ਟ੍ਰਾਈਸਿਟੀ ਪਲਾਨਿੰਗ ਬੋਰਡ ਸਥਾਪਤ ਕਰਨ ਬਾਰੇ ਖੱਟੜ ਦਾ ਸੁਝਾਅ ਕੈਪਟਨ ਵਲੋਂ ਰੱਦ

Wednesday, Jul 11, 2018 - 07:26 AM (IST)

ਟ੍ਰਾਈਸਿਟੀ ਪਲਾਨਿੰਗ ਬੋਰਡ ਸਥਾਪਤ ਕਰਨ ਬਾਰੇ ਖੱਟੜ ਦਾ ਸੁਝਾਅ ਕੈਪਟਨ ਵਲੋਂ ਰੱਦ

ਚੰਡੀਗੜ੍ਹ (ਅਸ਼ਵਨੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਆਪਣੇ ਹਮ-ਰੁਤਬਾ ਵਲੋਂ ਚੰਡੀਗੜ੍ਹ ਦੇ ਨਾਲ ਲਗਦੇ ਸ਼ਹਿਰਾਂ ਪੰਚਕੂਲਾ ਤੇ ਮੋਹਾਲੀ ਲਈ ਟ੍ਰਾਈਸਿਟੀ ਯੋਜਨਾਬੰਦੀ ਬੋਰਡ ਸਥਾਪਤ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਚੰਡੀਗੜ੍ਹ ਯਕੀਨੀ ਤੌਰ 'ਤੇ ਪੰਜਾਬ ਦਾ ਹਿੱਸਾ ਹੈ। ਇਸ ਮੁੱਦੇ 'ਤੇ ਮੁੱਖ ਮੰਤਰੀ ਨੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਖੱਟੜ ਦੇ ਪ੍ਰਸਤਾਵ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮਾਮਲੇ 'ਤੇ ਪੰਜਾਬ ਦੇ ਰਾਜਪਾਲ ਵੀ. ਪੀ. ਐੱਸ. ਬਦਨੌਰ ਨੇ ਵੀ ਇਹ ਕਹਿੰਦਿਆਂ ਹਮਾਇਤ ਕੀਤੀ ਕਿ ਤਿੰਨਾਂ ਸ਼ਹਿਰਾਂ ਦੇ ਵਿਕਾਸ ਨਾਲ ਸਬੰਧਤ ਮਾਮਲਿਆਂ 'ਤੇ ਪਹਿਲਾਂ ਹੀ ਤਾਲਮੇਲ ਹੁੰਦਾ ਰਹਿੰਦਾ ਹੈ।
ਇਸ ਮੌਕੇ ਬਦਨੌਰ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਐੱਮ. ਐੱਲ. ਖੱਟੜ, ਇੰਸਟੀਚਿਊਟ ਫਾਰ ਡਿਵੈੱਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਚੇਅਰਮੈਨ ਪ੍ਰਮੋਦ ਕੁਮਾਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੰਚ ਸਾਂਝਾ ਕੀਤਾ। ਰਾਜਪਾਲ ਨੇ ਇਹ ਨੁਕਤਾ ਉਭਾਰਿਆ ਕਿ ਇਹ ਖਿੱਤਾ ਚੁਫੇਰਿਓਂ ਜ਼ਮੀਨ ਨਾਲ ਘਿਰਿਆ ਹੋਣ ਕਰਕੇ ਚੰਡੀਗੜ੍ਹ ਦਾ ਵਿਸਤਾਰ ਹੋਣ ਦੀ ਕੋਈ ਗੁਜਾਇਸ਼ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਰਾਜਧਾਨੀ ਤੋਂ ਬਿਨਾਂ ਇਕੱਲਾ ਸੂਬਾ ਹੋਣ ਕਰਕੇ ਇਸ ਦਾ ਚੰਡੀਗੜ੍ਹ 'ਤੇ ਇਤਿਹਾਸਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਵੱਖ-ਵੱਖ ਸਮੇਂ ਹੋਏ ਇਕਰਾਰਨਾਮਿਆਂ ਵਿਚ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ ਪਰ ਬਦਕਿਸਮਤੀ ਨਾਲ ਇਸ ਨੂੰ ਅਮਲੀ ਰੂਪ ਨਹੀਂ ਮਿਲਿਆ।


Related News