ਖੰਨਾ ''ਚ ਬਲੂ ਵ੍ਹੇਲ ਗੇਮ ਦੇ ਚੰਗੁਲ ''ਚ ਫਸੇ ਕਾਰੋਬਾਰੀ ਦੇ ਇਕਲੌਤੇ ਬੇਟੇ ਦੀ ਮੌਤ

Saturday, Sep 29, 2018 - 12:38 PM (IST)

ਖੰਨਾ— ਬਲੂ ਵ੍ਹੇਲ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਇਸ ਜਾਨਲੇਵਾ ਗੇਮ ਦੇ ਚੰਗੁਲ ਵਿਚ ਫਸਿਆ ਕਰਿਆਨਾ ਵਪਾਰੀ ਦਾ ਇਕਲੌਤਾ ਪੁੱਤਰ ਮਾਨਵ ਵਰਮਾ (16) ਟ੍ਰੇਨ ਦੇ ਅੱਗੇ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਨਵ ਸ਼ਿਵਪੁਰੀ ਮੁਹੱਲਾ ਖੰਨਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮਾਨਵ ਰਾਧਾ ਵਾਟਿਕਾ ਸੀਨੀਅਰ ਸੈਕੇਂਡਰੀ ਸਕੂਲ ਖੰਨਾ ਵਿਚ ਪੜ੍ਹਦਾ ਸੀ। ਸਕੂਲ ਤੋਂ ਆ ਕੇ ਉਹ ਜ਼ਿਆਦਾਤਰ ਸਮਾਂ ਮੋਬਾਇਲ 'ਤੇ ਹੀ ਗੁਜ਼ਾਰਦਾ ਸੀ ਅਤੇ ਦੇਰ ਰਾਤ ਤੱਕ ਲੈਪਟਾਪ 'ਤੇ ਵੀ ਲੱਗਾ ਰਹਿੰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਵੀਰਵਾਰ ਸਵੇਰੇ ਸਾਢੇ 11 ਵਜੇ ਦੇ ਕਰੀਬ ਸਕੂਲ ਤੋਂ ਘਰ ਆਇਆ। ਇਸ ਦੌਰਾਨ ਉਸ ਦੀ ਮਾਂ ਬਾਜ਼ਾਰ ਗਈ ਤਾਂ ਪਿੱਛੇ ਹੀ ਉਹ ਪੈਦਲ ਨਿਕਲ ਗਿਆ। ਇਕ ਜਨਰਲ ਸਟੋਰ 'ਤੇ ਲੱਗੇ ਸੀ. ਸੀ. ਟੀ. ਵੀ. ਵਿਚ ਮਾਨਵ ਪੈਦਲ ਹੀ ਸ਼ਿਵਪੁਰੀ ਮੁਹੱਲਾ ਵਾਲੇ ਮੋੜ ਤੋਂ ਲਲਹੇੜੀ ਰੋਡ ਵੱਲ ਜਾਂਦਾ ਵਿਖਾਈ ਦੇ ਰਿਹਾ ਹੈ। ਸ਼ਾਮ ਤੱਕ ਘਰ ਨਹੀਂ ਆਉਣ ਅਤੇ ਮੋਬਾਇਲ ਸਵਿਚ ਆਫ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਉਸ ਦੀ ਫੋਟੋ ਸੋਸ਼ਲ ਮੀਡਿਆ 'ਤੇ ਪਾਈ। ਰਾਤ ਕਰੀਬ 10 ਵਜੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਰੇਲਵੇ ਟ੍ਰੈਕ ਤੋਂ ਕਿਸੇ ਮੁੰਡੇ ਦੀ ਲਾਸ਼ ਮਿਲੀ ਹੈ, ਤਾਂ ਪਰਿਵਾਰ ਦੇ ਲੋਕ ਮੋਰਚਰੀ ਵਿਚ ਦੇਖਣ ਗਏ।

ਉੱਥੇ ਮਾਨਵ ਦੀ ਲਾਸ਼ ਵੇਖ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰੇਲਵੇ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਾਮ ਕਰੀਬ 5 ਵਜੇ ਉਨ੍ਹਾਂ ਨੂੰ ਮੀਮੋ ਮਿਲੀ ਸੀ ਕਿ ਕੋਈ ਮੁੰਡਾ ਟ੍ਰੇਨ ਦੇ ਅੱਗੇ ਆ ਗਿਆ। ਘਟਨਾ ਦੇ ਬਾਅਦ ਮਾਨਵ ਦੇ ਮੋਬਾਇਲ ਅਤੇ ਘਰ ਤੋਂ ਮਿਲੇ ਲੈਪਟਾਪ ਦਾ ਡਾਟਾ ਫਾਰਮੇਟ ਮਿਲਿਆ। ਇਸ ਤੋਂ ਹੀ ਸ਼ੱਕ ਪੈਦਾ ਹੋਇਆ ਕਿ ਉਹ ਬਲੂ  ਵ੍ਹੇਲ ਦੀ ਕੁਰਬਾਨੀ ਚੜ੍ਹਿਆ। ਉੱਥੇ ਹੀ ਮਾਨਵ ਦੇ ਸਹਿ-ਪਾਠੀਆਂ ਅਤੇ ਮੁਹੱਲੇ ਦੇ ਦੋਸਤਾਂ ਵੱਲੋਂ ਵੀ ਉਸ ਦੇ ਬਲੂ ਵੇਲ੍ਹ ਦੇ ਚੰਗੁਲ ਵਿਚ ਫਸਣ ਦੀ ਪੁਸ਼ਟੀ ਹੋਈ। ਉੱਥੇ ਹੀ, ਮਾਨਵ ਦੇ ਪਿਤਾ ਨਵੀਨ ਵਰਮਾ ਨੇ ਵੀ ਸ਼ੱਕ ਜਤਾਇਆ ਕਿ ਪੁੱਤਰ ਜ਼ਿਆਦਾਤਰ ਮੋਬਾਇਲ 'ਤੇ ਲੱਗਾ ਰਹਿੰਦਾ ਸੀ, ਹੋ ਸਕਦਾ ਹੈ ਕਿ ਬਲੂ  ਵ੍ਹੇਲ ਉਸ ਦੀ ਮੌਤ ਦਾ ਕਾਰਨ ਬਣੀ ਹੋਵੇ।

ਸਕੂਲ ਵਿਚ ਗੂਗਲ ਬੁਆਏ ਦੇ ਨਾਮ ਨਾਲ ਪ੍ਰਸਿੱਧ ਸੀ ਮਾਨਵ :
ਕਲਾਸ ਵਿਚ ਟੀਚਰ ਅਜੇ ਪੂਰਾ ਪ੍ਰਸ਼ਨ ਵੀ ਨਹੀਂ ਪੁੱਛਦੇ ਸਨ ਕਿ ਉਸ ਦਾ ਜਵਾਬ ਮਾਨਵ ਪਹਿਲਾਂ ਹੀ ਦੇ ਦਿੰਦਾ ਸੀ ।ਜਿਸ ਕਾਰਨ ਉਸ ਦਾ ਨਾਮ ਗੂਗਲ ਬੁਆਏ ਪਿਆ ਸੀ। ਮਾਪਿਆਂ ਦਾ ਸੁਪਨਾ ਆਪਣੇ ਲਾਡਲੇ ਨੂੰ ਗੂਗਲ ਰਿਸਰਚ ਵਿਚ ਭੇਜਣਾ ਸੀ।ਮਾਨਵ ਵੀ ਦੇਸ਼ ਦਾ ਪ੍ਰਸਿੱਧ ਵਿਗਿਆਨੀ ਬਣਨਾ ਚਾਹੁੰਦਾ ਸੀ।ਉਸ ਦੇ ਪਿਤਾ ਨਵੀਨ ਵਰਮਾ ਮੁਤਾਬਕ ਮਾਨਵ ਨੇ ਦਸਵੀਂ ਵਿਚ 96 ਫੀਸਦੀ ਅੰਕ ਹਾਸਲ ਕੀਤੇ ਸਨ। ਇੰਟਰਨੈੱਟ 'ਤੇ ਕੰਮ ਕਰਨ ਦਾ ਜਜ਼ਬਾ ਇੰਨਾ ਜ਼ਿਆਦਾ ਸੀ ਕਿ ਉਹ ਪੂਰੀ-ਪੂਰੀ ਰਾਤ ਲੈਪਟਾਪ 'ਤੇ ਕੰਮ ਕਰਦਾ ਰਹਿੰਦਾ ਸੀ।ਪਿਤਾ ਦਾ ਕਹਿਣਾ ਸੀ ਕਿ ਮਾਨਵ ਦੀ ਮਿਹਨਤ ਤੇ ਪ੍ਰਦਰਸ਼ਨ ਨੂੰ ਵੇਖ ਕੇ ਸਿੰਗਾਪੁਰ, ਬੇਂਗਲੁਰੂ, ਹੈਦਰਾਬਾਦ ਅਤੇ ਨੋਇਡਾ ਤੋਂ ਕਈ ਨਾਮੀ ਆਈ. ਟੀ. ਕੰਪਨੀਆਂ ਨੇ ਉਸ ਨੂੰ ਨੌਕਰੀ ਲਈ 18 ਲੱਖ ਤੱਕ ਦੇ ਆਫਰ ਦਿੱਤੇ ਸਨ।


Related News