ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’

Wednesday, May 20, 2020 - 01:32 PM (IST)

ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’

ਆਰਟੀਕਲ-6

ਨਵਦੀਪ ਸਿੰਘ ਗਿੱਲ

ਜੀਵ ਮਿਲਖਾ ਸਿੰਘ ਭਾਰਤੀ ਗੌਲਫ ਦੀ ਰੂਹ-ਏ-ਰਵਾਂ ਹੈ। ਜੀਵ ਦਾ ਜ਼ਿਕਰ ਆਉਂਦਿਆਂ ਹੀ ਮਿਲਖਾ ਸਿੰਘ ਦਾ ਪੁੱਤਰ ਨਹੀਂ ਸਗੋ ਚੋਟੀ ਦਾ ਗੌਲਫਰ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ। ਪੰਜਾਹਵੇਂ ਵਰ੍ਹੇ ਨੂੰ ਢੁੱਕਿਆ ਜੀਵ ਚਾਰ ਦਹਾਕੇ ਤੋਂ ਵੱਧ ਆਪਣਾ ਜੀਵਨ ਗੌਲਫ ਲਈ ਹੀ ਜੀਵਿਆ ਹੈ। ਜੀਵ ਜਿੰਨੀਆਂ ਪ੍ਰਾਪਤੀਆਂ ਕਿਸੇ ਭਾਰਤੀ ਗੌਲਫਰ ਦੇ ਹਿੱਸੇ ਨਹੀਂ ਆਈਆਂ। ਜੀਵ ਦੀ ਪਛਾਣ ਸਿਰਫ ਸਟਾਰ ਪਿਤਾ ਦੇ ਪੁੱਤਰ ਵਜੋਂ ਨਹੀਂ ਹੈ ਬਲਕਿ ਉਸ ਨੇ ਆਪਣੇ ਬਲਬੂਤੇ ਆਪ ਬਣਾਈ ਹੈ। ਉਡਣਾ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ ਅਤੇ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਰਹੀ ਨਿਰਮਲ ਮਿਲਖਾ ਸਿੰਘ ਦਾ ਪੁੱਤਰ ਜੀਵ ਹੁਣ ਖੁਦ ਮਾਪਿਆਂ ਦੇ ਨਾਮ ਕਰਕੇ ਨਹੀਂ ਬਲਕਿ ਉਸ ਦੇ ਮਾਪਿਆਂ ਨੂੰ ਜੀਵ ਦੇ ਮਾਤਾ-ਪਿਤਾ ਕਰਕੇ ਪੁਕਾਰਿਆ ਜਾਂਦਾ ਹੈ। ਸਟਾਰ ਮਾ-ਪਿਓ ਨੂੰ ਇਸ ਤੋਂ ਵੱਡੀ ਦਾਦ ਕੀ ਹੋਵੇਗੀ। ਜੀਵ ਦੀ ਆਪਣੇ ਪਿਤਾ ਕਰਕੇ ਪਛਾਣ ਮਹਿਜ਼ 12 ਵਰ੍ਹਿਆਂ ਦੀ ਉਮਰ ਤੱਕ ਰਹੀ ਹੈ। ਤੇਰ੍ਹਵੇਂ ਵਰ੍ਹੇ ਤੋਂ ਜੀਵ ਨੇ ਗੌਲਫ ਕੋਰਸ ਵਿੱਚ ਆਪਣੀਆਂ ਸ਼ਾਟਾਂ ਨਾਲ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਅਤੇ ਫੇਰ ਇਸ ਖੇਡ ਦੀਆਂ ਸਿਖਰਾਂ ਨੂੰ ਛੂਹਿਆ। ਅੱਜ ਉਹ ਭਾਰਤੀ ਗੌਲਫ ਦਾ ਸਭ ਤੋਂ ਵੱਡਾ ਚਿਹਰਾ ਹੈ, ਜਿਸ ਨੇ ਭਾਰਤੀ ਗੌਲਫ ਨੂੰ ਕੁੱਲ ਦੁਨੀਆਂ ਵਿੱਚ ਪਛਾਣ ਦਿਵਾਈ ਹੈ।

PunjabKesari

ਇੰਨੀ ਦਿਨੀਂ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਪੂਰੀ ਦੁਨੀਆਂ ਜੂਝ ਰਹੀ ਹੈ ਤਾਂ ਮਿਲਖਾ ਸਿੰਘ ਦੀ ਧੀ ਅਤੇ ਜੀਵ ਦੀ ਭੈਣ ਡਾ.ਮੋਨਾ ਸਿੰਘ ਨਿਊਯਾਰਕ ਦੇ ਹਸਪਤਾਲ ਵਿੱਚ ਲੰਬਾ ਸਮਾਂ ਡਿਊਟੀ ਕਰਦੀ ਹੋਈ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਉਸ ਨੇ ਆਪਣੀ ਇਕ ਫੋਟੋ ਸਾਂਝੀ ਕਰਦਿਆਂ ਕਿਹਾ, ''ਮੈਂ ਵੀ ਅੱਜ-ਕੱਲ੍ਹ ਮੈਰਾਥਨ ਦੌੜ ਰਹੀ ਹੈ।'' ਮੀਡੀਆ ਜਗਤ ਨੇ ਖੇਡ ਪਰਿਵਾਰ ਦੀ ਇਸ ਧੀ ਨੂੰ ਸੁਪਰ ਹੀਰੋ ਦਾ ਖਿਤਾਬ ਦਿੱਤਾ। ਸੋਸ਼ਲ ਮੀਡੀਆ ਉਤੇ ਉਸ ਦੀਆਂ ਸ਼ੇਅਰ ਕੀਤੀਆਂ ਫੋਟੋਆਂ ਵਿੱਚ ਉਸ ਨੂੰ ਪਹਿਲਾ ਜੀਵ ਦੀ ਭੈਣ ਲਿਖਿਆ, ਫੇਰ ਮਿਲਖਾ ਸਿੰਘ ਦੀ ਧੀ। ਗੌਲਫ ਖੇਡ ਨੂੰ ਅਮੀਰਾਂ, ਕੁਲੀਨ ਵਰਗ ਲੋਕਾਂ ਦੀ ਖੇਡ ਕਿਹਾ ਜਾਂਦਾ ਹੈ ਜੋ ਕਿ ਸਭ ਤੋਂ ਵੱਧ ਟੈਕਨੋ-ਸੇਵੀ ਹੁੰਦੇ ਹਨ। ਇਸੇ ਕਰਕੇ ਸੋਸ਼ਲ ਮੀਡੀਆ ਦੇ ਪਲੇਟਫਾਰਮਜ਼ ਟਵਿੱਟਰ, ਇੰਸਟਾਗ੍ਰਾਮ ਆਦਿ ਉਪਰ ਜੀਵ ਨੂੰ ਫਾਲੋ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ, ਜਿੱਥੇ ਮਿਲਖਾ ਸਿੰਘ ਨੂੰ ਵੀ ਕਈ ਵਾਰ ਜੀਵ ਦੇ ਪਿਤਾ ਵਜੋਂ ਲਿਖਿਆ ਜਾਂਦਾ ਹੈ। ਮੀਡੀਆ ਨੇ ਵੀ ਡਾ.ਮੋਨਾ ਸਿੰਘ ਬਾਰੇ ਲਿਖੀਆਂ ਖਬਰਾਂ ਵਿੱਚ ਜੀਵ ਦੀਆਂ ਇੰਟਰਵਿਊਜ਼ ਕੀਤੀਆਂ। ਜੀਵ ਨੂੰ ਆਪਣੀ ਡਾਕਟਰ ਭੈਣ ਦੀ ਇਸ ਨਿਵੇਕਲੀ ਮੈਰਾਥਨ ਉਪਰ ਮਾਣ ਹੈ, ਜਿਹੜੀ ਕੋਰੋਨਾ ਦੇ ਸਭ ਤੋਂ ਪ੍ਰਭਾਵਿਤ ਸ਼ਹਿਰ ਨਿਊਯਾਰਕ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।

ਮਿਲਖਾ ਸਿੰਘ ਨੂੰ ਜੋ ਆਪਣੇ ਪੁੱਤਰ ਦੀਆਂ ਪ੍ਰਾਪਤੀਆਂ ਕਰਕੇ ਸਨਮਾਨ ਮਿਲਿਆ। ਇਹ ਸੁਭਾਗ ਸਾਡੇ ਦੇਸ਼ ਵਿੱਚ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਰੋਜਰ ਬਿੰਨੀ, ਅਮਿਤਾਭ ਬੱਚਨ ਨੂੰ ਨਹੀਂ ਮਿਲਿਆਂ, ਜਿਨ੍ਹਾਂ ਦੀ ਔਲਾਦ ਆਪਣੇ ਪਿਤਾ ਦੀ ਮਹਾਨਤਾ ਦੇ ਪਰਛਾਵੇਂ ਵਿੱਚੋਂ ਬਾਹਰ ਨਹੀਂ ਨਿਕਲ ਸਕੀ। ਜੀਵ ਦੀਆਂ ਬੇਸ਼ੁਮਾਰ ਪ੍ਰਾਪਤੀਆਂ ਨੇ ਇਹ ਵੀ ਧਾਰਨਾ ਰੱਦ ਕੀਤੀ ਕਿ ਵੱਡੇ ਦਰੱਖਤ ਦੇ ਥੱਲੇ ਦੂਜਾ ਦਰੱਖਤ ਨਹੀਂ ਉਗ ਸਕਦਾ। ਜੀਵ ਨੇ ਇਹ ਵੀ ਉਲਾਂਭਾ ਦੂਰ ਕਰ ਦਿੱਤਾ ਕਿ ਸਟਾਰ ਮਾਪਿਆਂ ਦੀ ਔਲਾਦ ਉਨੀ ਸਟਾਰ ਨਹੀਂ ਬਣਦੀ ਜਿੰਨੀ ਉਨ੍ਹਾਂ ਤੋਂ ਤਵੱਕੋਂ ਕੀਤੀ ਜਾਂਦੀ ਹੈ। ਮਿਲਖਾ ਸਿੰਘ ਨੇ ਜੇ ਭਾਰਤ ਵਿੱਚ ਅਥਲੈਟਿਕਸ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਤਾਂ ਜੀਵ ਨੇ ਗੌਲਫ ਨੂੰ ਭਾਰਤ ਵਿੱਚ ਪੱਕੇ ਪੈਰੀਂ ਕੀਤਾ। ਗੌਲਫ ਜਿਹੀ ਉਪਰੀ ਤੇ ਅਣਜਾਨ ਸਮਝੀ ਜਾਂਦੀ ਖੇਡ ਨੂੰ ਭਾਰਤ ਵਿੱਚ ਮਕਬੂਲ ਕਰਨ ਦਾ ਸਿਹਰਾ ਜੀਵ ਜਿਹੇ ਗੌਲਫਰਾਂ ਸਿਰ ਹੀ ਜਾਂਦਾ ਹੈ। ਪ੍ਰੋਫੈਸ਼ਨਲ ਖੇਡ ਗੌਲਫ ਭਾਰਤੀਆਂ ਲਈ ਖਾਲਾ ਜੀ ਦਾ ਵਾੜਾ ਨਹੀਂ। ਜੀਵ ਤੋਂ ਪਹਿਲਾਂ ਇਸ ਖੇਡ ਵਿੱਚ ਨਾ ਤਾਂ ਭਾਰਤੀ ਗੌਲਫਰਾਂ ਦੀ ਜ਼ਿਆਦਾ ਰੁਚੀ ਸੀ ਅਤੇ ਨਾ ਹੀ ਇਸ ਖੇਡ ਨਾਲ ਜ਼ਿਆਦਾ ਦਰਸ਼ਕ ਜੁੜੇ ਸਨ। ਜੀਵ ਵੱਲੋਂ ਇਸ ਖੇਡ ਵਿੱਚ ਗੱਡੇ ਝੰਡਿਆਂ ਬਦੌਲਤ ਅੱਜ ਇਕੱਲੇ ਚੰਡੀਗੜ੍ਹ ਸ਼ਹਿਰ ਵਿੱਚ ਹੀ ਸੈਂਕੜੇ ਗੌਲਫਰ ਦੇਸ਼ ਦਾ ਨਾਮ ਚਮਕਾਉਣ ਲਈ ਗੌਲਫ ਕੋਰਸਾਂ ਵਿੱਚ ਜੁਟੇ ਹੋਏ ਹਨ। ਹੱਥਲੇ ਕਾਲਮ ਵਿੱਚ ਪੰਜਾਬੀ ਖਿਡਾਰੀਆਂ ਦੇ ਜੀਵਨ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ। ਇਸ ਕਾਲਮ ਅਧੀਨ ਮਿਲਖਾ ਸਿੰਘ ਨਾਲੋਂ ਪਹਿਲਾਂ ਜੀਵ ਬਾਰੇ ਲਿਖਣ ਦਾ ਮਨ ਬਣਿਆ, ਕਿਉਂਕਿ ਜੀਵ ਨੇ ਆਪਣੇ ਮਾਤਾ-ਪਿਤਾ ਦੀ ਖੇਡ ਵਿਰਾਸਤ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਇਆ ਹੈ।

PunjabKesari

ਜੀਵ ਅਤੇ ਉਸ ਦੇ ਪਿਤਾ ਮਿਲਖਾ ਸਿੰਘ ਦੀਆਂ ਖੇਡ ਪ੍ਰਾਪਤੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਪਿਉਂ-ਪੁੱਤਰ ਦੋਵੇਂ ਹੀ ਇਕ-ਦੂਜੇ ਤੋਂ ਘੱਟ ਨਹੀਂ ਹਨ। ਦੋਵੇਂ ਹੀ ਇਕ-ਦੂਜੇ ਨੂੰ ਪੂਰੀ ਟੱਕਰ ਦਿੰਦੇ ਨਜ਼ਰ ਆਉਂਦੇ ਹਨ। ਗੌਲਫ ਦੀ ਵਿਸ਼ਵ ਰੈਂਕਿੰਗ ਵਿੱਚ ਪਹਿਲੇ 100 ਖਿਡਾਰੀਆਂ ਵਿੱਚ ਸ਼ੁਮਾਰ ਹੋਣ ਵਾਲਾ ਜੀਵ ਪਹਿਲਾ ਭਾਰਤੀ ਗੌਲਫਰ ਹੈ। ਇਸ ਤੋਂ ਵੀ ਅਗਾਂਹ ਉਸ ਨੇ 28ਵੀਂ ਰੈਂਕਿੰਗ ਹਾਸਲ ਕਰਨ ਕੇ ਆਲਮੀ ਗੌਲਫ ਵਿੱਚ ਭਾਰਤ ਦੀ ਚੋਖੀ ਹਾਜ਼ਰੀ ਲਗਾਈ ਹੈ। ਗੌਲਫ ਦੇ ਸਭ ਤੋਂ ਵੱਡੇ ਮੁਕਾਬਲੇ ਪੀ.ਜੀ.ਏ. ਚੈਂਪੀਅਨਸ਼ਿਪ ਵਿੱਚ ਉਹ ਨੌਵੇਂ ਸਥਾਨ ਉਤੇ ਆਇਆ ਹੋਇਆ ਹੈ। ਇਸੇ ਤਰ੍ਹਾਂ ਮਿਲਖਾ ਸਿੰਘ ਵੀ ਓਲੰਪਿਕ ਫਾਈਨਲ ਦੌੜਨ ਵਾਲਾ ਪਹਿਲਾ ਭਾਰਤੀ ਅਥਲੀਟ ਬਣਿਆ ਸੀ, ਜਿੱਥੇ ਉਹ ਚੌਥੇ ਸਥਾਨ ਉਤੇ ਆਇਆ ਸੀ। ਜੀਵ ਯੂਰੋਪੀਅਨ ਟੂਰ ਖੇਡਣ ਵਾਲਾ ਭਾਰਤੀ ਗੌਲਫਰ ਹੈ ਜਿੱਥੇ ਉਸ ਨੇ ਚਾਰ ਖਿਤਾਬ ਵੀ ਜਿੱਤੇ। ਮਿਲਖਾ ਸਿੰਘ ਵੀ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਭਾਰਤ ਦਾ ਪਹਿਲਾ ਅਥਲੀਟ ਸੀ। ਜੀਵ ਨੇ ਦੋ ਵਾਰ ਏਸ਼ੀਅਨ ਟੂਰ ਆਰਡਰ ਆਫ ਮੈਰਿਟ ਵੀ ਜਿੱਤਿਆ। ਮਿਲਖਾ ਸਿੰਘ ਵੀ ਏਸ਼ਿਆਈ ਖੇਡਾਂ ਵਿੱਚ ਦੋਹਰਾ ਸੋਨ ਤਮਗਾ ਜਿੱਤ ਕੇ ਏਸ਼ੀਆ ਵਿੱਚ ਛਾ ਗਿਆ ਸੀ।

ਮਿਲਖਾ ਨੇ ਚਾਰ ਜਪਾਨ ਗੌਲਫ ਟੂਰ ਜਿੱਤੇ ਅਤੇ ਮਿਲਖਾ ਦੀ ਗੁੱਡੀ ਵੀ ਜਪਾਨ ਵਿਖੇ ਏਸ਼ਿਆਈ ਖੇਡਾਂ ਦੌਰਾਨ ਚੜ੍ਹੀ ਸੀ। ਪ੍ਰੋਫੈਸ਼ਨਲ ਗੌਲਫ ਕਰੀਅਰ ਵਿੱਚ ਜੀਵ 14 ਕੌਮਾਂਤਰੀ ਚੈਂਪੀਅਨਸ਼ਿਪਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚ ਚਾਰ ਯੂਰੋਪੀਅਨ ਟੂਰ, ਚਾਰ ਜਪਾਨੀ ਟੂਰ ਤੇ ਛੇ ਏਸ਼ੀਅਨ ਟੂਰ ਸ਼ਾਮਲ ਹਨ। ਅੱਠ ਹੋਰ ਟੂਰਨਾਮੈਂਟ ਜਿੱਤੇ ਹਨ, ਜਿਸ ਤਰ੍ਹਾਂ ਸਾਰੇ ਖਿਤਾਬ ਮਿਲਾ ਕੇ ਜੀਵ ਨੇ ਕੁੱਲ 20 ਟੂਰਨਾਮੈਂਟ ਜਿੱਤੇ ਹਨ। ਮਿਲਖਾ ਸਿੰਘ ਨੇ ਵੀ ਭਾਰਤ ਲਈ ਦਰਜਨਾਂ ਸੋਨ ਤਮਗੇ ਜਿੱਤੇ ਹਨ। ਐਵਾਰਡਾਂ, ਪੁਰਸਕਾਰਾਂ ਦੀ ਗੱਲ ਕਰੀਏ ਤਾਂ ਇਥੇ ਜੀਵ ਦਾ ਪਲੜਾ ਆਪਣੇ ਪਿਤਾ ਨਾਲੋਂ ਭਾਰੀ ਰਿਹਾ। ਜੀਵ ਨੂੰ ਅਰਜੁਨਾ ਐਵਾਰਡ ਅਤੇ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਮਿਲਿਆ ਹੈ। ਮਿਲਖਾ ਸਿੰਘ ਨੂੰ ਪਦਮ ਸ੍ਰੀ ਮਿਲਿਆ ਹੈ ਪਰ ਉਹ ਅਰਜੁਨਾ ਐਵਾਰਡ ਤੋਂ ਵਾਂਝਾ ਰਹਿ ਗਿਆ ਹਾਲਾਂਕਿ ਉਹ ਇਸ ਤੋਂ ਵੱਡਾ ਹੱਕਦਾਰ ਰਿਹਾ। ਮਿਲਖਾ ਸਿੰਘ ਚਾਹੇ ਭਾਰਤ ਵਿੱਚ ਖੇਡ ਐਵਾਰਡਾਂ ਦੀਆਂ ਕਮੇਟੀਆਂ ਦਾ ਮੁਖੀ ਰਿਹਾ ਪਰ ਆਪਣੀ ਖੇਡ ਦੀ ਸਿਖਰ ਵੇਲੇ ਅਰਜੁਨਾ ਐਵਾਰਡ ਲਈ ਨਾ ਚੁਣੇ ਤੋਂ ਇਸ ਕਦਰ ਖਫਾ ਹੋਇਆ ਸੀ ਕਿ ਜਦੋਂ ਵੱਡੀ ਉਮਰ ਉਸ ਨੂੰ ਅਰਜੁਨਾ ਐਵਾਰਡ ਦੇਣ ਦਾ ਐਲਾਨ ਹੋਇਆ ਤਾਂ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਕਿ ਬੀ.ਏ.ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਦਸਵੀਂ ਦੀ ਡਿਗਰੀ ਦੀ ਕੋਈ ਲੋੜ ਨਹੀਂ ਰਹਿੰਦੀ।

PunjabKesari

ਜੀਵ ਨੂੰ ਗੌਲਫ ਦਾ ਸਚਿਨ ਤੇਂਦੁਲਕਰ ਕਿਹਾ ਜਾਂਦਾ ਹੈ ਭਾਵ ਇਸ ਖੇਡ ਦਾ ਉਹ ਰੱਬ ਹੈ। ਜੀਵ ਨੂੰ ਇਸ ਤੋਂ ਵੱਡਾ ਮਾਣ ਕੀ ਮਿਲੇਗਾ ਕਿ ਉਸ ਦੇ ਨਾਮ ਉਤੇ ਟੂਰਨਾਮੈਂਟ ਵੀ ਸ਼ੁਰੂ ਕਰ ਦਿੱਤਾ ਗਿਆ। ਪ੍ਰੋਫੈਸ਼ਨਲ ਗੌਲਫ ਟੂਰ ਆਫ ਇੰਡੀਆ (ਪੀ.ਜੀ.ਟੀ.ਆਈ.) ਸਰਕਟ ਵੱਲੋਂ 2018 ਵਿੱਚ ਚੰਡੀਗੜ੍ਹ ਗੌਲਫ ਕਲੱਬ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਚੈਂਪੀਅਨਸ਼ਿਪ ਦਾ ਆਗਾਜ਼ ਕੀਤਾ ਗਿਆ। ਪਿਛਲੇ ਸਾਲ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਜੀਵ ਅਤੇ ਉਸ ਦੇ ਪਿਤਾ ਮਿਲਖਾ ਸਿੰਘ ਨੇ ਨਵੇਂ ਗੌਲਫਰਾਂ ਦਾ ਹੌਸਲਾ ਵਧਾਇਆ। ਇਹ ਵੀ ਸੰਜੋਗ ਜਾਂ ਦਿਲਚਸਪ ਗੱਲ ਕਹੋ ਕਿ ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਚੈਂਪੀਅਨਸ਼ਿਪ ਜਿੱਤਣ ਵਾਲਾ ਉਭਰਦਾ ਗੌਲਫਰ ਅਜਿਤੇਸ਼ ਸੰਧੂ ਛੋਟੀ ਉਮਰ ਤੋਂ ਹੀ ਜੀਵ ਦੀ ਖੇਡ ਦਾ ਮੁਰੀਦ ਰਿਹਾ ਹੈ ਅਤੇ ਉਸ ਨੂੰ ਆਪਣਾ ਆਦਰਸ਼ ਮੰਨਦਾ ਹੈ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’

ਜੀਵ ਦਾ ਨਾਮ 15 ਦਸੰਬਰ 1971 ਨੂੰ ਹੋਇਆ। ਚੰਡੀਗੜ੍ਹ ਦੇ ਸੇਂਟ ਜੌਹਨ ਸਕੂਲ ਵਿਖੇ ਪੜ੍ਹਦਿਆ ਉਦੋਂ ਉਹ ਅੱਠ-ਨੌ ਵਰ੍ਹਿਆਂ ਦੀ ਉਮਰ ਸੀ ਜਦੋਂ ਪਹਿਲੀ ਵਾਰ ਆਪਣੇ ਪਿਤਾ ਨਾਲ ਗੌਲਫ ਕੋਰਸ ਗਿਆ। ਉਸ ਵੇਲੇ ਮਿਲਖਾ ਸਿੰਘ ਸ਼ੌਕੀਆ ਗੋਲਫ ਖੇਡਣ ਜਾਂਦੇ ਸਨ। ਉਸ ਵੇਲੇ ਮਿਲਖਾ ਸਿੰਘ ਖੇਡ ਵਿਭਾਗ ਪੰਜਾਬ ਦਾ ਡਾਇਰੈਕਟਰ ਸਨ ਅਤੇ ਉਹ ਦੋ ਆਈ.ਏ.ਐਸ. ਅਫਸਰਾਂ ਇੰਦਰਜੀਤ ਸਿੰਘ ਬਿੰਦਰਾ ਤੇ ਆਰ.ਐੱਸ.ਮਾਨ ਨਾਲ ਗੌਲਫ ਖੇਡਣ ਜਾਂਦੇ ਸਨ। ਗੌਲਫ ਕੋਰਸ ਵਿੱਚ ਜ਼ਿਆਦਾਤਰ ਵੱਡੀ ਉਮਰ ਦੇ ਗੌਲਫਰ ਆਪਣਾ ਸ਼ੌਕ ਪੂਰਾ ਕਰਨ ਆਉਂਦੇ ਸਨ। ਛੋਟੀ ਉਮਰ ਦੇ ਗੌਲਫਰ ਇੱਕਾ-ਦੁੱਕਾ ਹੀ ਸਨ। ਜੀਵ ਆਪਣੇ ਪਿਤਾ ਮਿਲਖਾ ਸਿੰਘ ਦਾ ਕੈਡੀ ਹੁੰਦਾ ਸੀ। ਗੌਲਫ ਵਿੱਚ ਕੈਡੀ ਖਿਡਾਰੀ ਨਾਲ ਉਸ ਦਾ ਬੈਗ ਉਠਾਉਣ ਵਾਲੇ ਨੂੰ ਕਹਿੰਦੇ ਹਨ। ਇਹੋ ਨਿੱਕਾ ਕੈਡੀ ਅਗਾਂਹ ਜਾ ਕੇ ਇਸੇ ਖੇਡ ਦਾ ਚੈਂਪੀਅਨ ਬਣਿਆ। ਜੀਵ ਨਿਆਣੀ ਉਮਰੇ ਹੀ ਗੌਲਫ ਵੱਲ ਖਿੱਚਿਆ ਗਿਆ ਸੀ। ਇਹ ਖਿੱਚ ਜਾਨੂੰਨ ਵਿੱਚ ਬਦਲਦਿਆਂ ਦੇਰ ਨਾ ਲੱਗੀ। ਜੀਵ ਸਕੂਲੋਂ ਪੜ੍ਹਨ ਤੋਂ ਬਾਅਦ ਟਿਊਸ਼ਨ ਜਾਂਦਾ ਅਤੇ ਫੇਰ ਸਿੱਧਾ ਸਟਿੱਕ ਚੁੱਕ ਕੇ ਸਾਈਕਲ ਉਤੇ ਗੌਲਫ ਕੋਰਸ ਚਲਾ ਜਾਂਦਾ। ਸੈਕਟਰ 7 ਸਥਿਤ ਉਸ ਦੇ ਘਰ ਤੋਂ ਗੌਲਫ ਕੋਰਸ ਵੀ ਨੇੜੇ ਹੋਣ ਕਰਕੇ ਉਸ ਨੂੰ ਹੋਰ ਵੀ ਸੌਖ ਸੀ। ਜਦੋਂ ਤੱਕ ਹਨੇਰਾ ਹੋਣ ਨਾਲ ਦਿਸਣੋਂ ਨਾ ਹਟ ਜਾਂਦਾ ਜੀਵ ਖੇਡਣੋਂ ਨਹੀਂ ਹਟਦਾ ਸੀ।

PunjabKesari

ਜੀਵ ਉਤੇ ਗੌਲਫ ਦਾ ਜਾਨੂੰਨ ਜਦੋਂ ਪੂਰਾ ਸਿਖਰ ਉਤੇ ਪਹੁੰਚ ਗਿਆ ਤਾਂ ਪਿਤਾ ਮਿਲਖਾ ਸਿੰਘ ਨੂੰ ਲੱਗਣ ਲੱਗਿਆ ਕਿ ਮੁੰਡਾ ਹੁਣ ਪੜ੍ਹਾਈ ਵਾਲੇ ਪਾਸੇ ਤੋਂ ਚਲਾ ਗਿਆ। ਮਿਲਖਾ ਸਿੰਘ ਨੇ ਆਪਣੇ ਜੀਵਨ ਵਿੱਚ ਬਹੁਤ ਤੰਗੀਆਂ-ਤੁਰਸ਼ੀਆਂ ਅਤੇ ਸੰਘਰਸ਼ ਦੇਖਿਆ ਸੀ ਜਿਸ ਕਰਕੇ ਉਹ ਆਪਣੇ ਮੁੰਡੇ ਨੂੰ ਖੇਡਾਂ ਵਿੱਚ ਕਰੀਅਰ ਬਣਾਉਣ ਦੀ ਬਜਾਏ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਣਾ ਲੋਚਦਾ ਸੀ। ਮਿਲਖਾ ਸਿੰਘ ਨੇ ਜੀਵ ਦੇ ਗੌਲਫ ਪ੍ਰਤੀ ਪਾਗਲਪਣ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਸਕੂਲੋਂ ਹਟਾ ਕੇ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਵਿਖੇ ਬੋਰਡਿੰਗ ਵਿੱਚ ਛੱਡ ਦਿੱਤਾ। ਦੋ ਸਾਲ ਜੀਵ ਸ਼ਿਮਲਾ ਪੜ੍ਹਿਆ। ਹਿਮਾਚਲ ਵਿੱਚ ਜ਼ਿਆਦਾ ਠੰਡ ਕਾਰਨ ਤਿੰਨ ਮਹੀਨਿਆਂ ਦੀ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਜਦੋਂ ਜੀਵ ਆਪਣੇ ਘਰ ਚੰਡੀਗੜ੍ਹ ਆ ਜਾਂਦਾ। ਗੌਲਫ ਜੀਵ ਦੀਆਂ ਰਗਾਂ ਵਿੱਚ ਦੌੜਦੀ ਸੀ। ਛੁੱਟੀਆਂ ਦੇ ਦਿਨਾਂ ਵਿੱਚ ਜੀਵ ਨੇ ਚੰਡੀਗੜ੍ਹ ਵਿਖੇ ਗੌਲਫ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਦੋ-ਤਿੰਨ ਟੂਰਨਾਮੈਂਟ ਜਿੱਤੇ। ਲੋਕੀਂ ਮਿਲਖਾ ਸਿੰਘ ਨੂੰ ਵਧਾਈਆਂ ਦੇਣ ਲੱਗੇ ਅਤੇ ਜੀਵ ਵਿੱਚ ਭਵਿੱਖ ਦੇ ਚੰਗੇ ਗੌਲਫਰ ਨੂੰ ਦੇਖਣ ਲੱਗੇ। ਮਿਲਖਾ ਸਿੰਘ ਨੂੰ ਉਸ ਵੇਲੇ ਅਹਿਸਾਸ ਹੋਇਆ ਕਿ ਉਹ ਗਲਤ ਸੀ ਅਤੇ ਜੀਵ ਨੂੰ ਫੇਰ ਗੌਲਫ ਕੋਰਸ ਦੇ ਰਾਹ ਤੁਰ ਦਿੱਤਾ।

ਜੀਵ ਨੇ ਮਹਿਜ਼ 13 ਵਰ੍ਹਿਆਂ ਦੀ ਨਿਆਣੀ ਉਮਰੇ ਦਿੱਲੀ ਵਿਖੇ ਗੌਲਫ ਦੇ ਐਮੇਚਿਓਰ ਟੂਰਨਾਮੈਂਟ ਅਮਰੀਕਨ ਐਕਸਪ੍ਰੈਸ ਚੈਂਪੀਅਨਸ਼ਿਪ ਨੂੰ ਜਿੱਤ ਕੇ ਇਸ ਖੇਡ ਵਿੱਚ ਆਪਣੀ ਦਸਤਕ ਦੇ ਦਿੱਤੀ। ਜੀਵ ਨੇ ਬਿਜਨਿਸ ਤੇ ਇੰਟਰਨੈਸ਼ਨਲ ਸਟੱਡੀਜ਼ ਦੀ ਡਿਗਰੀ ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਡੈਲਸ ਨੇੜਲੀ ਐਬਲੀਨੇ ਕ੍ਰਿਸਚੀਅਨ ਯੂਨੀਵਰਿਸਟੀ ਤੋਂ ਕੀਤੀ। ਇਥੇ ਹੀ ਉਸ ਨੂੰ ਆਪਣਾ ਰਹਿਬਰ ਡਗਲਸ ਸੈਂਡਰਜ ਮਿਲਿਆ। ਪਿਛਲੇ ਮਹੀਨੇ 12 ਅਪਰੈਲ ਨੂੰ ਜਦੋਂ ਡਗਲਸ ਸੈਂਡਰਜ ਦੀ 86 ਵਰ੍ਹਿਆਂ ਦੀ ਉਮਰੇ ਮੌਤ ਹੋਈ ਤਾਂ ਜੀਵ ਨੇ ਆਪਣੇ ਇਸ ਮਾਰਗ ਦਰਸ਼ਕ ਨੂੰ ਚੇਤੇ ਕਰਦਿਆਂ ਕਿਹਾ ਸੀ ਕਿ ਜੇ ਡਗਲਸ ਤੇ ਉਸ ਦੀ ਪਤਨੀ ਸਕੌਟੀ ਸੈਂਡਰਜ ਉਸ ਦੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਉਸ ਨੂੰ ਅਮਰੀਕਾ ਵਿੱਚ ਸਕਾਲਰਸ਼ਿਪ ਕਿਹਨੇ ਦੇਣੀ ਸੀ। ਯੂਨੀਵਰਸਿਟੀ ਵੱਲੋਂ ਖੇਡਦਿਆਂ ਜੀਵ ਨੇ 1993 ਵਿੱਚ ਐਨ.ਸੀ.ਏ.ਏ.ਡਿਵੀਜ਼ਨ-2 ਇੰਡਵਿਜ਼ੂਅਲ ਗੌਲਫ ਚੈਂਪੀਅਨਸ਼ਿਪ ਜਿੱਤੀ। ਜੀਵ ਦੀਆਂ ਖੇਡ ਪ੍ਰਾਪਤੀਆਂ ਕਰਕੇ ਉਸ ਨੂੰ ਯੂਨੀਵਰਸਿਟੀ ਨੇ 'ਹਾਲ ਆਫ ਫੇਮ' ਵਿੱਚ ਸ਼ਾਮਲ ਕੀਤਾ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’​​​​​​​

PunjabKesari

ਜੀਵ ਦਾ ਅਸਲ ਪੂਰਾ ਨਾਮ ਚਿਰੰਜੀਵ ਸਿੰਘ ਹੈ। ਅਮਰੀਕਾ ਵਿੱਚ ਹੀ ਉਸ ਨੂੰ ਜੀਵ ਨਾਮ ਮਿਲਿਆ, ਨਹੀਂ ਤਾਂ ਚੰਡੀਗੜ੍ਹ ਵਿਖੇ ਸਿਰ 'ਤੇ ਜੂੜਾ ਰੁਮਾਲ ਬਣ ਕੇ ਫਿਰਦੇ ਚਿਰੰਜੀਵ ਸਿੰਘ ਨੂੰ ਛੋਟੇ ਨਾਮ 'ਕਾਕਾ' ਕਹਿ ਕੇ ਪੁਕਾਰਿਆ ਜਾਂਦਾ ਸੀ। ਅਮਰੀਕਾ ਵਿੱਚ ਛੋਟੇ ਪ੍ਰਚੱਲਿਤ ਨਾਮ ਹੋਣ ਕਰਕੇ ਚਿਰੰਜੀਵ ਸਿੰਘ ਦੀ ਬਜਾਏ ਉਸ ਦਾ ਨਾਮ ਜੀਵ ਰੱਖਿਆ ਗਿਆ। ਉਂਝ ਵੀ ਗੌਲਫ ਖੇਡ ਦਾ 'ਜੀਵਾਂ' ਨਾਲ ਬਹੁਤ ਗੂੜ੍ਹਾ ਸਬੰਧ ਹੈ। ਗੌਲਫ ਵਿੱਚ ਸਭ ਤੋਂ ਘੱਟ ਸ਼ਾਟਾਂ ਵਿੱਚ ਟੀਚਾ ਪੂਰਾ ਕਰਨ ਉਤੇ 'ਬਰਡੀ', 'ਈਗਲ' ਤੇ 'ਅਲਬਾਟਰੌਸ' ਕਿਹਾ ਜਾਂਦਾ ਹੈ ਜੋ ਕਿ ਉਡਦੇ ਜੀਵਾਂ ਦੇ ਨਾਮ ਉਤੇ ਰੱਖੇ ਹੋਏ ਹਨ।

ਜੀਵ ਨੇ ਪੇਸ਼ੇਵਾਰ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਇਹ ਉਸ ਦਾ ਪਹਿਲਾ ਤੇ ਆਖਰੀ ਏਸ਼ਿਆਈ ਖੇਡਾਂ ਦਾ ਮੁਕਾਬਲਾ ਸੀ, ਕਿਉਂਕਿ ਪ੍ਰੋਫੈਸ਼ਨਲ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਗੌਲਫਰ ਫੇਰ ਐਮੇਚਿਓਰ ਮੁਕਾਬਲਾ ਨਹੀਂ ਖੇਡ ਸਕਦਾ। 1993 ਵਿੱਚ ਜੀਵ ਨੇ ਪੇਸ਼ੇਵਾਰ ਗੌਲਫ ਖੇਡ ਦੀ ਸ਼ੁਰੂਆਤ ਕਰ ਦਿੱਤੀ। ਸ਼ੁਰੂਆਤ ਹੀ ਧਮਾਕੇਦਾਰ ਰਹੀ। ਆਪਣਾ ਪਹਿਲਾ ਹੀ ਟੂਰਨਾਮੈਂਟ ਖੇਡਦਿਆਂ ਸਾਊਥਰਨ ਓਕਲਹਾਮਾ ਸਟੇਟ ਓਪਨ ਜਿੱਤਿਆ। ਫੇਰ ਉਸ ਨੇ ਮਲੇਸ਼ੀਆ ਵਿਖੇ ਬੁਕਿਤ ਕਾਇਰਾ ਗੌਲਫ ਚੈਂਪੀਅਨਸ਼ਿਪ ਜਿੱਤੀ। 1994 ਵਿੱਚ ਨਾਰਦਰਨ ਇੰਡੀਅਨ ਓਪਨ ਜਿੱਤਿਆ। 1995 ਵਿੱਚ ਥਾਈਲੈਂਡ ਪੀ.ਜੀ.ਏ. ਚੈਂਪੀਅਨਸ਼ਿਪ, ਮਹਿੰਦਰਾ ਬੀ.ਪੀ.ਜੀ.ਸੀ.ਓਪਨ ਤੇ ਥਾਈਲੈਂਡ ਵਿਖੇ ਟੋਇਟਾ ਕਰਾਊਨ ਕੱਪ ਜਿੱਤਿਆ। ਇਨ੍ਹਾਂ ਨਿੱਕੇ ਟੂਰਨਾਮੈਂਟ ਦੀਆਂ ਜਿੱਤਾਂ ਨੇ ਜੀਵ ਨੂੰ ਵੱਡੇ ਟੂਰਨਾਮੈਂਟ ਲਈ ਤਿਆਰ ਕਰ ਦਿੱਤਾ।

1995 ਵਿੱਚ ਉਸ ਨੇ ਆਪਣਾ ਪਹਿਲਾ ਵੱਡਾ ਇੰਟਰਨੈਸ਼ਨਲ ਪ੍ਰੋਫੈਸ਼ਨਲ ਟੂਰਨਾਮੈਂਟ ਜਿੱਤਿਆ ਜਦੋਂ ਉਸ ਨੇ ਏਸ਼ੀਅਨ ਟੂਰਨਾਮੈਂਟ ਆਪਣੀ ਝੋਲੀ ਪਾਉਣੇ ਸ਼ੁਰੂ ਕੀਤੇ। ਇਸ ਸਾਲ ਉਸ ਨੇ ਫਿਲਪਾਈਨਜ਼ ਕਲਾਸਿਕ ਤੇ ਏਸ਼ੀਅਨ ਮੈਚ ਪਲੇਅ ਚੈਂਪੀਅਨਸ਼ਿਪ ਜਿੱਤੀ। 1996 ਵਿੱਚ ਫਿਲਪਾਈਨਜ਼ ਮੌਰਿਸ ਏਸ਼ੀਆ ਕੱਪ ਅਤੇ 1999 ਵਿੱਚ ਲੈਕਸਸ ਇੰਟਰਨੈਸ਼ਨਲ ਟੂਰਨਾਮੈਂਟ ਜਿੱਤਿਆ। ਏਸ਼ੀਆ ਦੇ ਕਈ ਟੂਰਨਾਮੈਂਟ ਜਿੱਤਣ ਤੋਂ ਬਾਅਦ ਜੀਵ ਦਾ ਨਿਸ਼ਾਨਾ ਯੂਰੋਪੀਅਨ ਟੂਰ ਦਾ ਮੈਂਬਰ ਬਣਨਾ ਸੀ। 1997 ਵਿੱਚ ਯੂਰੋਪੀਅਨ ਟੂਰ ਕੁਆਲੀਫਾਈ ਦੌਰ ਵਿੱਚ ਸੱਤਵੇਂ ਸਥਾਨ 'ਤੇ ਰਹਿਣ ਕਾਰਨ ਉਹ ਇਸ ਇਲੀਟ ਵਰਗ ਦਾ ਮੈਂਬਰ ਬਣਨ ਤੋਂ ਖੁੰਝ ਗਿਆ। ਜੀਵ ਦੀਆਂ ਰਗਾਂ ਵਿੱਚ ਵੀ ਮਿਲਖਾ ਸਿੰਘ ਦਾ ਖੂਨ ਸੀ ਜਿਸ ਨੇ ਹਾਰ ਮੰਨਣੀ ਕਦੇਂ ਸਿੱਖੀ ਨਹੀਂ ਸੀ। 1998 ਵਿੱਚ ਮੁੜ ਹੰਭਲਾ ਮਾਰਦਿਆਂ ਜੀਵ ਯੂਰੋਪੀਅਨ ਟੂਰ ਦਾ ਮੈਂਬਰ ਬਣਨ ਵਾਲਾ ਭਾਰਤ ਦਾ ਪਹਿਲਾ ਗੌਲਫਰ ਬਣ ਗਿਆ। ਜੀਵ ਦੀ ਕਈ ਵਰ੍ਹਿਆਂ ਦੀ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਫੇਰ ਮੌਕਾ ਆਇਆ ਜਦੋਂ ਉਹ ਇਸ ਖੇਡ ਦੀ ਦੁਨੀਆਂ ਵਿੱਚ ਪੂਰੀ ਤਰ੍ਹਾਂ ਛਾ ਗਿਆ। 1999 ਵਿੱਚ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’

PunjabKesari

ਸਾਲ 2006 ਜੀਵ ਲਈ ਭਾਗਾਂ ਵਾਲਾ ਵਰ੍ਹਾ ਰਿਹਾ। ਇਸ ਵਰ੍ਹੇ ਨੂੰ ਭਾਰਤੀ ਗੌਲਫ ਖੇਡ ਦੇ ਇਤਿਹਾਸ ਦਾ ਸੁਨਹਿਰੀ ਸਮਾਂ ਵੀ ਕਿਹਾ ਜਾਂਦਾ ਹੈ। ਜਨਵਰੀ ਮਹੀਨੇ ਪਾਕਿਸਤਾਨ ਵਿਖੇ ਦੂਜੇ ਨੰਬਰ 'ਤੇ ਰਹਿਣ ਤੋਂ ਸ਼ੁਰੂਆਤ ਕਰਦਿਆਂ ਜੀਵ ਨੇ ਅਪਰੈਲ ਮਹੀਨੇ ਭਾਰਤੀ ਗੌਲਫ ਦੀ ਝੋਲੀ ਦੂਜੀ ਵਾਰ 'ਵਾਲਵੋ ਚਾਈਨਾ ਓਪਨ' ਦਾ ਖਿਤਾਬ ਪਾਇਆ। ਇਸ ਖਿਤਾਬ ਨੂੰ ਭਾਰਤੀ ਗੌਲਫ ਦੀਆਂ ਪ੍ਰਾਪਤੀਆਂ ਵਿੱਚ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਇਸ ਦਾ ਪਹਿਲਾ ਖਿਤਾਬ ਅਰਜੁਨ ਅਟਵਾਲ ਨੇ ਜਿੱਤਿਆ ਸੀ। ਇਸ ਤੋਂ ਬਾਅਦ ਜੀਵ ਨੇ ਸਪੇਨ ਵਿਖੇ 'ਵਾਲਵੋ ਮਾਸਟਰਜ਼' ਖਿਤਾਬ ਜਿੱਤਿਆ। ਹਾਂਗਕਾਂਗ ਓਪਨ ਵਿੱਚ ਤੀਜਾ ਸਥਾਨ ਮੱਲ ਕੇ ਜੀਵ ਏਸ਼ੀਆ ਦੇ ਚੋਟੀ ਦੇ ਗੌਲਫਰਾਂ ਵਿੱਚ ਸ਼ੁਮਾਰ ਹੋ ਗਿਆ। ਇਸ ਤੋਂ ਬਾਅਦ ਨਵੰਬਰ ਮਹੀਨੇ ਜਪਾਨ ਵਿਖੇ 'ਕੈਸਿਓ ਵਰਲਡ ਓਪਨ ਗੌਲਫ' ਖਿਤਾਬ ਜਿੱਤ ਕੇ ਉਹ ਵਿਸ਼ਵ ਰੈਂਕਿੰਗ ਵਿੱਚ 63ਵੇਂ ਨੰਬਰ 'ਤੇ ਆ ਗਿਆ। 2006 ਵਿੱਚ ਜੀਵ ਨੂੰ 'ਏਸ਼ੀਅਨ ਟੂਰ ਆਰਡਰ ਆਫ ਮੈਰਿਟ' ਵਿੱਚ ਪਹਿਲਾ ਦਰਜਾ ਮਿਲਿਆ ਜਿਸ ਦੇ ਨਾਲ ਉਹ ਪੌਣੇ 6 ਲੱਖ ਡਾਲਰ ਇਨਾਮ ਰਾਸ਼ੀ ਦਾ ਹੱਕਦਾਰ ਬਣਿਆ।

ਸਾਲ 2006 ਦਾ ਸੁਨਹਿਰੀ ਅੰਤ ਉਸ ਨੇ ਦਸੰਬਰ ਮਹੀਨੇ ਆਪਣੇ ਚੌਥੇ ਖਿਤਾਬ ਜੇ.ਟੀ.ਗੌਲਫ ਕੱਪ ਜਿੱਤ ਕੇ ਕੀਤਾ ਜਿਸ ਨਾਲ ਉਹ ਯੂ.ਐਸ.ਮਾਸਟਰਜ਼ ਲਈ ਕੁਆਲੀਫਾਈ ਹੋ ਗਿਆ। ਇਸੇ ਸਾਲ ਉਸ ਨੂੰ 'ਏਸ਼ੀਅਨ ਪਲੇਅਰ ਆਫ ਦੀ ਯੀਅਰ' ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ 'ਪਲੇਅਰਜ਼ ਪਲੇਅਰ ਆਫ ਦਾ ਯੀਅਰ' ਅਤੇ ਯੂ.ਬੀ.ਐੱਸ. ਦਾ 'ਸਪੈਸ਼ਲ ਅਚੀਵਮੈਂਚ ਐਵਾਰਡ' ਵੀ ਮਿਲਿਆ। ਰੱਬ ਦੀ ਰਜਾ ਵਿੱਚ ਰਹਿਣ ਵਾਲੇ ਜੀਵ ਨੇ ਉਸ ਵੇਲੇ ਕਿਹਾ, ''ਇਹ ਸਾਲ ਮੇਰੇ ਲਈ ਬਿਹਤਰੀਨ ਸਾਲ ਰਿਹਾ। ਇਹ ਸੁਫਨਾ ਸੱਚ ਹੋਣ ਬਰਾਬਰ ਸੀ। ਏਸ਼ੀਅਨ ਟੂਰ ਆਰਡਰ ਆਫ ਮੈਰਿਟ ਅਤੇ ਜਪਾਨ ਟੂਰ ਖਿਤਾਬ ਵੀ ਜਿੱਤੇ।ਇਹ ਅਜਿਹਾ ਖਿਤਾਬ ਸੀ ਜਿਸ ਨੂੰ ਜਿੱਤਣ ਦਾ ਮੇਰਾ ਵਰ੍ਹਿਆਂ ਪੁਰਾਣਾ ਸੁਫਨਾ ਸੀ। ਮੈਂ ਇਸ ਤੋਂ ਵੱਧ ਰੱਬ ਤੋਂ ਹੋਰ ਮੰਗ ਵੀ ਕੀ ਸਕਦਾ ਹਾਂ।'' ਸਾਲ 2006 ਤੋਂ ਪਹਿਲਾਂ ਜੀਵ ਨੂੰ ਫਾਰਮ ਹਾਸਲ ਕਰਨ ਲਈ ਸੰਘਰਸ਼ ਵੀ ਕਰਨਾ ਪੈ ਰਿਹਾ ਸੀ ਅਤੇ ਸੱਟਾਂ ਤੋਂ ਵੀ ਪੀੜਤ ਰਿਹਾ। ਆਪਣੀ ਖੇਡ ਨੂੰ ਨਿਖਾਰਨ ਲਈ ਜੀਵ ਨੇ ਨਿਰੰਤਰ ਅਭਿਆਸ ਜਾਰੀ ਰੱਖਿਆ, ਜਿਸ ਦਾ ਸਿਲ੍ਹਾ ਉਸ ਨੂੰ ਇਕੋ ਵਰ੍ਹੇ 2006 ਵਿੱਚ ਮਿਲਿਆ। ਇਨ੍ਹਾਂ ਪ੍ਰਾਪਤੀਆਂ ਕਾਰਨ ਉਸ ਨੂੰ ਸਾਲ 2007 ਵਿੱਚ ਭਾਰਤ ਸਰਕਾਰ ਨੇ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ।

PunjabKesari

2008 ਵਿੱਚ ਜੀਵ ਦੀ ਖੇਡ ਨੇ ਫੇਰ ਜਲਵਾ ਵਿਖਾਇਆ। ਇਸ ਸਾਲ ਉਸ ਨੇ ਯੂਰੋਪੀਅਨ ਟੂਰ ਦਾ ਬੈਂਕ ਆਸਟਰੀਆ ਗੌਲਫ ਓਪਨ, ਜਪਾਨ ਟੂਰ ਦੇ ਦੋ ਖਿਤਾਬ ਨਾਗਾਸ਼ਿੰਮਾ ਸ਼ੀਗੀਓ ਇਨਵੀਟੇਸ਼ਨਲ ਸੈਗਾ ਸੈਮੀ ਕੱਪ ਤੇ  ਗੌਲਫ ਨਿਪੋਨ ਸੀਰੀਜ਼ ਜੇ.ਟੀ. ਕੱਪ ਅਤੇ ਏਸ਼ੀਅਨ ਟੂਰ ਦਾ ਬਾਰਕਲੇਅਜ਼ ਸਿੰਗਾਪੁਰ ਓਪਨ ਜਿੱਤਿਆ। ਫੇਰ ਉਸ ਨੇ ਗੌਲਫ ਖੇਡ ਦੇ ਸਭ ਤੋਂ ਵੱਡੇ ਤੇ ਵੱਕਾਰੀ ਟੂਰਨਾਮੈਂਟ ਪੀ.ਜੀ.ਏ. ਚੈਂਪੀਅਨਸ਼ਿਪ ਵਿੱਚ ਨੌਵਾਂ ਸਥਾਨ ਹਾਸਲ ਕੀਤਾ ਜੋ ਕਿ ਕਿਸੇ ਵੀ ਭਾਰਤੀ ਗੌਲਫਰ ਲਈ ਬਹੁਤ ਵੱਡੀ ਪ੍ਰਾਪਤੀ ਸੀ। ਗੌਲਫ ਦੇ ਦੋ ਹੋਰ ਵੱਡੇ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਸਾਲ 2007 ਵਿੱਚ ਉਹ ਯੂ.ਐੱਸ. ਓਪਨ ਵਿੱਚ 36ਵੇਂ ਤੇ 2008 ਵਿੱਚ ਮਾਸਟਰਜ਼ ਟੂਰਨਾਮੈਂਟ ਵਿੱਚ 25ਵੇਂ ਸਥਾਨ ਉਤੇ ਰਿਹਾ।

ਸਾਲ 2012 ਵਿੱਚ ਜੀਵ ਨੇ ਸਕੌਟਿਸ਼ ਓਪਨ ਜਿੱਤ ਕੇ ਯੂਰੋਪੀਅਨ ਟੂਰ ਦਾ ਆਪਣਾ ਚੌਥਾ ਖਿਤਾਬ ਝੋਲੀ ਪਾਇਆ। ਇਸ ਕੱਪ ਨੂੰ ਉਹ ਆਪਣੇ ਖੇਡ ਜੀਵਨ ਦੀਆਂ ਸਿਖਰਲੀਆਂ ਪ੍ਰਾਪਤੀਆਂ ਵਜੋਂ ਦੇਖਦਾ ਹੈ। ਉਸ ਸਮੇਂ ਗੌਲਫ ਦੀ ਦੁਨੀਆਂ ਦੇ ਸਭ ਤੋਂ ਵੱਡੇ ਖਿਡਾਰੀ ਅਮਰੀਕਾ ਦੇ ਟਾਈਗਰ ਵੁੱਡਜ਼ ਨੇ ਆਪਣੇ ਦੋਸਤ ਜੀਵ ਨੂੰ ਗੌਲਫ ਖੇਡਦਿਆਂ ਨਿਵੇਕਲੇ ਢੰਗ ਨਾਲ ਵਧਾਈ ਦਿੱਤੀ ਸੀ। ਇਸ ਬਾਰੇ ਜੀਵ ਦੱਸਦਾ ਹੈ, ''ਸਕੌਟਿਸ਼ ਓਪਨ ਜਿੱਤਣ ਤੋਂ ਬਾਅਦ ਮੈਂ ਬ੍ਰਿਟਿਸ਼ ਓਪਨ ਵਿੱਚ ਹਿੱਸਾ ਲੈ ਰਿਹਾ ਸੀ। ਗੌਲਫ ਕੋਰਸ ਵਿੱਚ ਦੂਜੇ ਪਾਸਿਓ ਇਕ ਗੌਲਫਰ ਮੇਰੇ ਨੇੜਲੇ ਬੰਕਰ (ਕੋਰਸ ਵਿੱਚ ਰੇਤੇ ਵਾਲੀ ਜਗ੍ਹਾਂ) ਵਿੱਚ ਬਾਲਾਂ ਸੁੱਟ ਰਿਹਾ ਸੀ ਜੋ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਉਹ ਟਾਈਗਰ ਵੁੱਡਜ਼ ਸੀ ਜੋ ਬਾਲਾਂ ਸੁੱਟ ਕੇ ਮੈਨੂੰ ਸਕੌਟਿਸ਼ ਓਪਨ ਜਿੱਤਣ ਦੀ ਵਧਾਈ ਦੇ ਰਿਹਾ ਸੀ। ਗੌਲਫ ਸਟਾਈਲ ਵਿੱਚ ਵੱਡੇ ਖਿਡਾਰੀ ਵੱਲੋਂ ਦਿੱਤੀ ਇਸ ਵਧਾਈ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।'' ਜੀਵ ਲਈ ਇਸ ਤੋਂ ਵੱਡੇ ਮਾਣ ਵਾਲੀ ਗੱਲ ਨਹੀਂ ਹੋ ਸਕਦੀ ਕਿ ਪੰਜ ਸਾਲ ਵਿਸ਼ਵ ਦਾ ਨੰਬਰ ਇਕ ਰਹਿਣ ਵਾਲਾ ਖਿਡਾਰੀ ਜਿਸ ਨੇ ਇਕੱਲਿਆ 82 ਪੀ.ਜੀ.ਏ. ਟੂਰਾਂ ਸਣੇ 116 ਪ੍ਰੋਫੈਸ਼ਨਲ ਇੰਟਰਨੈਸ਼ਨਲ ਟੂਰਨਾਮੈਂਟ ਜਿੱਤੇ ਹੋਣ, ਉਹ ਭਾਰਤ ਦੇ ਗੌਲਫਰ ਨੂੰ ਇਸ ਤਰ੍ਹਾਂ ਵਧਾਈ ਦੇਵੇ। ਸਕੌਟਿਸ਼ ਓਪਨ ਜੀਵ ਦਾ ਆਖਰੀ ਵੱਡਾ ਖਿਤਾਬ ਸੀ ਜੋ ਉਸ ਨੇ ਜਿੱਤਿਆ। 2016 ਵਿੱਚ ਇੰਡੋਨੇਸ਼ੀਆ ਓਪਨ ਵਿੱਚ ਉਹ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ। 2018 ਵਿੱਚ ਉਹ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਕੱਟ ਤੋਂ ਉਕ ਗਿਆ ਸੀ। ਉਮਰ ਦੀ ਅੱਧੀ ਸਦੀ ਪੂਰੀ ਹੋਣ ਕਿਨਾਰੇ ਪੁੱਜਿਆ ਜੀਵ ਹਾਲੇ ਵੀ 18 ਹੋਲਜ਼ ਦੇ ਮੁਕਾਬਲੇ ਖੇਡ ਰਿਹਾ ਹੈ।

PunjabKesari

ਜੀਵ ਨੇ ਆਪਣੇ ਖੇਡ ਦੀ ਸ਼ੁਰੂਆਤ ਚੰਡੀਗੜ੍ਹ ਗੋਲਫ ਕੋਰਸ ਦੇ ਦਰੱਖਤਾਂ ਨਾਲ ਲੱਦੇ ਚੁਣੌਤੀਪੂਰਨ 7202 ਗਜ਼ ਲੰਬੇ ਕੋਰਸ ਤੋਂ ਕੀਤੀ ਸੀ। ਨਵੀਂ ਉਮਰ ਦੇ ਗੌਲਫਰਾਂ ਨੂੰ ਉਹ ਇਹੋ ਨੁਕਤਾ ਦੱਸਦਾ ਹੈ ਕਿ ਚੰਡੀਗੜ੍ਹ ਕੋਰਸ ਦੀ ਪ੍ਰੈਕਟਿਸ ਗੌਲਫਰ ਨੂੰ ਪ੍ਰਪੱਕ ਬਣਾਉਂਦੀ ਹੈ ਕਿਉਂਕਿ ਦਰੱਖਤਾਂ ਨਾਲ ਲੱਦੇ ਇਸ ਕੋਰਸ ਵਿੱਚ ਕਈ ਵਾਰ ਸ਼ਾਟ ਨੂੰ ਖਾਸ ਦਿਸ਼ਾ ਦਿੰਦਿਆਂ ਘੁੰਮਾ ਕੇ ਮਾਰਨਾ ਪੈਂਦਾ ਹੈ ਜੋ ਅਗਾਂਹ ਜਾ ਕੇ ਇੰਟਰਨੈਸ਼ਨਲ ਟੂਰਾਂ ਉਤੇ ਬਹੁਤ ਸਹਾਈ ਸਿੱਧ ਹੁੰਦਾ ਹੈ। ਜੀਵ ਨੇ ਕਦੇ ਵੀ ਸਟਾਰ ਮਾਂ-ਪਿਓ ਕਾਰਨ ਖੇਡਣ ਲੱਗਿਆ ਕੋਈ ਦਬਾਅ ਮਹਿਸੂਸ ਨਹੀਂ ਕੀਤਾ। ਅਥਲੈਟਿਕਸ ਦੀ ਬਜਾਏ ਗੌਲਫ ਨੂੰ ਕਰੀਅਰ ਬਣਾਉਣ ਉਤੇ ਪਿਤਾ ਵੱਲੋਂ ਕੋਈ ਇਤਰਾਜ਼ ਸਬੰਧੀ ਪੁੱਛਣ 'ਤੇ ਜੀਵ ਦੱਸਦਾ ਹੈ, ''ਕਦੇ ਵੀ ਮੈਨੂੰ ਮੇਰੇ ਮਾਤਾ-ਪਿਤਾ ਨੇ ਖੇਡ ਦੀ ਚੋਣ ਲਈ ਧੱਕਾ ਨਹੀਂ ਕੀਤਾ। ਹਾਂ ਜਦੋਂ ਮੈਂ ਅਮਰੀਕਾ ਵਿੱਚ ਰਹਿੰਦਿਆਂ ਗੌਲਫ ਨੂੰ ਪ੍ਰੋਫੈਸ਼ਨਲ ਕਰੀਅਰ ਬਣਾਉਣ ਲਈ ਪਿਤਾ ਜੀ ਤੋਂ ਇਜਾਜ਼ਤ ਮੰਗੀ ਸੀ ਤਾਂ ਉਨ੍ਹਾਂ ਇਹੋ ਕਿਹਾ ਸੀ ਕਿ ਜੋ ਵੀ ਫੈਸਲਾ ਲੈਣਾ ਪੱਕੇ ਪੈਰੀਂ ਲੈ ਲਵੀਂ। ਕਿਤੇ ਚਾਰ-ਪੰਜ ਸਾਲ ਬਾਅਦ ਫਲਾਪ ਜਾਂ ਅੱਕ ਕੇ ਹੋਰ ਪਾਸੇ ਕਰੀਅਰ ਬਣਾਉਣ ਬਾਰੇ ਨਾ ਸੋਚੀ। ਆਪਣਾ ਕਿਹੜਾ ਕੋਈ ਹੋਰ ਬਿਜਨਿਸ ਹੈ, ਇਸ ਲਈ ਜੋ ਵੀ ਕਰਨਾ ਪੱਕੇ ਪੈਰੀਂ ਕਰਨਾ।'' ਜੀਵ ਦੱਸਦਾ ਹੈ ਕਿ ਜਦੋਂ ਉਸ ਨੇ ਗੌਲਫ ਸ਼ੁਰੂ ਕੀਤੀ ਤਾਂ ਉਸ ਦਾ ਨਿਸ਼ਾਨਾ ਸੀ ਕਿ ਇਸ ਖੇਡ ਵਿੱਚ ਨਾਮ ਰੌਸ਼ਨ ਕਰਕੇ ਦੇਸ਼ ਵਿੱਚ ਇਸ ਨੂੰ ਬਣਦਾ ਸਥਾਨ ਦਿਵਾਉਣਾ ਹੈ। ਜੀਵ ਨੂੰ ਅੱਜ ਆਪਣੇ ਤੀਹ ਵਰ੍ਹਿਆਂ ਦੇ ਖੇਡ ਕਰੀਅਰ ਉਤੇ ਪੂਰੀ ਤਸੱਲੀ ਹੈ।

ਜੀਵ ਦੱਸਦਾ ਹੈ ਕਿ ਜਦੋਂ ਵੀ ਉਹ ਜਪਾਨੀ ਟੂਰਾਂ ਉਤੇ ਖੇਡਣ ਜਾਂਦਾ ਸੀ ਤਾਂ ਸਭ ਤੋਂ ਵੱਧ ਮੀਡੀਆ ਦਾ ਧਿਆਨ ਉਸ ਉਪਰ ਹੁੰਦਾ ਸੀ ਕਿਉਂਕਿ ਉਥੇ ਮੇਰੀ ਪਛਾਣ ਮਿਲਖਾ ਸਿੰਘ ਦੇ ਬੇਟੇ ਵਜੋਂ ਵੱਧ ਹੁੰਦੀ ਸੀ। ਮਿਲਖਾ ਸਿੰਘ ਨੇ 1958 ਵਿੱਚ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੀ ਏਸ਼ਿਆਈ ਖੇਡਾਂ ਵਿੱਚ 200 ਤੇ 400 ਮੀਟਰ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤ ਕੇ ਤਹਿਲਕਾ ਮਚਾਇਆ ਸੀ। ਜਪਾਨ ਵਿੱਚ ਉਦੋਂ ਮਿਲਖਾ ਸਿੰਘ ਦੀ ਬਹੁਤ ਗੁੱਡੀ ਚੜ੍ਹੀ ਸੀ। ਉਥੋਂ ਦੀ ਅਗਲੀ ਪੀੜ੍ਹੀ ਦੇ ਪੱਤਰਕਾਰ ਵੀ ਮਿਲਖਾ ਸਿੰਘ ਦੀਆਂ ਬਾਤਾਂ ਸੁਣਾਉਂਦੇ ਹੋਏ ਜੀਵ ਨੂੰ ਮਹਾਨ ਅਥਲੀਟ ਦੇ ਪੁੱਤਰ ਵਜੋਂ ਵਡਿਉਂਦੇ ਸਨ। ਜੀਵ ਨੂੰ ਉਸ ਵੇਲੇ ਹੋਰ ਵੀ ਫਖ਼ਰ ਮਹਿਸੂਸ ਹੁੰਦਾ ਜਦੋਂ ਉਹ ਮਿਲਖਾ ਸਿੰਘ ਦੇ ਟੋਕੀਓ ਵਿਖੇ ਦੌੜਨ ਦੀਆਂ ਗੱਲਾਂ ਕਰਦੇ। ਜੀਵ ਨੇ ਵੀ ਆਪਣੇ ਖੇਡ ਕਰੀਅਰ ਵਿੱਚ ਚਾਰ ਜਪਾਨੀ ਟੂਰ ਜਿੱਤ ਕੇ ਆਪਣੇ ਪਿਤਾ ਦੇ ਨਾਮ ਨੂੰ ਹੋਰ ਚਾਰ ਚੰਨ ਲਾਏ।

PunjabKesari

ਜੀਵ ਨੂੰ ਵਿਹਲੇ ਸਮੇਂ ਬਾਲੀਵੁੱਡ ਫਿਲਮਾਂ ਅਤੇ ਕ੍ਰਿਕਟ ਦੇਖਣੀ ਬਹੁਤ ਚੰਗੀ ਲੱਗਦੀ ਹੈ। ਵਿਦੇਸ਼ੀ ਟੂਰ ਮੌਕੇ ਹਿੰਦੀ ਫਿਲਮਾਂ ਨੂੰ ਦੇਖ ਕੇ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਮਹਿਸੂਸ ਕਰਦਾ ਹੈ। ਰਾਕੇਸ਼ ਮਹਿਰਾ ਦੀ 'ਰੰਗ ਦੇ ਬਸੰਤੀ' ਫਿਲਮ ਤੋਂ ਉਹ ਤੇ ਉਸ ਦੇ ਪਿਤਾ ਬਹੁਤ ਪ੍ਰਭਾਵਿਤ ਹੋਏ ਸਨ ਜਿਸ ਕਾਰਨ ਮਿਲਖਾ ਸਿੰਘ ਨੇ ਰਾਕੇਸ਼ ਮਹਿਰਾ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ। ਅੱਗੇ ਜਾ ਕੇ ਰਾਕੇਸ਼ ਮਿਹਰਾ ਨੇ ਇਸ ਮਹਾਨ ਅਥਲੀਟ ਦੇ ਜੀਵਨ ਉਤੇ 'ਭਾਗ ਮਿਲਖਾ ਭਾਗ' ਫਿਲਮ ਬਣਾਈ ਜਿਸ ਨੇ ਸਾਰੇ ਰਿਕਾਰਡ ਤੋੜੇ। ਖੇਡਾਂ ਅਤੇ ਖਿਡਾਰੀਆਂ ਬਾਰੇ ਬਣੀਆਂ ਫਿਲਮਾਂ ਵਿੱਚੋਂ ਇਹ ਸਭ ਤੋਂ ਪ੍ਰੇਰਨਾਦਾਇਕ ਫਿਲਮ ਹੈ। ਜੀਵ ਨੂੰ ਅਥਲੀਟ ਪਾਨ ਸਿੰਘ ਤੋਮਰ ਦੇ ਜੀਵਨ ਉਤੇ ਬਣੀ ਫਿਲਮ ਵੀ ਬਹੁਤ ਵਧੀਆ ਲੱਗਦੀ ਹੈ। ਇਸੇ ਲਈ ਜਿਸ ਦਿਨ ਅਦਾਕਾਰ ਇਰਫਾਨ ਖਾਨ ਦੀ ਮੌਤ ਹੋਈ ਤਾਂ ਜੀਵ ਨੇ ਪਾਨ ਸਿੰਘ ਤੋਮਰ ਦਾ ਟਾਈਟਲ ਟਵੀਟ ਕਰ ਕੇ ਵੱਡੇ ਕਲਾਕਾਰ ਨੂੰ ਯਾਦ ਕੀਤਾ। ਜਿਵੇਂ ਫਰਹਾਨ ਅਖਤਰ ਨੇ ਮਿਲਖਾ ਸਿੰਘ ਦਾ ਜਾਨਦਾਰ ਰੋਲ ਨਿਭਾਇਆ ਸੀ ਉਵੇਂ ਹੀ ਇਰਫਾਨ ਖਾਨ ਨੇ ਪਾਨ ਸਿੰਘ ਤੋਮਰ ਦਾ ਦਮਦਾਰ ਕਿਰਦਾਰ ਨਿਭਾਇਆ ਸੀ। ਜੀਵ ਨੇ ਮਿਲਖਾ ਚੈਰੀਟੇਬਲ ਸੰਸਥਾ ਵੀ ਬਣਾਈ ਹੈ ਜੋ ਨਵੀਂ ਉਮਰ ਦੇ ਲੋੜਵੰਦ ਖਿਡਾਰੀਆਂ ਖਾਸ ਕਰੇ ਪੇਂਡੂ ਪਿਛੋਕੜ ਵਾਲੇ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਮੁਫਤ ਵੰਡਦੀ ਹੈ। ਇਸ ਤੋਂ ਇਲਾਵਾ ਇਹ ਸੰਸਥਾ ਲੋੜਵੰਦਾਂ ਦੀਆਂ ਹੋਰ ਵੀ ਜ਼ਰੂਰਤਾਂ ਪੂਰੀਆਂ ਕਰਕੇ ਮਦਦ ਕਰਦੀ ਹੈ। ਜੀਵ ਨੂੰ ਮਿਲਣ ਵਾਲੇ ਅਤੇ ਦਾਇਰੇ ਵਾਲੇ ਉਸ ਨੂੰ ਬਹੁਤ ਮਿਲਣਸਾਰ ਦੱਸਦੇ ਹਨ। ਉਸ ਵਿੱਚ ਨਾ ਤਾਂ ਕੋਈ ਆਕੜ ਹੈ ਤੇ ਹੀ ਹਊਮੈ। ਜਿੱਡਾ ਵੱਡਾ ਖਿਡਾਰੀ, ਉਦੋਂ ਵੱਡਾ ਇਨਸਾਨ।

PunjabKesari

ਜੀਵ ਦੇ ਮਾਤਾ-ਪਿਤਾ ਜਿੱਥੇ ਕੌਮਾਂਤਰੀ ਖਿਡਾਰੀ ਰਹੇ ਉਥੇ ਉਹ ਖੁਦ ਗੌਲਫਰ ਹੈ। ਉਸ ਦੀਆਂ ਤਿੰਨ ਭੈਣਾਂ ਹਨ। ਇਕ ਭੈਣ ਮੋਨਾ ਅਮਰੀਕਾ ਵਿੱਚ ਡਾਕਟਰ ਹੈ, ਦੂਜੀ ਲੀਜ਼ਾ ਏਅਰ ਹੋਸਟਸ ਅਤੇ ਤੀਜੀ ਭੈਣ ਸੋਨੀਆ ਦਿੱਲੀ ਵਿਖੇ ਚੰਗੇ ਪਰਿਵਾਰ ਵਿੱਚ ਵਿਆਹੀ ਹੋਈ ਹੈ। ਸੋਨੀਆ ਟੈਨਿਸ ਖੇਡਦੀ ਰਹੀ ਹੈ ਜਦੋਂ ਕਿ ਮੋਨਾ ਤੈਰਾਕੀ ਵਿੱਚ ਹਿੱਸਾ ਲੈਂਦੀ ਰਹੀ ਹੈ। ਜੀਵ ਦੀ ਪਤਨੀ ਦਾ ਨਾਮ ਕੁਦਰਤ ਹੈ। ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆ 'ਜੀਵ ਹੋਇਆ ਕੁਦਰਤ ਦਾ'। ਉਨ੍ਹਾਂ ਦਾ ਇਕ ਬੇਟਾ ਹੈ ਜਿਸ ਦਾ ਨਾਮ ਹਰਜਾਈ ਮਿਲਖਾ ਸਿੰਘ ਹੈ ਜੋ ਚੰਡੀਗੜ੍ਹ ਦੇ ਸਟਰਾਅਬੈਰੀ ਸਕੂਲ ਵਿੱਚ ਪੰਜਵੀਂ ਕਲਾਸ ਵਿੱਚ ਪੜ੍ਹਦਾ ਹੈ। ਹਰਜਾਈ ਉਸੇ ਚੰਡੀਗੜ੍ਹ ਦੇ ਕੋਰਸ ਵਿੱਚ ਗੌਲਫ ਖੇਡਣ ਜਾਂਦਾ ਹੈ ਜਿੱਥੇ ਉਸ ਦਾ ਦਾਦਾ ਤੇ ਪਿਤਾ ਖੇਡਦੇ ਹਨ। ਹਰਜਾਈ ਨੇ ਵੀ 8 ਵਰ੍ਹਿਆਂ ਦੀ ਉਮਰੇ ਮਲੇਸ਼ੀਆ ਵਿਖੇ ਕਿਡਜ਼ ਗੌਲਫ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਜੀਵ ਨੇ ਛੋਟੀ ਉਮਰੇ ਆਪਣੇ ਪਿਤਾ ਦੇ ਕੈਡੀ ਵਜੋਂ ਗੌਲਫ ਕੋਰਸ ਵਿੱਚ ਦਾਖਲਾ ਲਿਆ ਸੀ ਅਤੇ ਹੁਣ ਉਹ ਆਪਣੇ ਬੇਟੇ ਦਾ ਕੈਡੀ ਬਣ ਕੇ ਜਾਂਦਾ ਹੈ।

ਜਦੋਂ ਹਰਜਾਈ ਨੇ ਮਲੇਸ਼ੀਆ ਵਿਖੇ ਕਿਡਜ਼ ਟੂਰਨਾਮੈਂਟ ਵਿੱਚ ਹਿੱਸਾ ਲਿਆ ਤਾਂ ਜੀਵ ਉਸ ਦਾ ਕੈਡੀ ਸੀ। ਸਕਾਟਲੈਂਡ ਦੇ ਇਕ ਟੂਰਨਾਮੈਂਟ ਵਿੱਚ ਹਰਜਾਈ ਤੇਜ਼ ਹਵਾਵਾਂ ਦੇ ਚੱਲਦਿਆਂ 3-4 ਹੋਲਜ਼ ਤੋਂ ਬਾਅਦ ਖੇਡ ਛੱਡਣੀ ਚਾਹੁੰਦਾ ਸੀ। ਉਸ ਵੱਲੋਂ ਕਹੇ ਜਾਣ 'ਤੇ ਉਸ ਨੇ ਪੂਰਾ ਰਾਊਂਡ ਮੁਕੰਮਲ ਕੀਤਾ। ਕਈ ਵਾਰ ਸ਼ਾਟ ਖੇਡਦਾ ਬਹੁਤ ਜੋਸ਼ ਵਿੱਚ ਆ ਜਾਂਦਾ ਹੈ ਤਾਂ ਫੇਰ ਜੀਵ ਉਸ ਨੂੰ ਸ਼ਾਂਤ ਕਰਦਾ ਹੈ। ਉਂਝ ਜੀਵ ਹਰਜਾਈ ਨੂੰ ਆਪਣੀ ਕੋਚਿੰਗ ਦੀ ਬਜਾਏ ਆਪਣੇ ਦੋਸਤ ਅੰਮ੍ਰਿਤਇੰਦਰ ਤੇ ਜੈਸੀ ਗਰੇਵਾਲ ਦੀ ਦੇਖ-ਰੇਖ ਹੇਠ ਖਿਡਾਉਂਦਾ ਹੈ। ਜੀਵ ਨੂੰ ਜਦੋਂ ਹਰਜਾਈ ਨੂੰ ਗੌਲਫ ਖਿਡਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਸੀ, ''ਕੋਈ ਬੰਦਿਸ਼ ਨਹੀਂ, ਕੋਈ ਵੀ ਖੇਡ ਖੇਡੇ। ਹਾਲੇ ਤਾਂ ਉਹ ਨਿਆਣਾ ਹੈ ਅਤੇ ਸਾਰੀਆਂ ਹੀ ਖੇਡਾਂ ਦਾ ਸ਼ੌਕ ਹੈ। ਗੌਲਫ, ਫੁਟਬਾਲ, ਟੈਨਿਸ, ਕ੍ਰਿਕਟ ਸਭ ਦਿਲ ਪਰਚਾਵੇਂ ਵਜੋਂ ਖੇਡਦਾ।''

PunjabKesari

ਅੱਧਖੜ੍ਹ ਉਮਰ ਦੇ ਬਾਵਜੂਦ ਜੀਵ ਹਾਲੇ ਵੀ ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਉਸ ਦਾ ਨਿਸ਼ਾਨਾ ਹੋਰ ਟੂਰਨਾਮੈਂਟ ਜਿੱਤਣ ਦਾ ਹੈ। ਗੌਲਫ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਸੀਨੀਅਰ ਵਰਗ ਸ਼ੁਰੂ ਹੋ ਜਾਂਦਾ ਜਿਸ ਨੂੰ ਲੈ ਕੇ ਵੀ ਉਹ ਬਹੁਤ ਉਤਸੁਕ ਹੈ। ਆਮ ਤੌਰ 'ਤੇ ਖਿਡਾਰੀਆਂ ਨੂੰ ਉਮਰ ਦੇ ਵਾਧੇ ਦਾ ਫਿਕਰ ਹੁੰਦਾ ਹੈ ਪਰ ਉਹ 2021 ਵਿੱਚ ਪੰਜਾਹ ਵਰ੍ਹੇ ਕਰਨ ਤੋਂ ਬਾਅਦ ਸੀਨੀਅਰ ਵਰਗ ਵਿੱਚ ਖੇਡਣ ਦੀ ਤਿਆਰੀ ਕਰੀ ਬੈਠਾ ਹੈ। ਸੀਨੀਅਰ ਵਰਗ ਵਿੱਚ ਜਾਣ ਤੋਂ ਪਹਿਲਾਂ ਉਸ ਦੀ ਇਕ ਹੋਰ ਖਿਤਾਬ ਜਿੱਤਣ ਦੀ ਤਮੰਨਾ ਹੈ ਜਿਸ ਨੂੰ ਲੈ ਕੇ ਉਹ ਨਵੀਂ ਉਮਰ ਦੇ ਗੌਲਫਰਾਂ ਜਿੰਨਾ ਪਸੀਨਾ ਵਹਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ-ਕੱਲ੍ਹ ਲੌਕਡਾਊਨ ਕਾਰਨ ਸਭ ਗਤੀਵਿਧੀਆਂ ਬੰਦ ਹੋ ਗਈਆਂ। ਹੁਣ ਸਿਰਫ ਖੇਡ ਮੈਦਾਨ ਬਿਨਾਂ ਦਰਸ਼ਕਾਂ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜੀਵ ਨੇ ਭਵਿੱਖ ਦੀ ਤਿਆਰੀ ਬਾਰੇ ਪੁੱਛਣ 'ਤੇ ਦੱਸਿਆ, ''ਕੋਵਿਡ ਦੇ ਚੱਲਦਿਆਂ ਸੋਸ਼ਲ ਡਿਸਟੈਂਸ ਦੇ ਮੱਦੇਨਜ਼ਰ ਗੌਲਫ ਸਭ ਤੋਂ ਸੂਟੇਬਲ ਖੇਡ ਹੈ ਜਿਸ ਨੂੰ ਜਾਰੀ ਰੱਖਦਿਆਂ ਕੋਵਿਡ ਦੀਆਂ ਐਡਵਾਇਜ਼ਰੀਆਂ ਦੀ ਵੀ ਪਾਲਣਾ ਕੀਤੀ ਜਾ ਸਕਦੀ ਹੈ।'' ਮੇਰੇ ਵੱਲੋਂ ਤਫਸੀਲ ਨਾਲ ਪੁੱਛੇ ਜਾਣ 'ਤੇ ਉਹ ਪੰਜਾਬੀ ਸਟਾਈਲ ਵਿਚ ਬੋਲਿਆ, ''ਬਾਲ ਹਿੱਟ ਕਰਨ ਲੱਗਿਆ ਇੰਨੀ ਜ਼ੋਰ ਦੀ ਸਟਿੱਕ ਘੁਮਾਈ ਜਾਂਦੀ ਹੈ ਕਿ 4-5 ਫੁੱਟ ਤਾਂ ਦੂਰ ਦੀ ਗੱਲ ਅਗਲਾ ਬੰਦ 14-15 ਫੁੱਟ ਦੂਰ ਗੌਲਫਰ ਤੋਂ ਖੜ੍ਹਦਾ ਹੈ।''

ਇਸ ਤਰ੍ਹਾਂ ਜੀਵ ਦੀ ਗੱਲ ਮੈਨੂੰ ਬਹੁਤ ਜੱਚ ਗਈ ਅਤੇ ਦੱਸਣ ਦਾ ਤਰੀਕਾ ਵੀ। ਉਪਰੋਂ ਉਸ ਦਾ ਤਰਕ ਇਹ ਸੀ ਕਿ ਗੌਲਫ ਖੁੱਲ੍ਹੇ ਡੁੱਲੇ ਤੇ ਹਰੇ-ਭਰੇ ਕੋਰਸ ਵਿੱਚ ਖੇਡੀ ਜਾਂਦੀ ਹੈ ਜਿੱਥੇ ਮਾਹੌਲ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਜੀਵ ਦੇ ਇਰਾਦਿਆਂ ਤੋਂ ਜਾਪ ਰਿਹਾ ਸੀ ਕਿ ਉਹ ਪੰਜਹਵੇਂ ਜਨਮ ਦਿਨ ਤੋਂ ਪਹਿਲਾਂ ਇਕ ਹੋਰ ਵੱਡਾ ਟੂਰਨਾਮੈਂਟ ਜਿੱਤੇ ਬਿਨਾਂ ਦਮ ਨਹੀਂ ਲਵੇਗਾ। ਜੀਵ ਸੱਚਮੁੱਚ ਭਾਰਤੀ ਗੌਲਫ ਦੀ ਜਿੰਦਦਾਨ ਹੈ। ਜੀਵ ਬਿਨਾਂ ਗੌਲਫ ਖੇਡ ਦੀ ਭਾਰਤ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਰਤ ਵਿੱਚ ਜਿੱਥੇ ਵੀ ਗੌਲਫ ਦੀ ਗੱਲ ਚੱਲੇਗੀ ਜੀਵ ਦਾ ਜ਼ਿਕਰ ਜ਼ਰੂਰੀ ਹੋਵੇਗਾ।

PunjabKesari


author

rajwinder kaur

Content Editor

Related News