ਖਾਲਸਾ ਸਾਜਨਾ ਦਿਹਾੜਾ ਲੋਕ ਭਲਾਈ ਦਿਵਸ ਵਜੋਂ ਮਨਾਇਆ ਜਾਵੇਗਾ : ਵਿਧਾਇਕਾ ਬਲਜਿੰਦਰ ਕੌਰ

04/13/2018 1:45:09 PM

ਤਲਵੰਡੀ ਸਾਬੋ (ਮੁਨੀਸ਼)-ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਮੌਕੇ ਜਿੱਥੇ ਤਕਰੀਬਨ ਸਾਰੀਆਂ ਹੀ ਸਿਆਸੀ ਧਿਰਾਂ ਰਾਜਸੀ ਕਾਨਫਰੰਸਾਂ ਕਰਨ ਦੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ, ਉਥੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ 'ਆਪ' ਨੇ ਇਸ ਵਾਰ ਕਾਨਫਰੰਸ ਨਾ ਕਰ ਕੇ ਵਿਸਾਖੀ ਮੌਕੇ ਮੁਫਤ ਮੈਡੀਕਲ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਮੁਫਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਮੀਟਿੰਗ ਦੌਰਾਨ ਵਰਕਰਾਂ ਦੀਆਂ ਡਿਊਟੀਆਂ ਲਾਉਣ ਉਪਰੰਤ ਗੱਲਬਾਤ ਕਰਦਿਆਂ ਹਲਕੇ ਦੀ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਮੁੱਚੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਸਲਾਹ ਮਸ਼ਵਰੇ ਉਪਰੰਤ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਵਾਰ ਸਿਆਸੀ ਕਾਨਫਰੰਸ ਨਾ ਕਰ ਕੇ ਖਾਲਸਾ ਸਾਜਨਾ ਦਿਵਸ ਨੂੰ ਲੋਕ ਭਲਾਈ ਦਿਵਸ ਵਜੋਂ ਮਨਾਇਆ ਜਾਵੇ ਤੇ ਇਸੇ ਸੰਦਰਭ ਵਿਚ ਮੁਫਤ ਮੈਡੀਕਲ ਕੈਂਪ ਲਾ ਕੇ ਬੀਮਾਰੀਆਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਇੰਚਾਰਜ ਅਨਿਲ ਠਾਕੁਰ, ਜ਼ਿਲਾ ਪ੍ਰਧਾਨ ਨਵਦੀਪ ਜੀਦਾ, ਸਤਿੰਦਰ ਸਿੱਧੂ ਕੌਂਸਲਰ ਆਦਿ ਹਾਜ਼ਰ ਸਨ।


Related News