ਖਾਲੇਵਾਲ ਪਿੰਡ ਦਾ ਗੰਦਾ ਪਾਣੀ ਸਕੂਲ ਮੂਹਰੇ ਹੋਇਆ ਜਮ੍ਹਾ

10/16/2017 5:29:27 AM

ਲੋਹੀਆਂ ਖਾਸ, (ਮਨਜੀਤ)- ਲੋਹੀਆਂ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪਿੰਡ ਖਾਲੇਵਾਲ ਦੇ ਮੇਨ ਗੇਟ ਤੇ ਆਸੇ-ਪਾਸੇ ਜਮ੍ਹਾ ਹੋਏ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਕੂਲ ਪੜ੍ਹਦੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਮਾਪਿਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ। 
ਜਾਣਕਾਰੀ ਅਨੁਸਾਰ ਪਿੰਡ ਦੇ ਗੰਦੇ ਪਾਣੀ ਨੂੰ ਡਰੇਨਜ਼ ਵਿਭਾਗ ਵੱਲੋਂ ਪੱਕੀਆਂ ਪਾਈਪਾਂ ਰਾਹੀਂ ਪਿੰਡ ਦੇ ਨੇੜੇ ਵਗਦੀ ਚਿੱਟੀ ਵੇਈਂ ਵਿਚ ਪਾਇਆ ਹੋਇਆ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਰਕੇ ਪਾਈਪ ਜਾਮ ਹੋ ਗਏ ਪਰ ਸੰਬੰਧਤ ਵਿਭਾਗ ਵੱਲੋਂ ਪਾਈਪਾਂ ਦੀ ਸਫਾਈ ਨਾ ਕਰਵਾਉਣ ਕਰਕੇ ਪਿੰਡ ਦਾ ਗੰਦਾ ਪਾਣੀ ਵੇਈਂ ਕੰਢੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਜਮ੍ਹਾ ਹੋਣ ਲੱਗ ਪਿਆ, ਜਿਸ ਨੇ ਇਕ ਵਿਸ਼ਾਲ ਛੱਪੜ ਦਾ ਰੂਪ ਧਰਾਨ ਕਰ ਲਿਆ। ਇਸੇ ਸਕੂਲ ਦੇ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਅਤੇ ਅਧਿਆਪਕ ਵੀ ਇਸ ਦੀ ਮਾਰ ਝੱਲ ਰਹੇ ਹਨ। 
ਇਸ ਬਾਰੇ ਪਿੰਡ ਦੇ ਮੁਖਤਿਆਰ ਸਿੰਘ ਸਰਪੰਚ ਨੇ ਕਿਹਾ ਕਿ ਪਾਈਪਾਂ ਵਿਚ ਪੱਕੇ ਤੌਰ 'ਤੇ ਲੋਹੇ ਦੀ ਤਾਰ ਪਾਈ ਹੋਈ ਹੈ, ਜਿਸ ਨੂੰ ਟਰੈਕਟਰਾਂ ਨਾਲ ਅੱਗੇ-ਪਿੱਛੇ ਕਰਕੇ ਸਫਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਝੋਨੇ ਦੇ ਸੀਜ਼ਨ ਕਰਕੇ ਸਫਾਈ ਨਹੀਂ ਕਰਵਾਈ ਜਾ ਸਕੀ। ਛੇਤੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਜਦਕਿ ਪਿੰਡ ਵਾਸੀਆਂ ਦਾ ਕਹਿਣਾ ਕਿ ਅਸੀਂ ਡਰੇਨਜ਼ ਵਿਭਾਗ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਪਰ ਵਿਭਾਗ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ। ਹਰ ਵਾਰ ਅਸੀਂ ਕੋਲੋਂ ਪੈਸੇ ਖਰਚ ਕਰਕੇ ਸਫਾਈ ਕਰਦੇ ਹਾਂ।


Related News