ਇੰਗਲੈਂਡ ''ਚ ਡੀ. ਜੀ. ਪੀ. ਦਾ ਵਿਰੋਧ ਕਰਨਾ ਕਾਇਰਾਨਾ ਹਰਕਤ : ਨਿਸ਼ਾਂਤ ਸ਼ਰਮਾ
Sunday, Jun 02, 2019 - 11:13 AM (IST)

ਖੰਨਾ (ਸੁਖਵਿੰਦਰ ਕੌਰ) - ਸਿੱਖ ਫ਼ਾਰ ਜਸਟਿਸ ਵਲੋਂ ਪਰਮਜੀਤ ਸਿੰਘ ਪੰਮਾ ਸਮੇਤ ਖਾਲਿਸਤਾਨੀ ਸਮਰਥਕਾਂ ਦੁਆਰਾ ਇੰਗਲੈਂਡ 'ਚ ਪੰਜਾਬ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦਾ ਵਿਰੋਧ ਕਰਨਾ ਬੇਹੱਦ ਕਾਇਰਾਨਾ ਅਤੇ ਨਿੰਦਣਯੋਗ ਹਰਕਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ (ਹਿੰਦ) ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ 'ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਇਕ ਹੋਟਲ 'ਚ ਠਹਿਰੇ ਪੰਜਾਬ ਪੁਲਸ ਦੇ ਜਾਂਬਾਜ਼ ਪੁਲਸ ਅਧਿਕਾਰੀ ਡੀ. ਜੀ. ਪੀ. ਦਿਨਕਰ ਗੁਪਤਾ ਦਾ ਹੋਟਲ ਦੇ ਬਾਹਰ ਪ੍ਰਦਰਸ਼ਨ ਕਰਕੇ ਵਿਰੋਧ ਕਰਨ ਵਾਲੇ ਪੰਮਾ ਜਿਹੇ ਖਾਲਿਸਤਾਨੀ ਸਮਰਥਕਾਂ 'ਚ ਰੈਫਰੈਂਡਮ 2020 ਦੀ ਅਸਫਲਤਾ ਨਾਲ ਬੌਖਲਾਹਟ ਪੈਦਾ ਹੋਈ ਪਈ ਹੈ। ਪੰਜਾਬ ਪੁਲਸ ਦੇ ਡੀ. ਜੀ. ਪੀ. ਨੇ ਰੈਫਰੈਂਡਮ 2020 ਦੀ ਮੁਹਿੰਮ ਨੂੰ ਪੰਜਾਬ 'ਚ ਅਸਫ਼ਲ ਬਣਾਉਣ 'ਚ ਬਹੁਤ ਯੋਗਦਾਨ ਦਿੱਤਾ ਹੈ, ਜਿਸ ਕਾਰਨ ਪੰਮਾ ਜਿਹੇ ਦੇਸ਼ ਧਰੋਹੀ ਖਾਲਿਸਤਾਨੀ ਸਮਰਥਕ ਵਿਦੇਸ਼ ਦੀ ਧਰਤੀ 'ਤੇ ਪੰਜਾਬ ਵਿਰੋਧੀ ਪ੍ਰਦਰਸ਼ਨ ਕਰਕੇ ਡੀ. ਜੀ. ਪੀ. ਸਮੇਤ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਹਿੰਦੂ ਸੰਗਠਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਸਿਰਫ਼ ਕਾਇਰਾਨਾ ਹਰਕਤ ਹੈ।
ਉਨ੍ਹਾਂ ਕਿਹਾ ਕਿ ਪੰਮਾ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਕੇ ਪੰਜਾਬ 'ਚ ਹਿੰਸਾ ਦੀ ਅੱਗ ਲਾਉਣ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਕਰੋੜਾਂ ਦੇ ਲਾਲਚ 'ਚ ਪੰਮਾ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਪੰਜਾਬ 'ਚ ਹਿੰਦੂ-ਸਿੱਖ ਭਾਈਚਾਰੇ 'ਚ ਤਰੇੜ ਪਾ ਕੇ ਨਫ਼ਰਤ ਦੀ ਅੱਗ ਭੜਕਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੰਮਾ ਨੂੰ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਮਿਲ ਰਹੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਰੋੜਾਂ ਦਾ ਫੰਡ ਇਕੱਠਾ ਕਰਨ ਵਾਲੇ ਪੰਮਾ ਜਿਹੇ ਪੰਜਾਬ ਦੇ ਦੁਸ਼ਮਣਾਂ ਤੋਂ ਸੁਚੇਤ ਰਹਿਣ। ਪੰਮਾ ਆਪ ਤਾਂ ਵਿਦੇਸ਼ਾਂ 'ਚ ਪਾਕਿਸਤਾਨ ਦੇ ਪੈਸਿਆਂ ਨਾਲ ਐਸ਼ ਕਰ ਰਿਹਾ ਹੈ ਪਰ ਪੰਮੇ ਦੇ ਇਸ਼ਾਰਿਆਂ 'ਤੇ ਭਟਕਣ ਵਾਲੇ ਨੌਜਵਾਨ ਪੰਜਾਬ ਦੀਆਂ ਜੇਲਾਂ 'ਚ ਸੜ ਰਹੇ ਹਨ।