਰਧ ਸੈਂਕੜੇ ਵਾਲੀ ਪਾਰੀ ਨੇ ਕੀਤਾ। ਯੁਵਰਾਜ ਤੇ ਕੈਫ ਦੀ ਸਾਂਝੇਦਾਰੀ ਨੂੰ ਭਾਰਤੀ ਕ੍ਰਿਕਟ ਦੇ ਸਭ ਤੋਂ ਜਾਨਦਾਰ ਕਪਤਾਨ ਰਹੇ ਸੌਰਵ ਗਾਂਗੁਲੀ ਨੂੰ ਲਾਰਡਜ਼ ਵਿਖੇ ਆਪਣੀ ਟੀ-ਸ਼ਰਟ ਉਤਾਰ ਕੇ ਫਲਿੰਟਾਫ ਵਲੋਂ ਭਾਰਤ ਵਿਚ ਟੀ-ਸ਼ਰਟ ਉਤਾਰ ਕੇ ਮਨਾਏ ਜਸ਼ਨਾਂ ਦੀ ਬੇਇੱਜ਼ਤੀ ਦਾ ਬਦਲਾ ਲੈਣ ਦਾ ਮੌਕਾ ਮਿਲਿਆ।

2003 ਵਿਚ ਯੁਵਰਾਜ ਨੇ ਆਪਣਾ ਵਿਸ਼ਵ ਕੱਪ ਖੇਡਿਆ। ਦੱਖਣੀ ਅਫਰੀਕਾ ਦੀ ਧਰਤੀ 'ਤੇ ਖੇਡੇ ਗਏ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ 20 ਵਰ੍ਹਿਆਂ ਬਾਅਦ ਫਾਈਨਲ ਵਿਚ ਪਹੁੰਚੀ ਪਰ ਉਪ ਜੇਤੂ ਹੀ ਬਣ ਸਕੀ। ਇਸ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ ਨੇ ਦੋ ਮਹੱਤਵਪੂਰਨ ਪਾਰੀਆਂ ਖੇਡੀਆਂ, ਜਿਨ੍ਹਾਂ ਵਿਚ ਸ੍ਰੀਲੰਕਾ ਵਿਰੁੱਧ ਨਾਬਾਦ 98 ਅਤੇ ਪਾਕਿਸਤਾਨ ਵਿਰੁੱਧ ਨਾਬਾਦ 50 ਦੀ ਪਾਰੀ ਪ੍ਰਮੁੱਖ ਸੀ। ਨਾਮੀਬੀਆ ਖਿਲਾਫ ਮੈਚ ਵਿਚ ਚਾਰ ਵਿਕਟਾਂ ਲੈ ਕੇ ਯੁਵਰਾਜ ਨੇ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਏ।

2006-07 ਵਿਚ ਯੁਵਰਾਜ ਆਪਣੀ ਬੱਲੇਬਾਜ਼ੀ ਦੀ ਮਾੜੀ ਫਾਰਮ ਵਿਚੋਂ ਗੁਜ਼ਰਿਆ। ਇਸ ਸਮੇਂ ਦੌਰਾਨ ਉਸ ਨੂੰ ਖੱਬੇ ਗੋਡੇ ਦੀ ਸੱਟ ਵੀ ਲੱਗੀ, ਜਿਸ ਨਾਲ ਉਸ ਨੂੰ ਟੀਮ ਤੋਂ ਬਾਹਰ ਦਾ ਰਾਸਤਾ ਦੇਖਣਾ ਪਿਆ। 2007 ਵਿਚ ਵਿਸ਼ਵ ਕੱਪ ਵਿਚ ਯੁਵਰਾਜ ਨੇ ਵਾਪਸੀ ਕਰਦਿਆਂ ਬਰਮੂਡਾ ਖਿਲਾਫ 43 ਗੇਂਦਾਂ 'ਤੇ 86 ਦੌੜਾਂ ਦੀ ਪਾਰੀ ਜ਼ਰੂਰ ਖੇਡੀ ਪਰ ਭਾਰਤੀ ਟੀਮ ਪਹਿਲੇ ਦੌਰ ਵਿਚੋਂ ਬਾਹਰ ਹੋਣ ਕਾਰਨ ਇਹ ਵਿਸ਼ਵ ਕੱਪ ਭਾਰਤ ਲਈ ਸਭ ਤੋਂ ਮਾੜਾ ਰਿਹਾ। ਇਸੇ ਸਾਲ ਪਹਿਲਾ ਟਵੰਟੀ-20 ਵਿਸ਼ਵ ਕੱਪ ਖੇਡਿਆ ਗਿਆ। ਸਚਿਨ, ਗਾਂਗੁਲੀ ਤੇ ਸਹਿਵਾਗ ਦੀ ਤਿੱਕੜੀ ਇਸ ਵਿਸ਼ਵ ਕੱਪ ਤੋਂ ਬਾਹਰ ਰਹੀ ਅਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਨਵੇਂ ਖਿਡਾਰੀਆਂ ਦੀ ਟੀਮ ਦੱਖਣੀ ਅਫਰੀਕਾ ਭੇਜੀ ਗਈ। ਲੱਗ ਰਿਹਾ ਸੀ ਕਿ ਸ਼ਾਇਦ ਯੁਵਰਾਜ ਪਹਿਲੇ ਵਿਸ਼ਵ ਕੱਪ ਦਾ ਹਿੱਸਾ ਨਾ ਬਣ ਸਕੇ।

ਮੈਦਾਨ ’ਚ ਬਾਕੀ ਦੇ ਖਿਡਾਰੀਆਂ ਦੇ ਨਾਲ ਜਿੱਤ ਦੀ ਖੁਸ਼ੀ ਪ੍ਰਗਟ ਕਰਦੇ ਹੋਏ ਯੁਵਰਾਜ ਸਿੰਘ

PunjabKesari

ਮਾੜੀ ਫਾਰਮ ਤੇ ਸੱਟ ਕਾਰਨ ਟੀਮ ਵਿਚੋਂ ਬਾਹਰ ਚੱਲ ਰਹੇ ਯੁਵਰਾਜ ਦੇ ਪੁਰਾਣੇ ਰਿਕਾਰਡ ਨੂੰ ਦੇਖਦਿਆਂ ਟੀਮ ਵਿਚ ਬਤੌਰ ਉਪ ਕਪਤਾਨ ਸ਼ਾਮਲ ਕੀਤਾ ਗਿਆ। ਜ਼ਿੱਦ ਪੁਗਾਉਣ ਦੇ ਆਦੀ ਯੁਵਰਾਜ ਨੇ ਇੰਗਲਿਸ਼ ਗੇਂਦਬਾਜ਼ ਬਰੌਡ ਦੇ 1 ਓਵਰ ਵਿਚ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਕੌਮਾਂਤਰੀ ਕ੍ਰਿਕਟ ਵਿਚ ਆਪਣੀ ਨਾ ਸਿਰਫ ਧਮਾਕੇਦਾਰ ਵਾਪਸੀ ਕੀਤੀ ਬਲਕਿ ਉਸ ਤੋਂ ਬਾਅਦ ਯੁਵੀ ਨੂੰ ਸਿਕਸਰ ਕਿੰਗ ਵਜੋਂ ਜਾਣਿਆ ਜਾਣ ਲੱਗ ਗਿਆ। ਇਸੇ ਮੈਚ ਵਿਚ ਉਸ ਨੇ 12 ਗੇਂਦਾਂ ਵਿਚ 50 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ। ਛੇ ਛੱਕਿਆਂ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਤਾਂ ਕਦੇ ਵੀ ਅਹਿਸਾਸ ਨਹੀਂ ਸੀ ਕਿ ਉਹ ਇਹ ਰਿਕਾਰਡ ਬਣਾਏਗਾ। ਐੈਂਡਰਿਊ ਫਲਿੰਟਾਫ ਵਲੋਂ ਉਕਸਾਉਣ ਅਤੇ ਉਸ ਨਾਲ ਕਹਾਂ ਸੁਣੀ ਹੋਣ ਤੋਂ ਬਾਅਦ ਉਸ ਨੇ ਸਟੂਅਰਟ ਬਰੌਡ ਦੀ ਪਹਿਲੀ ਗੇਂਦ ਉਤੇ ਜ਼ਬਰਦਸਤ ਹਮਲਾ ਕੀਤਾ ਤਾਂ ਗੇਂਦ ਬਾਊਂਡਰੀ ਤੋਂ ਉਡਦੀ ਇੰਨੀ ਦੂਰ ਗਈ ਕਿ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਇੰਨਾ ਲੰਬਾ ਛੱਕਾ ਲੱਗਿਆ। ਫੇਰ ਇਕ ਤੋਂ ਵੱਧ ਇਕ ਛੱਕੇ ਲੱਗੇ। ਚੌਥਾ ਛੱਕਾ ਉਸ ਨੇ ਪੁਆਇੰਟ ਵਿੱਚ ਮਾਰਿਆ ਜਿੱਥੇ ਉਹ ਚੌਕਾ ਵੀ ਘੱਟ ਲਗਾਉਂਦਾ ਸੀ। ਇਸ ਤੋਂ ਬਾਅਦ ਕਪਤਾਨ ਕੌਲਿੰਗਵੁੱਡ ਦੇ ਕਹਿਣ 'ਤੇ ਬਰੌਡ ਓਵਰ ਦੀ ਵਿਕਟ ਗੇਂਦਬਾਜ਼ੀ ਕਰਨ ਆਇਆ।

ਪੰਜਵੀਂ ਗੇਂਦ ਉਤੇ ਉਸ ਦੇ ਬੱਲੇ ਦਾ ਕਿਨਾਰਾ ਹੀ ਲੱਗਿਆ ਪਰ ਬਾਊਂਡਰ ਛੋਟੀ ਹੋਣ ਕਰਕੇ ਗੇਂਦ ਸਿੱਧੀ ਬਾਹਰ ਗਈ। ਫੇਰ ਤਾਂ ਸਾਰਾ ਦਬਾਅ ਗੇਂਦਬਾਜ਼ ਉਪਰ ਹੀ ਸੀ। ਹਾਲਾਂਕਿ ਯੁਵਰਾਜ ਵੀ ਉਦੋਂ ਸੋਚ ਰਿਹਾ ਸੀ ਕਿ ਉਸ ਲਈ ਇਤਿਹਾਸ ਸਿਰਜਣ ਦਾ ਸੁਨਹਿਰੀ ਮੌਕਾ ਹੈ। ਅੰਤ ਛੇਵੇਂ ਛੱਕੇ ਨਾਲ ਯੁਵਰਾਜ ਸਿਕਸਰ ਕਿੰਗ ਵਜੋਂ ਦੁਨੀਆਂ 'ਤੇ ਛਾ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਦੌਰੇ ਮੌਕੇ ਯੁਵਰਾਜ ਨੂੰ ਗੇਂਦਬਾਜ਼ੀ ਕਰਦਿਆਂ ਪੰਜ ਛੱਕੇ ਪਏ ਸਨ, ਜਿਸ ਦਾ ਨਿਉਂਦਾ ਉਸ ਨੇ ਛੇ ਛੱਕਿਆਂ ਨਾਲ ਮੋੜਿਆ। ਇਸੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਖਿਲਾਫ ਯੁਵਰਾਜ ਨੇ 70 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ। ਪਹਿਲਾ ਟਵੰਟੀ-20 ਵਿਸ਼ਵ ਕੱਪ ਭਾਰਤ ਦੀ ਝੋਲੀ ਪਾਉਣ ਵਿੱਚ ਯੁਵਰਾਜ ਦਾ ਅਹਿਮ ਯੋਗਦਾਨ ਸੀ।

ਯੁਵਰਾਜ ਦੇ ਸ਼ਾਨਦਾਰ ਖੇਡ ਕਰੀਅਰ ਦਾ ਸਿਖਰ 2011 ਵਿੱਚ ਆਇਆ। ਇਕ ਰੋਜ਼ਾ ਮੈਚਾਂ ਦਾ ਵਿਸ਼ਵ ਕੱਪ ਭਾਰਤੀ ਸਰਜਮੀਂ 'ਤੇ ਖੇਡਿਆ ਗਿਆ। ਇਸ ਵਿਸ਼ਵ ਕੱਪ ਵਿੱਚ ਯੁਵਰਾਜ ਨੇ ਮੈਚ ਦਰ ਮੈਚ ਹਰਫਨਮੌਲਾ ਖੇਡ ਵਿਖਾਉਂਦਿਆ ਬੱਲੇ ਤੇ ਗੇਂਦ ਦੋਵਾਂ ਨਾਲ ਕਮਾਲ ਕਰ ਵਿਖਾਈ। ਵਿਸ਼ਵ ਕੱਪ ਦੌਰਾਨ ਆਇਰਲੈਂਡ ਖਿਲਾਫ ਨਾਬਾਦ 50 ਦੌੜਾਂ ਦੀ ਪਾਰੀ ਖੇਡੀ ਅਤੇ 5 ਵਿਕਟਾਂ ਹਾਸਲ ਕੀਤੀਆਂ। ਇਹ ਦੋਹਰੀ ਪ੍ਰਾਪਤੀ ਵਾਲਾ ਉਹ ਪਹਿਲਾ ਕ੍ਰਿਕਟਰ ਬਣਿਆ। ਹਾਲੈਂਡ ਖਿਲਾਫ ਮੈਚ ਵਿਚ 51, ਇੰਗਲੈਂਡ ਖਿਲਾਫ 58 ਦੀ ਪਾਰੀ ਵੀ ਅਹਿਮ ਸੀ। ਆਸਟ੍ਰੇਲੀਆ ਖਿਲਾਫ ਸੰਕਟ ਦੀ ਘੜੀ ਵਿੱਚ ਨਾਬਾਦ 57 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਖਿਲਾਫ 113 ਦੌੜਾਂ ਬਣਾਈਆਂ।

ਹੱਸਮੁੱਖ ਅੰਦਾਜ ’ਚ ਯੁਵਰਾਜ ਸਿੰਘ

PunjabKesari

ਮੁਹਾਲੀ ਵਿਖੇ ਪਾਕਿਸਤਾਨ ਖਿਲਾਫ ਸੈਮੀ ਫਾਈਨਲ ਵਿੱਚ ਆਪਣੇ ਘਰੇਲੂ ਮੈਦਾਨ ਉਤੇ ਜੇ ਉਸ ਦਾ ਬੱਲਾ ਨਹੀਂ ਬੋਲਿਆ ਤਾਂ ਗੇਂਦਬਾਜ਼ੀ ਕਰਦਿਆਂ ਦੋ ਅਹਿਮ ਬੱਲੇਬਾਜ਼ਾਂ ਯੂਨਿਸ ਖਾਨ ਤੇ ਅਸਦ ਸ਼ਫੀਕ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਕਾਮਰਾਨ ਅਕਮਲ ਦਾ ਮਹੱਤਵਪੂਰਨ ਕੈਚ ਵੀ ਲਿਆ। ਸ੍ਰੀਲੰਕਾ ਖਿਲਾਫ ਫਾਈਨਲ ਵਿੱਚ ਧੋਨੀ ਨੇ ਭਾਵੇਂ ਉਸ ਨੂੰ ਹੇਠਲੇ ਕ੍ਰਮ ਵਿੱਚ ਭੇਜਿਆ ਪਰ ਉਥੇ ਆ ਕੇ ਵੀ ਉਸ ਨੇ ਸਿੱਧ ਕੀਤਾ ਕਿ ਉਸ ਤੋਂ ਵੱਡਾ ਵਿਸ਼ਵ ਕ੍ਰਿਕਟ ਵਿੱਚ ਕੋਈ ਮੈਚ ਜਿਤਾਓ ਨਹੀਂ ਹੈ। ਛੇਵੇਂ ਨੰਬਰ ਉਤੇ ਆ ਕੇ ਵੀ ਉਸ ਨੇ ਨਾਬਾਦ 21 ਦੌੜਾਂ ਬਣਾ ਕੇ ਭਾਰਤ ਨੂੰ ਫਸਵੇਂ ਮੁਕਾਬਲੇ ਵਿੱਚੋਂ ਜੇਤੂ ਬਣਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ।

ਭਾਰਤ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਅਤੇ ਯੁਵਰਾਜ ਨੂੰ 'ਮੈਨ ਆਫ ਦਿ ਵਰਲਡ ਕੱਪ' ਖਿਤਾਬ ਮਿਲਿਆ। ਵਿਸ਼ਵ ਕੱਪ ਵਿੱਚ ਬਤੌਰ ਬੱਲੇਬਾਜ਼ ਕੁੱਲ 362 ਦੌੜਾਂ ਬਣਾਈਆਂ। ਗੇਂਦਬਾਜ਼ੀ ਕਰਦਿਆਂ 15 ਵਿਕਟਾਂ ਵੀ ਝਟਕਾਈਆਂ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਹ ਪਹਿਲਾ ਖਿਡਾਰੀ ਬਣਿਆ ਜਿਸ ਨੇ ਇਕ ਵਿਸ਼ਵ ਕੱਪ ਵਿੱਚ 350 ਤੋਂ ਵੱਧ ਦੌੜਾਂ ਅਤੇ 15 ਵਿਕਟਾਂ ਹਾਸਲ ਕੀਤੀਆਂ ਹੋਣ। ਯੁਵਰਾਜ ਦੇ ਸੰਨਿਆਸ ਮੌਕੇ ਜਦੋਂ ਇਕ ਪੱਤਰਕਾਰ ਨੇ ਉਸ ਕੋਲੋਂ ਪੁੱਛਿਆ ਕਿ ਉਸ ਨੂੰ ਇਹ ਮਲਾਲ ਨਹੀਂ ਹੈ ਕਿ ਇਕ ਰੋਜ਼ਾ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਨਹੀਂ ਬਣਾ ਸਕਿਆ ਤਾਂ ਯੁਵਰਾਜ ਦਾ ਜਵਾਬ ਸੀ ਕਿ 10 ਹਜ਼ਾਰ ਦੌੜਾਂ ਮੁਕਾਬਲੇ ਵਿਸ਼ਵ ਕੱਪ ਜਿੱਤਣ ਦਾ ਖੁਸ਼ੀ ਤੇ ਸਕੂਨ ਜ਼ਿਆਦਾ ਹੈ। ਯੁਵਰਾਜ ਸਿੰਘ ਦੀ ਭਾਰਤੀ ਟੀਮ ਪ੍ਰਤੀ ਵਚਨਬੱਧਤਾ ਅਤੇ ਕ੍ਰਿਕਟ ਪ੍ਰਤੀ ਜਾਨੂੰਨ ਹੀ ਸੀ ਕਿ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਉਸ ਦੀ ਸਿਹਤ ਵਿਗੜ ਗਈ ਅਤੇ ਖੂਨ ਦੀ ਉਲਟੀ ਵੀ ਆਈ ਪਰ ਫੇਰ ਵੀ ਉਸ ਨੇ ਖੇਡਣਾ ਜਾਰੀ ਰੱਖਿਆ। ਵਿਸ਼ਵ ਕੱਪ ਤੋਂ ਬਾਅਦ ਯੁਵਰਾਜ ਦਾ ਕੈਂਸਰ ਡਿਟੇਕਟ ਹੋਇਆ। ਯੁਵਰਾਜ ਆਪਣੇ ਪਿਤਾ ਤੋਂ ਵੀ ਵੱਧ ਹਠੀ ਨਿਕਲਿਆ।

ਅਸਲ ਵਿੱਚ ਇਸ ਬੀਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਦੌਰੇ ਮੌਕੇ ਹੋ ਗਈ ਸੀ ਜਦੋਂ ਯੁਵਰਾਜ ਨੂੰ ਖੂਨ ਦੀ ਉਲਟੀ ਆਈ। ਉਸ ਵੇਲੇ ਉਸ ਨੂੰ ਡਾਕਟਰਾਂ ਨੇ ਟੈਸਟ ਕਰਵਾਉਣ ਦੀ ਸਲਾਹ ਕੀਤੀ ਪਰ ਭਾਰਤ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੀ ਅਹਿਮੀਅਤ ਨੂੰ ਦੇਖਦਿਆਂ ਉਸ ਨੂੰ ਆਪਣੀ ਸਿਹਤ ਦੀ ਕੋਈ ਪ੍ਰਵਾਹ ਨਹੀਂ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਤਾਂ ਫੇਫੜਿਆਂ ਦਾ ਕੈਂਸਰ ਹੈ। ਯੁਵਰਾਜ ਦਾ ਨਿਸ਼ਾਨਾ ਵਿਸ਼ਵ ਕੱਪ ਸੀ। ਵਿਸ਼ਵ ਕੱਪ ਦੌਰਾਨ ਵੀ ਉਸ ਨੂੰ ਕਈ ਵਾਰ ਮੈਚ ਦੌਰਾਨ ਸਾਹ ਦੀ ਤਕਲੀਫ, ਖਾਂਸੀ ਅਤੇ ਖੂਨ ਦੀ ਉਲਟੀ ਆਈ ਪਰ ਉਹ ਆਪਣੀ ਹੀ ਧੁਨ 'ਤੇ ਸਵਾਰ ਸੀ। ਅੰਤ ਫਾਈਨਲ ਜਿਤਾ ਕੇ ਭਾਰਤ ਨੂੰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਾਇਆ। ਫੇਰ ਉਸ ਨੂੰ ਕੈਂਸਰ ਦੀ ਪੁਸ਼ਟੀ ਹੋਈ ਅਤੇ ਦਸੰਬਰ ਮਹੀਨੇ ਉਸ ਨੇ ਅਮਰੀਕਾ ਦੇ ਬੋਸਟਨ ਸ਼ਹਿਰ ਤੋਂ ਇਲਾਜ ਕਰਵਾਇਆ ਅਤੇ ਅਪਰੈਲ 2012 ਵਿੱਚ ਆਖਰੀ ਕੀਮੋਥੈਰਪੀ ਤੋਂ ਬਾਅਦ ਵਤਨ ਪਰਤਿਆ। ਯੁਵਰਾਜ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਨੇ ਵਿਸ਼ਵ ਕੱਪ ਵੇਲੇ ਆਪਣੀ ਸਿਹਤ ਦਾ ਇੰਨਾ ਵੱਡਾ ਜ਼ੋਖਮ ਕਿਉਂ ਲਿਆ ਤਾਂ ਉਸ ਨੇ ਇਹੋ ਕਿਹਾ, ''ਵਿਸ਼ਵ ਕੱਪ ਵਾਸਤੇ ਜੇ ਉਸ ਦੀ ਜਾਨ ਵੀ ਚਲੀ ਜਾਂਦੀ ਤਾਂ ਵੀ ਘੱਟ ਸੀ।'' ਅਜਿਹੀ ਸਮਰਪਣ ਭਾਵਨਾ ਵਾਲੇ ਯੁਵਰਾਜ ਨੇ ਕੈਂਸਰ ਦਾ ਇਲਾਜ ਉਦੋਂ ਸ਼ੁਰੂ ਕਰਵਾਇਆ ਜਦੋਂ ਉਸ ਨੂੰ ਡਾਕਟਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਹੁਣ ਵੀ ਖੇਡ ਜੇਰੀ ਰੱਖੀ ਤਾਂ ਉਹ ਨਹੀਂ ਬਚੇਗਾ।

ਯੁਵਰਾਜ ਸਿੰਘ ਦੀ ਹਸਪਤਾਲ ’ਚ ਇਲਾਜ ਕਰਵਾਉਂਦੇ ਸਮੇਂ ਦੀ ਤਸਵੀਰ

PunjabKesari

ਯੁਵਰਾਜ ਦੇ ਸੰਘਰਸ਼ ਦੀ ਅਸਲ ਕਹਾਣੀ ਤਾਂ ਕੈਂਸਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜਦੋਂ ਕਿਸੇ ਵੀ ਕੈਂਸਰ ਪੀੜਤ ਲਈ ਦੁਬਾਰਾ ਜ਼ਿੰਦਗੀ ਦੀ ਪੱਟੜੀ 'ਤੇ ਤੁਰਨਾ ਵੀ ਮੁਸ਼ਕਲ ਹੁੰਦਾ ਹੈ ਤਾਂ ਉਸ ਸਮੇਂ ਉਸ ਨੇ ਕ੍ਰਿਕਟ ਵਿੱਚ ਵਾਪਸੀ ਕਰ ਕੇ ਲੋਕਾਂ ਨੂੰ ਦੰਦੇ ਥੱਲੇ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ। ਕੈਂਸਰ ਦੀ ਬਿਮਾਰੀ ਤੋਂ ਉਭਰੇ ਯੁਵਰਾਜ ਨੂੰ ਅਜਿਹਾ ਦੌਰ ਦੇਖਣਾ ਪਿਆ ਜਦੋਂ ਉਹ ਖੇਡ ਮੈਦਾਨ ਵਿੱਚ ਤਾਂ ਨਿੱਤਰ ਆਇਆ ਪਰ ਭਾਰਤੀ ਟੀਮ ਵਿੱਚ ਦਾਖਲਾ ਪਾਉਣਾ ਉਸ ਲਈ ਟੇਢੀ ਖੀਰ ਜਾਪ ਰਿਹਾ ਸੀ। ਯੁਵਰਾਜ ਨੇ ਹਿੰਮਤ ਨਾ ਛੱਡੀ ਪਰ ਮੰਜ਼ਿਲ ਬਹੁਤ ਔਖੀ ਸੀ। ਯੁਵਰਾਜ ਦੇ ਪੁਰਾਣੇ ਰਿਕਾਰਡ ਅੱਗੇ ਨਵੇਂ ਉਭਰਦੇ ਬੱਲੇਬਾਜ਼ਾਂ ਦੀ ਫਾਰਮ ਭਾਰੀ ਪੈ ਰਹੀ ਸੀ। ਫੇਰ ਵੀ ਯੁਵਰਾਜ ਨੇ ਟੀਮ ਵਿੱਚ ਵਾਪਸੀ ਦੀ ਆਪਣੀ ਜਿੱਦ ਨਹੀਂ ਛੱਡੀ। ਜਿੱਦ ਪੁਗਾਉਣ ਦਾ ਤਾਂ ਉਸ ਨੂੰ ਮੁੱਢੋਂ ਹੀ ਸ਼ੌਕ ਸੀ। ਯੁਵਰਾਜ ਨੇ 2012 ਵਿੱਚ ਟਵੰਟੀ-20 ਟੀਮ ਰਾਹੀਂ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰਦਿਆਂ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਖਿਲਾਫ 26 ਗੇਂਦਾਂ ਉਤੇ 34 ਦੌੜਾਂ ਦੀ ਪਾਰੀ ਖੇਡੀ। 2012 ਵਿੱਚ ਉਸ ਨੇ ਵੱਡਾ ਟੂਰਨਾਮੈਂਟ ਟਵੰਟੀ-20 ਵਿਸ਼ਵ ਕੱਪ ਖੇਡਿਆ ਜਿਸ ਵਿੱਚ ਉਸ ਨੇ ਆਸਟ੍ਰੇਲੀਆ ਖਿਲਾਫ 43 ਗੇਂਦਾਂ ਉਤੇ 60 ਦੌੜਾਂ ਬਣਾਈਆਂ।  

ਇਸ ਵਿਸ਼ਵ ਕੱਪ ਵਿੱਚ ਉਹ 8 ਵਿਕਟਾਂ ਹਾਸਲ ਕਰ ਕੇ ਭਾਰਤ ਤਰਫੋਂ ਸਭ ਤੋਂ ਕਾਮਯਾਬ ਗੇਂਦਬਾਜ਼ ਬਣਿਆ। 2013 ਵਿੱਚ ਉਸ ਨੇ ਇਕ ਰੋਜ਼ਾ ਕ੍ਰਿਕਟ ਵਿੱਚ ਵਾਪਸੀ ਕੀਤੀ ਅਤੇ ਰਾਜਕੋਟ ਵਿਖੇ ਆਸਟ੍ਰੇਲੀਆ ਵਿਰੁੱਧ 35 ਗੇਂਦਾਂ ਉਤੇ 77 ਦੌੜਾਂ ਦੀ ਪਾਰੀ ਖੇਡੀ। 2014 ਵਿੱਚ ਟਵੰਟੀ-20 ਵਿਸ਼ਵ ਕੱਪ ਉਸ ਲਈ ਕੌੜਾ ਤਜ਼ਰਬਾ ਰਿਹਾ। ਫਾਈਨਲ ਵਿੱਚ ਭਾਰਤ ਦੀ ਹਾਰ ਦਾ ਠੀਕਰਾ ਯੁਵਰਾਜ ਸਿਰ ਭੰਨ੍ਹਿਆ ਗਿਆ ਕਿਉਂਕਿ ਉਸ ਨੇ 21 ਗੇਂਦਾਂ ਉਤੇ ਸਿਰਫ 11 ਦੌੜਾਂ ਬਣਾਈਆਂ ਜਦੋਂ ਕਿ ਅਸਲੀਅਤ ਵਿੱਚ ਉਸ ਮੈਚ ਵਿੱਚ ਧੋਨੀ ਵੀ 7 ਗੇਂਦਾਂ ਉਤੇ 4 ਦੌੜਾਂ ਬਣਾ ਕੇ ਨਾਬਾਦ ਹੀ ਰਿਹਾ। ਰੋਹਿਤ ਸ਼ਰਮਾ ਤੇ ਅਜੰਕਿਆ ਰਹਾਨੇ ਵੀ ਨਹੀਂ ਚੱਲ ਸਕੇ ਸਨ। ਸਿਰਫ ਵਿਰਾਟ ਕੋਹਲੀ ਨੇ ਹੀ 58 ਗੇਂਦਾਂ ਉਤੇ 77 ਦੌੜਾਂ ਦੀ ਪਾਰੀ ਖੇਡੀ ਸੀ।

ਯੁਵਰਾਜ ਦੀ ਵਾਪਸੀ ਤੋਂ ਬਾਅਦ ਖੇਡ ਪ੍ਰੇਮੀ ਉਸ ਨੂੰ ਪੁਰਾਣੇ ਰੰਗ ਵਿਚ ਦੇਖਣ ਲਈ ਬੇਤਾਬ ਸਨ। 2017 ਵਿਚ ਇਕ ਵਾਰ ਤਾਂ ਉਸ ਦਾ ਕਰੀਅਰ ਖਤਮ ਹੀ ਸਮਝਿਆ ਜਾਣ ਲੱਗਾ। ਇਸ ਸਮੇਂ ਦੌਰਾਨ ਯੁਵਰਾਜ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਹੇਜਲ ਕੀਚ ਨਾਲ ਹੋਇਆ। 2016-17 ਰਣਜੀ ਸੈਸ਼ਨ ਵਿਚ ਯੁਵਰਾਜ ਦਾ ਬੱਲਾ ਇਕ ਵਾਰ ਫੇਰ ਚਮਕਿਆ। ਪੰਜਾਬ ਵਲੋਂ ਖੇਡਦਿਆਂ ਪੰਜ ਮੈਚਾਂ ਵਿਚ ਕੁੱਲ 672 ਦੌੜਾਂ ਬਣਾਈਆਂ ਜਿਨ੍ਹਾਂ ਵਿਚੋਂ ਬੜੌਦਾ ਖਿਲਾਫ ਖੇਡੀ 260 ਦੌੜਾਂ ਦੀ ਪਾਰੀ ਸ਼ਾਮਲ ਹੈ। ਯੁਵਰਾਜ ਸਿੰਘ ਨੇ 2017 ਵਿਚ ਭਾਰਤੀ ਟੀਮ ਵਿਚ ਵਾਪਸੀ ਕੀਤੀ। ਇੰਗਲੈਂਡ ਖਿਲਾਫ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਯੁਵਰਾਜ ਟੀਮ ਦਾ ਹਿੱਸਾ ਬਣਿਆ। ਧੋਨੀ ਵੱਲੋਂ ਕਪਤਾਨੀ ਛੱਡਣ ਕਾਰਨ ਨੌਜਵਾਨ, ਤੇਜ਼ ਤਰਾਰ ਅਤੇ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਹੇਠ ਚੁਣੀ ਭਾਰਤੀ ਟੀਮ ਵਿਚ ਯੁਵਰਾਜ ਤੇ ਧੋਨੀ ਦੋ ਅਨੁਭਵੀ ਖਿਡਾਰੀਆਂ ਵਜੋਂ ਸ਼ਾਮਲ ਹੋਏ।

ਵਿਆਹ ਦੇ ਮੌਕੇ ਯੁਵਰਾਜ ਸਿੰਘ ਆਪਣੀ ਪਤਨੀ ਹੇਜ਼ਲ ਕੀਚ ਦੇ ਨਾਲ 

PunjabKesari

ਛੇ ਵਰ੍ਹਿਆਂ ਬਾਅਦ ਸੈਂਕੜਾ ਲਗਾ ਕੇ ਇਸ ਨੂੰ ਧਮਾਕੇਦਾਰ ਬਣਾਇਆ। ਸੈਂਕੜਾ ਵੀ ਅਜਿਹਾ ਕਿ ਆਪਣਾ ਸਰਵੋਤਮ ਸਕੋਰ ਵੀ ਉਸੇ ਮੈਚ ਵਿਚ ਬਣਾਇਆ। ਲੜੀ ਦੇ ਦੂਜੇ ਮੈਚ ਵਿਚ ਕੱਟਕ ਵਿਖੇ ਯੁਵਰਾਜ ਨੇ 14ਵਾਂ ਸੈਂਕੜਾ ਜੜਦਿਆਂ 150 ਦੌੜਾਂ ਦੀ ਪਾਰੀ ਖੇਡੀ। 2011 ਦੇ ਵਿਸ਼ਵ ਕੱਪ ਦੌਰਾਨ ਵੈਸਟ ਇੰਡੀਜ਼ ਖਿਲਾਫ ਚੇਨਈ ਵਿਖੇ ਲਗਾਏ 13ਵੇਂ ਸੈਂਕੜੇ ਤੋਂ ਬਾਅਦ ਯੁਵਰਾਜ ਨੇ 14ਵਾਂ ਸੈਂਕੜਾ ਛੇ ਸਾਲਾਂ ਦੇ ਅਰਸੇ ਬਾਅਦ ਲਗਾਇਆ ਸੀ। ਇਸ ਤੋਂ ਵੱਡੀ ਗੱਲ ਇਹ ਕਿ ਛੇ ਸਾਲਾਂ ਦੌਰਾਨ ਉਸ ਨੇ ਸਿਰਫ 27 ਮੈਚ ਖੇਡੇ। 14ਵਾਂ ਸੈਂਕੜਾ ਯੁਵਰਾਜ ਲਈ ਬਹੁਤ ਹੀ ਲੋੜੀਂਦਾ ਸੀ ਅਤੇ ਲਗਾਇਆ ਵੀ ਸਹੀ ਸਮੇਂ 'ਤੇ ਗਿਆ। ਸ਼ਾਇਦ ਇਸੇ ਕਾਰਨ 295ਵੇਂ ਮੈਚ ਵਿੱਚ ਖੇਡੀ 150 ਦੌੜਾਂ ਦੀ ਪਾਰੀ ਨੂੰ ਯੁਵਰਾਜ ਨੇ ਆਪਣੇ ਖੇਡ ਜੀਵਨ ਦੀ ਬਿਹਤਰਨ ਪਾਰੀ ਮੰਨਦਾ ਹੈ।

ਖੇਡ ਮੈਦਾਨ ਵਿਚ ਯੁਵਰਾਜ ਦੇ ਦਿਖਾਏ ਜਲਵਿਆਂ ਦਾ ਅਸਰ ਕ੍ਰਿਕਟ ਖੇਡ ਦੀ ਸਭ ਤੋਂ ਵੱਡੀ ਤੇ ਮਹਿੰਗੀ ਪ੍ਰੋਫੈਸ਼ਨਲ ਲੀਗ ਆਈ.ਪੀ.ਐੱਲ. ਉਤੇ ਵੀ ਪਿਆ। ਯੁਵਰਾਜ ਦਾ ਪ੍ਰਦਰਸ਼ਨ ਕਿਹੋ ਜਿਹਾ ਵੀ ਰਿਹਾ ਹੋਵੇ ਪਰ ਹਰ ਵਾਰ ਉਸ ਦੀ ਬੋਲੀ ਮਹਿੰਗੇ ਭਾਅ ਲੱਗਦੀ। 2014 ਵਿਚ ਆਈ.ਪੀ.ਐੱਲ. ਦੀ ਬੋਲੀ ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਉਸ ਨੂੰ 14 ਕਰੋੜ ਅਤੇ 2015 ਵਿੱਚ ਦਿੱਲੀ ਡੇਅਰਡੈਵਲਿਜ਼ ਨੇ 16 ਕਰੋੜ ਰੁਪਏ ਵਿੱਚ ਖਰੀਦਿਆ। ਇਹ ਆਈ.ਪੀ.ਐੱਲ. ਇਤਿਹਾਸ ਦੀ ਸਭ ਤੋਂ ਵੱਡੀ ਬੋਲੀ ਸੀ। ਉਂਜ ਆਈ.ਪੀ.ਐੱਲ. ਵਿਚ ਉਹ ਛੇ ਟੀਮਾਂ (ਕਿੰਗਜ਼ ਇਲੈਵਨ, ਪੁਣੇ ਵਾਰੀਅਰਜ਼, ਰਾਇਲ ਚੈਲੈਂਜਰਜ਼, ਦਿੱਲੀ ਡੇਅਰ ਡੈਵਿਲਜ਼, ਸਨਰਾਈਜ਼ ਹੈਦਾਰਬਾਦ ਤੇ ਮੁੰਬਈ ਇੰਡੀਅਨਜ਼) ਵਲੋਂ ਨੁਮਾਇੰਦਗੀ ਕਰ ਚੁੱਕਾ ਹੈ। 2016 ਵਿਚ ਉਸ ਨੂੰ ਹੈਦਰਾਬਾਦ ਵਲੋਂ ਖੇਡਦਿਆਂ ਪਹਿਲੀ ਵਾਰ ਆਈ.ਪੀ.ਐੱਲ. ਚੈਂਪੀਅਨ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਫਾਈਨਲ ਵਿਚ ਬੰਗਲੌਰ ਖਿਲਾਫ ਉਸ ਨੇ 23 ਗੇਂਦਾਂ 'ਤੇ 38 ਦੌੜਾਂ ਬਣਾਈਆਂ। 2019 ਵਿਚ ਉਹ ਮੁੰਬਈ ਇੰਡੀਅਨਜ਼ ਵਲੋਂ ਖੇਡਿਆ ਅਤੇ ਆਈ.ਪੀ.ਐੱਲ. ਜੇਤੂ ਬਣਨ ਦਾ ਮਾਣ ਹਾਸਲ ਹੋਇਆ। ਉਸ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਮੁੰਬਈ ਵਲੋਂ ਖੇਡਦਿਆਂ ਉਸ ਨੂੰ ਸ਼ੁਰੂਆਤੀ ਮੈਚਾਂ ਤੋਂ ਬਾਅਦ ਆਖਰੀ ਗਿਆਰਾਂ ਖਿਡਾਰੀਆਂ ਵਿਚ ਸ਼ਾਮਲ ਨਹੀਂ ਕੀਤਾ ਗਿਆ।

2004 ਵਿਚ ਯੁਵਰਾਜ ਨਾਲ ਮੈਨੂੰ ਪਹਿਲੀ ਵਾਰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਸੀ, ਜਦੋਂ ਉਸ ਨੇ ਕਿਹਾ ਸੀ ਕਿ ਉਹ ਪ੍ਰੀਤੀ ਜ਼ਿੰਟਾ ਦੀਆਂ ਫਿਲਮਾਂ ਦੇਖਣ ਦਾ ਬਹੁਤ ਸ਼ੌਕੀਨ ਹੈ। ਇਹ ਇੰਟਰਵਿਊ ਉਸ ਦੀ ਮੈਂ ਪੀ.ਸੀ.ਏ.ਸਟੇਡੀਅਮ ਮੁਹਾਲੀ ਵਿਚ ਘਰੇਲੂ ਟੀਮ ਦੇ ਡਰੈਸਿੰਗ ਰੂਮਜ਼ ਦੇ ਬਾਹਰ ਕੀਤੀ ਸੀ। ਉਸ ਵੇਲੇ ਕੀ ਪਤਾ ਸੀ ਕਿ ਯੁਵੀ ਪ੍ਰੀਤੀ ਜ਼ਿੰਟਾ ਦੀ ਮਾਲਕੀ ਵਾਲੀ ਕਿੰਗਜ਼ ਇਲੈਵਨ ਟੀਮ ਵਲੋਂ ਦੋ ਵਾਰ ਖੇਡੇਗਾ ਅਤੇ ਇਹੋ ਡਰੈਸਿੰਗ ਰੂਮ ਵਿਚ ਉਹ ਸਾਥੀ ਖਿਡਾਰੀਆਂ ਤੇ ਪ੍ਰੀਤੀ ਜ਼ਿੰਟਾ ਨਾਲ ਸਮਾਂ ਬਿਤਾਏਗਾ। 2008 ਵਿਚ ਆਈ.ਪੀ.ਐੱਲ.ਦੀ ਸ਼ੁਰੂਆਤ ਵਿਚ ਯੁਵਰਾਜ ਕਿੰਗਜ਼ ਇਲੈਵਨ ਦਾ ਖਿਡਾਰੀ ਸੀ। ਉਹ 2010 ਤੱਕ 3 ਸਾਲ ਪੰਜਾਬ ਟੀਮ ਦਾ ਹਿੱਸਾ ਰਿਹਾ। 2011, 2012 ਤੇ 2013 ਵਿਚ ਉਹ ਪੁਣੇ ਵਾਰੀਅਰਜ਼ ਇੰਡੀਆ ਵਲੋਂ ਖੇਡਿਆ। 2014 ਵਿਚ ਰਾਇਲ ਚੈਂਲੇਜਰਜ਼, 2015 ਵਿਚ ਦਿੱਲੀ ਡੇਅਰਡੈਵਿਲਜ਼, 2016 ਤੇ 2017 ਵਿਚ ਸਨਰਾਈਜਰਜ਼ ਹੈਦਰਾਬਾਦ ਵਲੋਂ ਖੇਡਿਆ। 2018 ਵਿਚ ਉਹ ਮੁੜ ਕਿੰਗਜ਼ ਇਲੈਵਨ ਪੰਜਾਬ ਦਾ ਮੁੜ ਹਿੱਸਾ ਬਣਿਆ ਪਰ ਐਤਕੀਂ 1 ਸਾਲ ਵਾਸਤੇ ਹੀ ਰਿਹਾ। ਆਖਰੀ ਸੈਸ਼ਨ ਉਸ ਨੇ 2019 ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਿਆ।

ਲੇਖਣ ਨਵਦੀਪ ਗਿੱਲ ਅਤੇ ਸਾਥੀਆਂ ਦੇ ਨਾਲ ਯੁਵਰਾਜ ਸਿੰਘ

PunjabKesari

ਯੁਵਰਾਜ ਨੇ ਆਪਣਾ ਆਖਰੀ 1 ਰੋਜ਼ਾ ਤੇ ਟਵੰਟੀ-20 ਕੌਮਾਂਤਰੀ ਮੈਚ 2017 ਵਿਚ ਖੇਡਿਆ। ਉਸ ਤੋਂ ਬਾਅਦ 2 ਸਾਲ ਉਹ ਟੀਮ ਵਿਚ ਆਉਣ ਲਈ ਸ਼ੰਘਰਸ਼ ਅਤੇ ਸੰਨਿਆਸ ਲੈਣ ਦੀ ਕਸ਼ਮਕਸ਼ ਵਿਚੋਂ ਗੁਜ਼ਰਦਾ ਰਿਹਾ। ਅੰਤ 10 ਜੂਨ 2019 ਨੂੰ ਸ਼ਾਨਦਾਰ ਖੇਡ ਕਰੀਅਰ ਤੋਂ ਸੰਨਿਆਸ ਲੈ ਲਿਆ। ਇਕ ਰੋਜ਼ਾ ਕ੍ਰਿਕਟ ਵਿਚ ਯੁਵਰਾਜ ਨੇ 304 ਮੈਚਾਂ ਵਿਚ 36.55 ਦੀ ਔਸਤ ਅਤੇ 87.67 ਦੀ ਸਟਰਾਈਕ ਰੇਟ ਨਾਲ ਕੁੱਲ 8701 ਦੌੜਾਂ ਬਣਾਈਆਂ। 14 ਸੈਂਕੜੇ ਤੇ 52 ਅਰਧ ਸੈਂਕੜੇ ਸ਼ਾਮਲ ਹਨ। ਇਕ ਪਾਰੀ ਵਿੱਚ 150 ਉਸ ਦਾ ਸਰਵੋਤਮ ਸਕੋਰ ਹੈ, ਜੋ ਮਿਡਲ ਆਰਡਰ ਦੇ ਕਿਸੇ ਵੀ ਬੱਲੇਬਾਜ਼ ਲਈ ਦੋਹਰੇ ਸੈਂਕੜੇ ਤੋਂ ਘੱਟ ਨਹੀਂ। ਉਸ ਨੇ 908 ਚੌਕੇ ਤੇ 155 ਛੱਕੇ ਜੜੇ। ਗੇਂਦਬਾਜ਼ੀ ਵਿੱਚ ਵੀ ਉਸ ਨੇ ਜੌਹਰ ਦਿਖਾਏ ਜਿੱਥੇ ਉਹ 111 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਣ ਵਿੱਚ ਸਫਲ ਰਿਹਾ। ਫੀਲਡਿੰਗ ਵਿਚ ਜੌਹਰ ਦਿਖਾਉਂਦਿਆਂ 94 ਕੈਚ ਵੀ ਲਪਕੇ।

ਯੋਗਰਾਜ ਦੀ ਵੱਡੀ ਇੱਛਾ ਸੀ ਕਿ ਉਸ ਦਾ ਪੁੱਤਰ ਟੈਸਟ ਕ੍ਰਿਕਟਰ ਵੀ ਬਣੇ ਪਰ ਇਸ ਫਾਰਮੈਟ ਵਿਚ ਉਸ ਨੂੰ ਇਕ ਰੋਜ਼ਾ ਤੇ ਟਵੰਟੀ-20 ਵਾਲੀ ਸਫਲਤਾ ਨਹੀਂ ਮਿਲੀ। ਫੇਰ ਵੀ ਯੁਵਰਾਜ ਨੇ 40 ਟੈਸਟ ਖੇਡਦਿਆਂ 1900 ਦੌੜਾਂ ਬਣਾਈਆਂ। ਤਿੰਨ ਸੈਂਕੜੇ ਜੜੇ ਜੋ ਤਿੰਨੇ ਹੀ ਪਾਕਿਸਤਾਨ ਖਿਲਾਫ ਸਨ। 11 ਅਰਧ ਸੈਂਕੜੇ ਵੀ ਲਗਾਏ। ਟੈਸਟ ਕ੍ਰਿਕਟ ਘੱਟ ਖੇਡਣ ਦਾ ਉਸ ਨੂੰ ਰੰਜ ਵੀ ਹੈ ਪਰ ਉਹ ਖੁਦ ਮੰਨਦਾ ਹੈ ਕਿ ਉਸ ਦੇ ਸਮਕਾਲੀ ਰਹੇ ਸਚਿਨ ਤੇਂਦੁਲਕਰ, ਰਾਹੁਲ ਦਰਾਵਿੜ, ਸੌਰਵ ਗਾਂਗੁਲੀ, ਵਿਰੇਂਦਰ ਸਹਿਵਾਗ ਤੇ ਵੀ.ਵੀ.ਐਸ. ਲਕਸ਼ਮਣ ਦੇ ਹੁੰਦਿਆਂ ਟੀਮ ਵਿਚ ਜਗ੍ਹਾਂ ਪਾਉਣੀ ਆਸਾਨ ਨਹੀਂ। ਉਸ ਨੂੰ ਇਕ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਵਿਰੁੱਧ ਪਹਿਲੇ ਹੀ ਦੌਰੇ 'ਤੇ ਖੇਡੀ ਟੈਸਟ ਲੜੀ ਵਿਚ ਉਸ ਨੇ ਸੈਂਕੜਾ ਜੜਿਆ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ ਦੋ ਇਤਿਹਾਸਕ ਪਾਰੀਆਂ ਖੇਡੀਆਂ। ਪਾਕਿਸਤਾਨ ਖਿਲਾਫ ਲਾਹੌਰ ਟੈਸਟ ਵਿਚ 112 ਦੌੜਾਂ ਬਣਾਈਆਂ ਪਰ ਬੱਲੇਬਾਜ਼ੀ ਦਾ ਸਟਾਈਲ ਇਕ ਰੋਜ਼ਾ ਵਾਲਾ ਹੀ ਸੀ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 2008 ਵਿੱਚ ਚੇਨਈ ਵਿਖੇ ਇੰਗਲੈਂਡ ਖਿਲਾਫ 85 ਦੌੜਾਂ ਦੀ ਪਾਰੀ ਖੇਡੀ ਜੋ ਬਹੁਤ ਹੀ ਅਹਿਮ ਸੀ। ਉਸ ਮੈਚ ਵਿੱਚ ਯੁਵਰਾਜ ਤੇ ਸਚਿਨ ਤੇਂਦੁਲਕਰ ਨਾਲ ਮਿਲ ਕੇ ਪੰਜਵੀਂ ਵਿਕਟ ਲਈ 163 ਦੌੜਾਂ ਦੀ ਭਾਈਵਾਲੀ ਬਣਾ ਕੇ ਭਾਰਤ ਨੂੰ 387 ਦੌੜਾਂ ਦਾ ਔਖਾ ਟੀਚਾ ਪਾਰ ਕਰਵਾਇਆ। ਟਵੰਟੀ-20 ਕੌਮਾਂਤਰੀ ਕ੍ਰਿਕਟ ਵਿੱਚ ਉਸ ਨੇ 58 ਮੈਚਾਂ ਵਿੱਚ 136.38 ਦੀ ਸਟਰਾਈਕ ਰੇਟ ਨਾਲ 1177 ਦੌੜਾਂ ਬਣਾਈਆਂ। 77 ਚੌਕੇ ਲਗਾਏ ਜਦੋਂ ਕਿ ਛੱਕਿਆਂ ਦੀ ਗਿਣਤੀ ਵੀ 74 ਹੈ। ਸਰਵੋਤਮ ਸਕੋਰ ਨਾਬਾਦ 77 ਹੈ ਅਤੇ 8 ਅਰਧ ਸੈਂਕੜੇ ਸ਼ਾਮਲ ਹਨ।

ਮੈਦਾਨ ’ਚ ਕ੍ਰਿਕਟ ਖੇਡ ਖੁਸ਼ੀ ਪ੍ਰਗਟ ਕਰਦੇ ਹੋਏ ਯੁਵਰਾਜ ਸਿੰਘ

PunjabKesari

ਯੁਵਰਾਜ ਦੇ ਖੇਡ ਕਰੀਅਰ ਦੀਆਂ ਬਿਹਤਰੀਨ ਪਾਰੀਆਂ ਦੀ ਗੱਲ ਕਰੀਏ ਤਾਂ ਪਹਿਲੇ ਹੀ ਮੈਚ ਵਿੱਚ 80 ਗੇਂਦਾਂ ਉਤੇ 84 ਦੌੜਾਂ ਦੀ ਪਾਰੀ ਖੇਡੀ। 2001 ਵਿੱਚ ਉਸ ਨੇ ਕੋਕਾ ਕੋਲਾ ਕੱਪ ਵਿੱਚ ਸ੍ਰੀਲੰਕਾ ਖਿਲਾਫ ਨਾਬਾਦ 98 ਦੌੜਾਂ ਦੀ ਪਾਰੀ ਖੇਡੀ। 2002 ਵਿੱਚ ਨੈਟਵੈਸਟ ਸੀਰੀਜ਼ ਫਾਈਨਲ ਵਿੱਚ ਇੰਗਲੈਂਡ ਖਿਲਾਫ 63 ਗੇਂਦਾਂ ਉਤੇ 69 ਦੌੜਾਂ ਬਣਾਈਆਂ। 2006 ਵਿੱਚ ਪਾਕਿਸਤਾਨ ਖਿਲਾਫ ਕਰਾਚੀ ਵਿਖੇ ਖੇਡੇ ਗਏ ਇਕ ਰੋਜ਼ਾ ਮੈਚਾ ਮੈਚ ਵਿੱਚ 93 ਗੇਦਾਂ ਉਤੇ ਨਾਬਾਦ 107 ਦੌੜਾਂ ਬਣਾਈਆਂ। ਮੈਚ ਦੌਰਾਨ ਹੈਮਸਟ੍ਰਿੰਗ ਦੀ ਸਮੱਸਿਆ ਵੀ ਆਈ ਪਰ ਉਸ ਨੇ ਆਪਣੇ ਜੁਝਾਰੂ ਰਵੱਈਏ ਸਦਕਾ ਧੋਨੀ (77) ਨਾਲ ਅਹਿਮ ਸਾਂਝੇਦਾਰੀ ਬਣਾਉਂਦਿਆਂ ਵੱਡਾ ਟੀਚਾ ਪਾਰ ਕਰਵਾਇਆ। 2007 ਦੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਖਿਲਾਫ 32 ਗੇਂਦਾਂ ਉਤੇ 53 ਦੌੜਾਂ ਦੀ ਪਾਰੀ ਖੇਡੀ। 2007 ਵਿੱਚ ਟਵੰਟੀ-20 ਵਿਸ਼ਵ ਕੱਪ ਵਿੱਚ ਯੁਵਰਾਜ ਨੇ ਆਸਟਰੇਲੀਆ ਖਿਲਾਫ ਮਹਿਜ਼ 30 ਗੇਂਦਾਂ ਉਤੇ 70 ਦੌੜਾਂ ਦੀ ਪਾਰੀ ਅਤੇ ਇੰਗਲੈਂਡ ਖਿਲਾਫ 16 ਗੇਂਦਾਂ ਉਤੇ 58 ਦੌੜਾਂ ਦੀ ਪਾਰੀ ਖੇਡੀ। 2008 ਵਿੱਚ ਰਾਜਕੋਟ ਵਿਖੇ ਯੁਵਰਾਜ ਨੇ ਇੰਗਲੈਂਡ ਖਿਲਾਫ 75 ਗੇਂਦਾਂ ਉਤੇ ਨਾਬਾਦ 138 ਦੌੜਾਂ ਦੀ ਪਾਰੀ ਖੇਡੀ। ਮੈਚ ਦੌਰਾਨ ਉਸ ਨੂੰ ਪਿੱਠ ਦੀ ਸ਼ਿਕਾਇਤ ਹੋਣ ਕਰਕੇ ਉਹ ਲੱਕ ਉਤੇ ਪੇਟੀ ਬੰਨ੍ਹ ਕੇ ਖੇਡਿਆ ਪਰ ਕੋਈ ਸਰੀਰਕ ਔਖਿਆਈ ਤਾਂ ਉਸ ਦੇ ਜਾਨੂੰਨ ਅੱਗੇ ਕੁਝ ਵੀ ਨਹੀਂ ਹੁੰਦੀ ਸੀ। ਯੁਵਰਾਜ ਦੀ ਇਸ ਤਾਬੜਤੋੜ ਪਾਰੀ ਵਿੱਚ 16 ਚੌਕੇ ਤੇ ਛੇ ਛੱਕੇ ਸ਼ਾਮਲ ਸਨ।

2011 ਵਿਸ਼ਵ ਕੱਪ ਵਿੱਚ ਅਹਿਮਦਾਬਾਦ ਵਿਖੇ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਖਿਲਾਫ ਔਖੇ ਸਮੇਂ 57 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਨਾ ਸਿਰਫ ਭਾਰਤ ਨੂੰ ਜਿੱਤ ਦਿਵਾਈ ਬਲਕਿ 1999 ਤੋਂ ਜੇਤੂ ਰੱਥ 'ਤੇ ਸਵਾਰ ਕੰਗਾਰੂ ਟੀਮ ਨੂੰ 15 ਸਾਲਾਂ ਬਾਅਦ ਪਹਿਲੀ ਵਿਸ਼ਵ ਕੱਪ ਹਾਰ ਦਾ ਕੌੜਾ ਘੁੱਟ ਭਰਨਾ ਪਿਆ। ਇਸੇ ਵਿਸ਼ਵ ਕੱਪ ਵਿੱਚ ਵੈਸਟ ਇੰਡੀਜ਼ ਖਿਲਾਫ 113 ਦੌੜਾਂ ਬਣਾਈਆਂ। ਜਦੋਂ ਉਸ ਨੂੰ ਖੂਨ ਦੀਆਂ ਉਲਟੀਆਂ ਵੀ ਆਈਆਂ ਪਰ ਉਸ ਦੇ ਖੇਡਣ ਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਆਈ।  10 ਅਕਤੂਬਰ 2013 ਨੂੰ ਰਾਜਕੋਟ ਵਿਖੇ ਆਸਟੇਰਲੀਆ ਖਿਲਾਫ 35 ਗੇਂਦਾਂ ਉਤੇ 77 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਸਟਰੇਲੀਆ ਖਿਲਾਫ ਸਿਡਨੀ ਵਿਖੇ 122 ਗੇਂਦਾਂ ਉਤੇ 137 ਦੌੜਾਂ ਦੀ ਪਾਰੀ ਖੇਡੀ। ਲਾਰਡਜ਼ ਵਿਖੇ ਰੈਸਟ ਆਫ ਵਰਲਡ ਦੀ ਟੀਮ ਵੱਲੋਂ ਐਮ.ਸੀ.ਸੀ. ਖਿਲਾਫ ਖੇਡਦਿਆਂ ਉਸ ਨੇ 113 ਦੌੜਾਂ ਦੀ ਪਾਰੀ ਖੇਡੀ ਜੋ ਕਿ ਯਾਦਗਾਰੀ ਸੀ। ਯੁਵਰਾਜ ਨੇ ਆਪਣੇ ਖੇਡ ਕਰੀਅਰ ਦੀ ਸਰਵੋਤਮ ਪਾਰੀ ਕੈਂਸਰ ਨਾਲ ਜੂਝਣ ਤੋਂ ਬਾਅਦ ਵਾਪਸੀ ਕਰਕੇ 2017 ਵਿੱਚ ਖੇਡੀ। ਕੱਟਕ ਵਿਖੇ ਮੈਚ ਦੌਰਾਨ ਉਸ ਨੇ 127 ਗੇਂਦਾਂ ਉਤੇ 150 ਦੌੜਾਂ ਬਣਾਈਆਂ। ਇਸ ਪਾਰੀ ਵਿੱਚ 21 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ।

ਯੁਵਰਾਜ ਨੂੰ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਖੇਡ ਮੈਦਾਨ ਦੀ ਬਜਾਏ ਮੁੰਬਈ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਰਨਾ ਪਿਆ। ਇਹੋ ਦੁੱਖ ਉਸ ਵੇਲੇ ਉਸ ਦੀ ਗੱਲਬਾਤ ਵਿੱਚੋਂ ਝਲਕ ਰਿਹਾ ਸੀ ਕਿ ਖੇਡ ਮੈਦਾਨ 'ਤੇ ਵੱਡੀਆਂ ਟੀਮਾਂ ਦੇ ਕਹਿੰਦੇ ਕਹਾਉਂਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਕੇ ਹਰ ਮੈਦਾਨ ਫਤਹਿ ਕਰਨ ਵਾਲਾ ਜੁਝਾਰੂ ਬੱਲੇਬਾਜ਼ ਮੈਦਾਨ ਤੋਂ ਆਪਣੀ ਮਹਿਬੂਬ ਖੇਡ ਨੂੰ ਅਲਵਿਦਾ ਨਾ ਕਹਿ ਸਕਿਆ। ਸੰਨਿਆਸ ਲੈਣ ਵੇਲੇ ਯੁਵੀ ਦੀ ਉਦਾਸੀ ਦੱਸ ਰਹੀ ਸੀ ਕਿ ਜਿਸ ਸ਼ੋਹਰਤ ਤੇ ਬੁਲੰਦੀ ਨਾਲ ਉਸ ਨੇ ਕ੍ਰਿਕਟ ਖੇਡੀ, ਉਸੇ ਅੰਦਾਜ਼ ਨਾਲ ਉਹ ਅਲਵਿਦਾ ਨਾ ਕਹਿ ਸਕਿਆ। ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ, ਸੌਰਵ ਗਾਂਗੁਲੀ ਵਰਗੇ ਖਿਡਾਰੀਆਂ ਵਾਂਗ ਯੁਵਰਾਜ ਨੂੰ ਖੇਡ ਮੈਦਾਨ ਤੋਂ ਸੁਪਨਮਈ ਵਿਦਾਇਗੀ ਨਹੀਂ ਮਿਲੀ।

ਯੁਵਰਾਜ ਸਿੰਘ ਜ਼ਖਮੀ ਹਾਲਤ ਵਿਚ ਕ੍ਰਿਕਟ ਦੇ ਮੈਦਾਨ ਵਿਚ 

PunjabKesari

ਵੱਡੇ ਖਿਡਾਰੀ ਜਦੋਂ ਖੇਡ ਮੈਦਾਨ ਤੋਂ ਅਲਵਿਦਾ ਕਹਿੰਦੇ ਹਨ ਤਾਂ ਸਾਥੀ ਖਿਡਾਰੀਆਂ ਨਾਲ ਮੈਦਾਨ ਤੋਂ ਵਿਦਾ ਹੁੰਦੇ ਹਨ ਅਤੇ ਬਾਹਰ ਆ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੁੰਦੇ ਹਨ ਪ੍ਰੰਤੂ ਯੁਵਰਾਜ ਦੀ ਕਹਾਣੀ ਵੱਖਰੀ ਸੀ। ਖੇਡ ਜੀਵਨ ਤੋਂ ਸੰਨਿਆਸ ਦੇ ਐਲਾਨ ਮੌਕੇ ਯੁਵਰਾਜ ਦੇ ਨਾਲ ਉਸ ਦੀ ਮਾਤਾ ਸ਼ਬਨਮ ਕੌਰ ਤੇ ਪਤਨੀ ਹੇਜ਼ਲ ਕੀਚ ਸੀ ਅਤੇ ਸਾਥੀ ਖਿਡਾਰੀ ਕੋਈ ਨਹੀਂ ਸੀ। ਸੋਸ਼ਲ ਮੀਡੀਆ ਉਪਰ ਹਰ ਵੱਡਾ ਖਿਡਾਰੀ ਉਸ ਨੂੰ ਸ਼ਾਨਦਾਰ ਖੇਡ ਕਰੀਅਰ ਲਈ ਵਧਾਈਆਂ ਜ਼ਰੂਰ ਦੇ ਰਿਹਾ ਸੀ। ਅਜਿਹੇ ਮੌਕੇ ਰੋਹਿਤ ਸ਼ਰਮਾ ਵੱਲੋਂ ਯੁਵਰਾਜ ਦੇ ਅਚਨਚੇਤੀ ਸੰਨਿਆਸ ਦੇ ਐਲਾਨ ਉਤੇ ਟਵੀਟ ਕਰਦਿਆਂ ਕਿਹਾ ਗਿਆ ਕਿ ਉਹ ਬਿਹਤਰੀਨ ਵਿਦਾਇਗੀ ਦਾ ਹੱਕਦਾਰ ਸੀ। ਇਹ ਵੀ ਗੌਰਤਲਬ ਹੈ ਕਿ ਯੁਵਰਾਜ ਨੇ ਸੰਨਿਆਸ ਦੇ ਐਲਾਨ ਮੌਕੇ ਕਿਹਾ ਸੀ ਕਿ ਉਸ ਦੀ ਇੱਛਾ ਸੀ ਕਿ ਉਹ ਆਈ.ਪੀ.ਐਲ. ਮੈਚ ਖੇਡਦਿਆਂ ਸੰਨਿਆਸ ਲਏ ਪ੍ਰੰਤੂ ਉਸ ਨੂੰ ਮੈਚ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਰੋਹਿਤ ਸ਼ਰਮਾ ਉਸੇ ਮੁੰਬਈ ਇੰਡੀਅਨਜ਼ ਟੀਮ ਦਾ ਕਪਤਾਨ ਸੀ ਜਿਸ ਦਾ ਯੁਵਰਾਜ ਮੈਂਬਰ ਸੀ ਅਤੇ ਉਸ ਨੇ ਸ਼ੁਰੂਆਤੀ ਮੈਚਾਂ ਵਿੱਚ ਵਧੀਆ ਖੇਡ ਦਿਖਾਈ ਪਰ ਫੇਰ ਵੀ ਉਸ ਨੂੰ ਬਾਅਦ ਵਾਲੇ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਯੁਵਰਾਜ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਨੇ ਬੀ.ਸੀ.ਸੀ.ਆਈ. ਕੋਲ ਆਖਰੀ ਮੈਚ ਖੇਡਣ ਦੀ ਇੱਛਾ ਨਹੀਂ ਪ੍ਰਗਟਾਈ ਤਾਂ ਉਸ ਦਾ ਜਵਾਬ ਸੀ ਕਿ ਉਹ ਖੈਰਾਤ ਵਿੱਚ ਮੌਕਾ ਨਹੀਂ ਹਾਸਲ ਕਰਨਾ ਚਾਹੁੰਦਾ ਸੀ। ਇਕ ਮੌਕੇ ਯੋ ਯੋ (ਫਿਟਨੈਸ) ਟੈਸਟ ਪਾਸ ਨਾ ਕਰਨ ਦੀ ਸੂਰਤ ਵਿੱਚ ਯੁਵਰਾਜ ਨੂੰ ਆਫ਼ਰ ਮਿਲੀ ਸੀ ਕਿ ਉਹ ਆਪਣਾ ਆਖਰੀ ਵਿਦਾਇਗੀ ਮੈਚ ਬਿਨਾਂ ਟੈਸਟ ਪਾਸ ਕੀਤੇ ਖੇਡ ਸਕਦਾ ਹੈ। ਯੁਵਰਾਜ ਨੇ ਆਪਣਾ ਜੁਝਾਰੂ ਰਵੱਈਆ ਕਾਇਮ ਰੱਖਿਆ ਅਤੇ ਇਸ ਆਫਰ ਨੂੰ ਠੁਕਰਾਇਆ ਅਤੇ ਫੇਰ ਯੋ ਯੋ ਟੈਸਟ ਪਾਸ ਕਰ ਕੇ ਟੀਮ ਵਿੱਚ ਆਪਣੇ ਦਮ ਉਤੇ ਜਗ੍ਹਾਂ ਹਾਸਲ ਕੀਤੀ। ਯੁਵਰਾਜ ਦੀ ਖੇਡ ਦੇ ਦੀਵਾਨੇ ਤਾਂ ਉਸ ਦੇ ਵਿਰੋਧੀ ਵੀ ਹਨ। ਉਸ ਦੇ ਸੰਨਿਆਸ ਮੌਕੇ ਇੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬਰੌਡ ਨੇ ਵੀ ਟਵੀਟ ਕਰ ਕੇ ਸ਼ੁਭਕਾਮਨਾਵਾਂ ਦਿੱਤੀਆਂ ਜਿਸ ਦੇ ਇਕ ਓਵਰ ਵਿੱਚ ਯੁਵਰਾਜ ਨੇ ਛੇ ਛੱਕੇ ਜੜੇ ਸਨ। ਵਿਸ਼ਵ ਕੱਪ ਜਿੱਤ ਵਿੱਚ ਯੁਵਰਾਜ ਦੇ ਸਾਥੀ ਰਹੇ ਹਰਭਜਨ ਸਿੰਘ ਨੇ ਕਿਹਾ, ''ਯੁਵੀ ਬਦੌਲਤ ਹੀ ਅਸੀਂ ਵਿਸ਼ਵ ਕੱਪ ਜਿੱਤ ਸਕੇ।''

ਆਪਣੇ ਪਿਤਾ ਯੋਗਰਾਜ ਤੋਂ ਇਲਾਵਾ ਕੋਚ ਸੁਖਵਿੰਦਰ ਬਾਵਾ ਨੂੰ ਆਪਣਾ ਗੁਰੂ ਮੰਨਣ ਵਾਲਾ ਯੁਵਰਾਜ ਭਾਰਤੀ ਟੀਮ ਵਿਚ ਹਰਭਜਨ ਸਿੰਘ, ਜ਼ਹੀਰ ਖਾਨ ਤੇ ਆਸ਼ੀਸ਼ ਨਹਿਰਾ ਨੂੰ ਵਧੀਆ ਸਾਥੀ ਮੰਨਦਾ। ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਨੂੰ ਉਹ ਸਦਾ ਸਤਿਕਾਰ ਦਾ ਦਰਜਾ ਦਿੰਦਾ ਹੈ। ਸ਼ਰਾਰਤੀ ਸੁਭਾਅ ਦਾ ਉਹ ਮੁੱਢੋਂ ਹੀ। ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੌਰਾਨ ਯੁਵਰਾਜ ਤੇ ਹਰਭਜਨ ਨੇ ਮਿਲ ਕੇ ਦਿਨੇਸ਼ ਮੌਂਗੀਆ ਨੂੰ ਰਾਤ ਸਮੇਂ ਅਜਿਹਾ ਡਰਾਇਆ ਕਿ ਮੌਂਗੀਆਂ ਦਾ ਰੰਗ ਹੀ ਉਡ ਗਿਆ। ਫਿਲਮੀ ਅਦਾਕਾਰਾਂ ਨਾਲ ਉਸ ਦੇ ਕਿੱਸੇ ਬਹੁਤ ਜੁੜੇ। ਉਸ ਦੀਆਂ ਪਿਆਰ ਦੀਆਂ ਪੀਂਘਾਂ ਵੀ ਕ੍ਰਿਕਟ ਜਿੰਨੀਆਂ ਪ੍ਰਸਿੱਧ ਹੋਈਆਂ। ਇਕੇਰਾਂ ਯੁਵਰਾਜ ਤੇ ਧੋਨੀ ਵਿਚਾਲੇ ਦੀਪਿਕਾ ਪਾਦੂਕੋਣ ਨੂੰ ਲੈ ਕੇ ਵਿਵਾਦ ਵੀ ਹੋਇਆ। ਪ੍ਰੀਤੀ ਜ਼ਿੰਟਾ ਨਾਲ ਜਦੋਂ ਉਸ ਦਾ ਨਾਮ ਬਹੁਤ ਜੁੜਨ ਲੱਗਿਆ ਤਾਂ ਉਦੋਂ ਉਸ ਅਦਾਕਾਰਾ ਨੂੰ ਇਹ ਕਹਿ ਕੇ ਪਿੱਛਾ ਛੁਡਵਾਉਣਾ ਪਿਆ ਕਿ ਯੁਵਰਾਜ ਤਾਂ ਉਸ ਦਾ ਭਰਾ ਹੈ।

ਯੁਵਰਾਜ ਸਿੰਘ

PunjabKesari

ਯੁਵਰਾਜ ਸੁਭਾਅ ਤੋਂ ਭਾਵੁਕ ਇਨਸਾਨ ਹੈ। ਕਈ ਮੌਕਿਆਂ ਉਤੇ ਮੈਦਾਨ ਉਤੇ ਉਸ ਨੂੰ ਭਾਵੁਕ ਹੁੰਦਿਆਂ ਦੇਖਿਆ ਗਿਆ। ਉਸ ਦੇ ਸ਼ਰਾਰਤੀ ਸੁਭਾਅ ਬਾਰੇ ਕ੍ਰਿਕਟ ਪੰਡਿਤ ਆਖਦੇ ਹਨ ਕਿ ਜੇਕਰ ਉਹ ਸੰਜੀਦਾ ਤੇ ਇਕਾਗਰ ਚਿੱਤ ਵਾਲਾ ਹੁੰਦਾ ਤਾਂ ਹੋਰ ਵੀ ਬਹੁਤ ਲੰਬਾ ਸਮਾਂ ਖੇਡ ਸਕਦਾ ਸੀ। ਇਕ ਵਾਰ ਕਪਿਲ ਦੇਵ ਨੇ ਉਸ ਦੇ ਵਿਗੜੈਲ ਸੁਭਾਅ ਕਾਰਨ ਕੋਈ ਸਲਾਹ ਦਿੱਤੀ ਤਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ 'ਕਪਿਲ ਨੇ ਯੁਵੀ ਨੂੰ ਆਖਿਆ, ਮਾਂ ਦਾ ਲਾਡਲਾ ਵਿਗੜ ਗਿਆ।' ਹਾਲਾਂਕਿ ਇਸ ਬਾਰੇ ਖੁਦ ਯੁਵਰਾਜ ਨੇ ਕਿਹਾ ਸੀ ਕਿ ਕਪਿਲ ਦੇਵ ਦੀ ਭਾਵਨਾ ਬਹੁਤ ਸਹੀ ਸੀ ਪਰ ਸੁਰਖੀਆਂ ਹੋਰ ਬਣ ਗਈਆਂ। ਯੁਵਰਾਜ ਦੇ ਖੇਡ ਜੀਵਨ ਤੋਂ ਬਾਹਰਲੀਆਂ ਘਟਨਾਵਾਂ ਦੀਆਂ ਬਹੁਤ ਸੁਰਖੀਆਂ ਬਣਦੀਆਂ ਰਹੀਆਂ ਜਿਸ ਦੀ ਯੁਵਰਾਜ ਨੇ ਕਿਤੇ ਪ੍ਰਵਾਹ ਨਹੀਂ ਕੀਤੀ। ਇਕੇਰਾਂ ਧੋਨੀ ਨੇ ਇਕ ਸ਼ੋਅ ਦੌਰਾਨ ਯੁਵਰਾਜ ਸਾਹਮਣੇ ਬੈਠੇ ਕਿਹਾ ਸੀ, ''ਯੁਵੀਂ ਮੈਨੂੰ ਬਿਹਾਰੀ ਕਹਿ ਕੇ ਬੁਲਾਉਂਦਾ।''

ਯੁਵਰਾਜ ਜਦੋਂ ਵੀ ਟੀਮ ਵਿੱਚੋਂ ਬਾਹਰ ਹੋਇਆ ਤਾਂ ਆਪਣੇ ਜੁਝਾਰੂ ਰਵੱਈਏ ਸਦਕਾ ਹਮੇਸ਼ਾ ਹੀ ਘਰੇਲੂ ਕ੍ਰਿਕਟ ਵਿੱਚ ਦਮਦਾਰ ਪ੍ਰਦਰਸ਼ਨ ਨਾਲ ਵਾਪਸੀ ਕੀਤੀ। ਖਾਸ ਕਰਕੇ ਆਪਣੇ ਖੇਡ ਕਰੀਅਰ ਦੇ ਆਖਰੀ ਦੌਰ ਵਿੱਚ ਜਦੋਂ ਉਸ ਦੀ ਖੇਡ ਖਤਮ ਹੋਣ ਦੀਆਂ ਗੱਲਾਂ ਚੱਲ ਪੈਂਦੀਆਂ ਤਾਂ ਉਹ ਆਪਣੇ ਬੱਲੇ ਨਾਲ ਜਵਾਬ ਦਿੰਦਾ। 2016 ਵਿੱਚ ਵਿਜੇ ਹਜ਼ਾਰੇ ਟਰਾਫੀ ਵਿੱਚ 85 ਤੋਂ ਵੱਧ ਦੀ ਔਸਤ ਨਾਲ 341 ਦੌੜਾਂ ਬਣਾ ਕੇ ਟੀਮ ਵਿੱਚ ਵਾਪਸੀ ਕੀਤੀ। 2017 ਵਿੱਚ ਰਣਜੀ ਟਰਾਫੀ ਵਿੱਚ ਉਸ ਨੇ ਪੰਜ ਮੈਚਾਂ ਵਿੱਚ 672 ਦੌੜਾਂ ਬਣਾ ਕੇ ਵਾਪਸੀ ਕੀਤੀ। 2002 ਵਿੱਚ ਵੀ ਇਕ ਵਾਰ ਜਦੋਂ ਉਹ ਟੀਮ ਤੋਂ ਬਾਹਰ ਹੋਇਆ ਸੀ ਤਾਂ ਦਿਲੀਪ ਟਰਾਫੀ ਵਿੱਚ ਦੱਖਣੀ ਜ਼ੋਨ ਵਿਰੁੱਧ 209 ਦੌੜਾਂ ਦੀ ਪਾਰੀ ਖੇਡ ਕੇ ਵਾਪਸੀ ਕੀਤੀ ਸੀ। ਯੁਵਰਾਜ ਅਜਿਹਾ ਖਿਡਾਰੀ ਹੋਇਆ ਜਿਸ ਨੂੰ ਵੱਡਾ ਖਿਡਾਰੀ ਬਣਨ ਤੋਂ ਬਾਅਦ ਵੀ ਕਦੇ ਘਰੇਲੂ ਕ੍ਰਿਕਟ ਖੇਡਣ ਵਿੱਚ ਹਿਚਕਚਾਹਟ ਮਹਿਸੂਸ ਨਹੀਂ ਹੋਈ। ਯੁਵਰਾਜ ਨੇ ਕਦੇਂ ਮੰਗਵਾ ਮੌਕਾ ਜਾਂ ਤਰਸ ਨਾਲ ਜਗ੍ਹਾਂ ਹਾਸਲ ਨਹੀਂ ਕੀਤੀ। ਉਹ ਜਦੋਂ ਵੀ ਟੀਮ ਵਿੱਚ ਵਾਪਸ ਆਇਆ ਤਾਂ ਆਪਣੇ ਦਮ ਉਤੇ ਆਇਆ।

ਯੁਵਰਾਜ ਨੂੰ ਨਿੱਜੀ ਤੌਰ ਉਤੇ ਤਿੰਨ ਵਾਰ ਮਿਲਣ ਦਾ ਮੌਕਾ ਮਿਲਿਆ। ਇਕ ਉਸ ਦੇ ਖੇਡ ਕਰੀਅਰ ਦੀ ਸ਼ੁਰੂਆਤ ਅਤੇ ਤੀਜੀ ਵਾਰ ਖੇਡ ਦੀ ਸਿਖਰ ਵੇਲੇ। ਪਹਿਲੀ ਵਾਰ 2004 ਵਿੱਚ ਪੀ.ਸੀ.ਏ. ਸਟੇਡੀਅਮ ਮੁਹਾਲੀ ਵਿਖੇ ਹੀ ਮਿਲਿਆ ਜਦੋਂ ਉਹ ਰਣਜੀ ਟਰਾਫੀ ਦੇ ਇਕ ਮੈਚ ਵਿਚ ਉਤਰ ਪ੍ਰਦੇਸ਼ ਵਿਰੁੱਧ ਪੰਜਾਬ ਵੱਲੋਂ ਖੇਡ ਰਿਹਾ ਸੀ। ਦਿਨ ਦੇ ਖੇਡ ਦੀ ਸਮਾਪਤੀ ਤੋਂ ਬਾਅਦ ਉਸ ਦੀ ਇੰਟਰਵਿਊ ਕੀਤੀ। ਨੈਟ ਪ੍ਰੈਕਟਿਸ ਦਾ ਸਮਾਂ ਹੋਣ ਕਰਕੇ ਯੁਵਰਾਜ ਨੇ ਮੈਨੂੰ ਸਹਿਜੇ ਹੀ ਪੁੱਛਿਆ, ''ਕਿੰਨੇ ਸਵਾਲ ਪੁੱਛੋਗੇ?'' ਮੇਰਾ ਜਵਾਬ ਸੀ, '' ਇਹ ਤਾਂ ਇੰਟਰਵਿਊਂ ਦੌਰਾਨ ਹੀ ਪਤਾ ਲੱਗੇਗਾ ਕਿ ਕਿੰਨੇ ਸਵਾਲਾਂ ਨਾਲ ਡੰਗ ਸਰਦਾ।'' ਫੇਰ ਵੀ ਉਸ ਨੇ ਪੌਣਾ ਘੰਟਾ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਉਸ ਵੇਲੇ ਉਹ ਜੂਨੀਅਰ ਵਿਸ਼ਵ-ਕੱਪ ਦੀ ਜਿੱਤ ਨੂੰ ਆਪਣੀ ਜ਼ਿੰਦਗੀ ਦਾ ਵੱਡਾ ਮੋੜ ਦੱਸਦਾ ਸੀ। ਫੇਰ ਨੈਟਵੈਸਟ ਟਰਾਫੀ ਦੀ ਜਿੱਤ ਨੂੰ ਵੱਡੀ ਮੰਨਦਾ ਸੀ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ

PunjabKesari

ਫੇਰ ਉਸ ਨਾਲ ਮੁਲਾਕਾਤ ਉਸ ਦੇ ਵਿਸ਼ਵ ਕੱਪ ਚੈਂਪੀਅਨ ਬਣਨ ਤੋਂ ਬਾਅਦ ਕੈਂਸਰ ਦੀ ਬਿਮਾਰੀ ਨੂੰ ਮਾਤ ਦੇਣ ਉਪਰੰਤ ਪੰਜਾਬ ਸਰਕਾਰ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿੱਚ ਹੋਈ। 2012 ਵਿੱਚ ਉਸ ਸਮਾਗਮ ਵਿੱਚ ਉਹ ਕਾਫੀ ਬਦਲਿਆ ਨਜ਼ਰ ਆਇਆ। ਉਦੋਂ ਕੀਮੋਥੈਰਪੀ ਕਰਕੇ ਉਸ ਦੇ ਸਿਰ ਦੇ ਵਾਲ ਝੜੇ ਹੋਏ ਸਨ। ਤੀਜੀ ਵਾਰ ਉਸ ਨਾਲ ਬਹੁਤ ਛੋਟੀ ਮੁਲਾਕਾਤ ਹੋਈ ਜਦੋਂ ਉਹ ਕੈਂਸਰ ਖਿਲਾਫ ਸਰਕਾਰ ਦੀ ਮੁਹਿੰਮ ਦਾ ਹਿੱਸਾ ਬਣਨ ਲਈ ਆਇਆ। ਆਖਰੀ ਦੋਵੇਂ ਮੁਲਾਕਾਤਾਂ ਉਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈਆਂ। ਯੁਵਰਾਜ ਨੇ 'ਯੂਵੀਕੈਨ' ਸੰਸਥਾ ਵੀ ਬਣਾਈ ਹੈ ਜੋ ਕੈਂਸਰ ਪੀੜਤਾਂ ਦਾ ਮੁਫਤ ਇਲਾਜ ਕਰਵਾਉਂਦੀ ਹੈ।

ਯੁਵਰਾਜ ਦਾ ਖੇਡ ਕਰੀਅਰ ਵੀ ਉਤਰਾਅ-ਚੜ੍ਹਾਵਾਂ ਦੇ ਬਾਵਜੂਦ ਸ਼ਾਨਦਾਰ ਰਿਹਾ ਹੈ। ਯੁਵਰਾਜ ਦੀ ਪਛਾਣ ਹੀ ਇਕ ਫਾਈਟਰ ਖਿਡਾਰੀ ਦੀ ਰਹੀ ਹੈ। ਸਥਿਤੀਆਂ ਦੇ ਉਲਟ ਬੱਲੇਬਾਜ਼ੀ ਕਰਦਿਆਂ ਉਹ ਇੰਝ ਲੱਗਦਾ ਹੈ ਜਿਵੇਂ ਕੋਈ ਜਿੱਦ ਪੁਗਾ ਰਿਹਾ ਹੈ। ਯੁਵਰਾਜ ਦੇ ਖੇਡ ਜੀਵਨ ਵਿੱਚ ਆਉਂਦੇ ਉਤਾਰ-ਚੜ੍ਹਾਵਾਂ ਮੌਕੇ ਉਸ ਦਾ ਸਾਬਕਾ ਖਿਡਾਰੀ ਤੇ ਐਕਟਰ ਪਿਤਾ ਯੋਗਰਾਜ ਭਾਵੁਕ ਹੋ ਜਾਂਦਾ। ਧੋਨੀ ਕਾਰਨ ਟੀਮ ਤੋਂ ਬਾਹਰ ਹੋਣ ਕਾਰਨ ਯੋਗਰਾਜ ਦਾ ਧੋਨੀ ਉਪਰ ਕਈ ਵਾਰ ਫੁੱਟਿਆ ਗੁੱਸਾ ਵੀ ਲੋਕਾਂ ਨੂੰ ਜਾਇਜ਼ ਲੱਗਦਾ ਰਿਹਾ। ਯੋਗਰਾਜ ਸਿੰਘ ਨੇ ਕਈ ਵਾਰ ਖੁੱਲ੍ਹ ਕੇ ਧੋਨੀ ਅਤੇ ਟੀਮ ਮੈਨੇਜਮੈਂਟ ਦੀਆਂ ਧੱਜੀਆਂ ਉਡਾਈਆਂ ਹਨ। ਯੁਵੀ ਨਾਲ ਹੋਏ ਧੱਕਿਆਂ ਕਾਰਨ ਉਸ ਦੇ ਪ੍ਰਸੰਸਕਾਂ ਦੇ ਸੀਨਿਆਂ ਵਿੱਚ ਵੀ ਚੀਸ ਪੈਂਦੀ ਸੀ। ਪਿਤਾ ਯੋਗਰਾਜ ਦੀ ਤੜਫ ਤਾਂ ਸੁਭਾਵਿਕ ਹੀ ਸੀ। ਯੁਵਰਾਜ ਦੇ ਪ੍ਰਸੰਸਕਾਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਹੈ ਕਿ ਉਸ ਦਾ ਹੱਕ ਮਾਰ ਕੇ ਧੋਨੀ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ। ਪਰ ਯੁਵਰਾਜ ਆਪਣੀ ਖੇਡ, ਜਜ਼ਬੇ ਸਦਕਾ ਸਦਾ ਖੇਡ ਪ੍ਰੇਮੀਆਂ ਦੇ ਦਿਲਾਂ ਉਤੇ ਰਾਜ ਕਰਦਾ ਹੈ। ਜਿਸ ਖਿਡਾਰੀ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤਿਆਂ ਵੀ ਦੇਸ਼ ਨੂੰ ਕ੍ਰਿਕਟ ਦਾ ਸਭ ਤੋਂ ਵੱਡਾ ਖਿਤਾਬ ਜਿਤਾਇਆ ਹੋਵੇ, ਉਸ ਲਈ ਕੋਈ ਅਹੁਦਾ, ਪਦਵੀ ਜਾਂ ਐਵਾਰਡ ਵੱਡਾ ਨਹੀਂ। ਯੁਵੀ ਲੋਕਾਂ ਦੇ ਦਿਲਾਂ ਉਤੇ ਰਾਜ ਕਰਦਾ ਹੈ। ਯੁਵਰਾਜ ਵਰਗਾ ਖਿਡਾਰੀ ਬਣਨਾ ਔਖਾ ਹੈ। ਮਹਾਨ ਖਿਡਾਰੀ ਬਹੁਤ ਹੋਣਗੇ ਪਰ ਉਸ ਵਰਗਾ ਮੈਚ ਜਿਤਾਓ ਕੋਈ ਟਾਂਵਾ ਟਾਂਵਾ ਹੀ ਪੈਦਾ ਹੁੰਦਾ ਹੈ।

PunjabKesari

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur