16 ਸਾਲਾ ਬੱਚੇ ਦੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਕੇਸ ਕਤਲ, ਜਾਂਚ ਜਾਰੀ

Thursday, Aug 08, 2019 - 11:33 AM (IST)

16 ਸਾਲਾ ਬੱਚੇ ਦੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਕੇਸ ਕਤਲ, ਜਾਂਚ ਜਾਰੀ

ਖਾਲੜਾ/ਭਿੱਖੀਵਿੰਡ (ਭਾਟੀਆ) : ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਬੱਚੇ ਅਗਵਾ ਜਾਂ ਲਾਪਤਾ ਹੋਣ ਦੀਆਂ ਸਾਹਮਣੇ ਆ ਰਹੀਆਂ ਘਟਨਾਵਾਂ ਤੋਂ ਬਾਅਦ ਅੱਜ ਸਰਹੱਦੀ ਇਲਾਕੇ ਅੰਦਰ ਇਕ ਹੋਰ ਦੁਖਦਾਈ ਘਟਨਾ ਵਾਪਰੀ ਹੈ, ਜਿਸ ਨਾਲ ਇਲਾਕੇ ਦੇ ਸਿੱਖ ਸਮਾਜ ਅੰਦਰ ਰੋਸ ਦੀ ਲਹਿਰ ਦੋੜ ਗਈ ਹੈ। ਕਸਬਾ ਖਾਲੜਾ ਵਿਖੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ 11ਵੀਂ 'ਚ ਪੜ੍ਹਦੇ ਇਕ ਵਿਦਿਆਰਥੀ ਦੇ ਕੇਸ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਰਮ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਉਹ ਸ਼ਾਮ ਦੇ ਕਰੀਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਨੇੜੇ ਡਿਫੈਂਸ ਡਰੇਨ ਕੋਲ ਆਪਣੇ ਪਸ਼ੂ ਚਾਰ ਰਿਹਾ ਸੀ । ਇੰਨੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਪਹਿਲਾਂ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ ਕੀਤੀ, ਜੋ ਪਾਸੇ ਡਿੱਗ ਗਿਆ ਤੇ ਉਹ ਚਿੱਕੜ 'ਚ ਡਿੱਗ ਪਿਆ। ਉਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਕੈਂਚੀ ਨਾਲ ਉਸ ਦੇ ਸਿਰ 'ਚੋਂ ਕੇਸ ਕਤਲ ਕਰ ਦਿੱਤੇ। ਉਸ ਨੇ ਦੱਸਿਆ ਕਿ ਉਹ ਸਿੱਖ ਧਰਮ ਨਾਲ ਸਬੰਧ ਰੱਖਦਾ ਹੈ ਤੇ ਉਸ ਨੇ ਸ਼ੁਰੂ ਤੋਂ ਹੀ ਕੇਸ ਰੱਖੇ ਹੋਏ ਹਨ। ਉਸ ਨੇ ਕਿਹਾ ਕਿ ਉਸ ਵਲੋਂ ਥਾਣਾ ਖਾਲੜਾ ਵਿਖੇ ਦਰਖਾਸਤ ਦੇਣ ਤੋ ਬਾਅਦ ਪੁਲਸ ਉਸ ਨੂੰ ਘਟਨਾ ਸਥਾਨ 'ਤੇ ਲੈ ਕੇ ਪੁੱਜੀ ਹੈ , ਜੋ ਕਿ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ । ਨੌਜਵਾਨ ਨਾਲ ਮੌਕੇ 'ਤੇ ਪੁੱਜੇ ਜਥੇਦਾਰ ਸਮਸ਼ੇਰ ਸਿੰਘ ਨੇ ਕਿਹਾ ਕਿ ਇਹ ਬੇਹੱਦ ਹੀ ਸ਼ਰਮਸਾਰ ਤੇ ਦੁਖਦਾਈ ਕਾਰਾ ਹੈ , ਜੋ ਕਿ ਸਮਾਜ ਵਿਰੋਧੀ ਅਨਸਰਾ ਦਾ ਕੰਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਉਪਰ ਅਜਿਹਾ ਘਿਨਾਉਣਾ ਹਮਲਾ ਅਤਿ-ਨਿੰਦਣਯੋਗ ਘਟਨਾ ਹੈ । ਘਟਨਾ ਦਾ ਪਤਾ ਲੱਗਣ 'ਤੇ ਪੂਰੇ ਇਲਾਕੇ ਅੰਦਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਵੱਲੋ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ।

ਕੀ ਕਹਿੰਦੇ ਹਨ ਪੀੜਤ ਲੜਕੇ ਦੇ ਪਿਤਾ?
ਇਸ ਸਾਬੰਧੀ ਪੀੜਤ ਲੜਕੇ ਦੇ ਪਿਤਾ ਕਰਮ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਦੇ ਕੇਸ ਬੜੇ ਚਾਵਾਂ ਨਾਲ ਰੱਖੇ ਸਨ, ਜਿਨ੍ਹਾਂ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਪ੍ਰਸ਼ਾਸਨ ਉਨ੍ਹਾਂ ਵਿਅਕਾਤੀਆ ਦਾ ਜਲਦੀ ਪਤਾ ਲਗਾ ਕੇ ਸਖਤ ਤੋ ਸਖਤ ਸਜ਼ਾ ਦਿਵਾਏ।

ਕੀ ਕਹਿੰਦੇ ਹਨ ਸਤਿਕਾਰ ਕਮੇਟੀ ਦੇ ਆਗੂ
ਇਸ ਸਾਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਹੋ ਸਕਦੀਆਂ ਹਨ, ਜੋ ਸਿੱਖੀ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਅਜਿਹੇ ਵਿਅਕਤੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਹਰ ਹੀਲਾ ਵਰਤੇਗੀ।

ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਇਸ ਸਾਬੰਧੀ ਬੱਚੇ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਪੁੱਜੇ ਏ. ਐੱਸ. ਆਈ. ਦੇਸ ਰਾਜ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਤੱਥਾਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ। ਵੇਰਵੇ ਇਕੱਤਰ ਕਰਨ ਤੋਂ ਬਾਅਦ ਤੱਥ ਸਾਹਮਣੇ ਆਉਣ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
 


author

Baljeet Kaur

Content Editor

Related News