ਖਹਿਰਾ ਦੀ ਸੁਖਬੀਰ ਬਾਦਲ ਨੂੰ ਚੁਣੌਤੀ : ਕੀ ਡਰੱਗ ਮਾਮਲੇ ''ਚ ਅਕਾਲੀ ਆਗੂ ਕੋਲੋਂ ਅਸਤੀਫਾ ਮੰਗਣ ਦੀ ਹਿੰਮਤ ਕਰੋਗੇ

11/09/2017 5:20:23 AM

ਚੰਡੀਗੜ੍ਹ  (ਸ਼ਰਮਾ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਫਾਜ਼ਿਲਕਾ ਜ਼ਿਲਾ ਅਦਾਲਤ ਵਲੋਂ ਸੰਮਨ ਜਾਰੀ ਕਰਨ ਨਾਲ ਸੁਰਖੀਆਂ 'ਚ ਆਏ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਇਕ ਅਕਾਲੀ ਆਗੂ ਵਿਰੁੱਧ ਡਰੱਗਸ ਮਾਮਲੇ 'ਚ ਕੌਮਾਂਤਰੀ ਗਿਰੋਹ ਨਾਲ ਸਬੰਧ ਹੋਣ ਦੇ ਲੋੜੀਂਦੇ ਸਬੂਤ ਮਿਲਣ ਦੇ ਬਾਅਦ ਕੀ ਉਹ ਅਕਾਲੀ ਦਲ ਤੇ ਉਨ੍ਹਾਂ ਦੇ ਸਾਥੀ ਉਸਦੇ ਦੇ ਘਰ ਦੇ ਬਾਹਰ ਧਰਨਾ ਦੇਣ ਜਾਂ ਉਨ੍ਹਾਂ ਦਾ ਅਸਤੀਫਾ ਮੰਗਣ ਦੀ ਹਿੰਮਤ ਕਰਨਗੇ? ਖਹਿਰਾ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਖਹਿਰਾ ਨੇ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਲੋਂ ਬੀਤੇ ਦਿਨੀਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਦਿੱਤੇ ਗਏ ਤੱਥਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਕਤ ਪਟੀਸ਼ਨ 'ਚ ਕੋਰਟ ਤੋਂ ਮੰਗ ਕੀਤੀ ਗਈ ਕਿ ਕੌਮਾਂਤਰੀ ਡਰੱਗ ਮਾਫੀਆ ਦੇ ਮਾਮਲੇ ਜਾਂਚ ਅਧਿਕਾਰੀ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਤੋਂ ਇਸ ਗੱਲ ਦੀ ਸਟੇਟਸ ਰਿਪੋਰਟ ਤਲਬ ਕੀਤੀ ਜਾਏ ਕਿ ਉਨ੍ਹਾਂ ਨੇ ਜਾਂਚ ਦੌਰਾਨ ਮੁਲਜ਼ਮ ਜਗਜੀਤ ਸਿੰਘ ਚਾਹਲ, ਜਗਦੀਸ਼ ਭੋਲਾ ਤੇ ਮਨਜਿੰਦਰ ਸਿੰਘ ਔਲਖ ਵਲੋਂ ਉਪਰੋਕਤ ਅਕਾਲੀ ਆਗੂ ਦੇ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਦਿੱਤੇ ਗਏ ਬਿਆਨਾਂ 'ਤੇ ਕੀ ਕਾਰਵਾਈ ਕੀਤੀ ਹੈ।
ਖਹਿਰਾ ਨੇ ਪਟੀਸ਼ਨ ਨਾਲ ਲਾਏ ਗਏ ਜਗਜੀਤ ਸਿੰਘ ਚਾਹਲ ਦੇ ਜਾਂਚ ਦੌਰਾਨ ਦਿੱਤੇ ਗਏ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਬਿਆਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਅਕਾਲੀ ਆਗੂ ਦੇ ਕੌਮਾਂਤਰੀ ਡਰੱਗ ਸਮੱਗਲਰਾਂ ਨਾਲ ਸਬੰਧ ਸਨ ਤੇ ਚਾਹਲ ਨੇ ਤਾਂ ਇੱਥੋਂ ਤਕ ਕਬੂਲਿਆ ਹੈ ਕਿ ਉਨ੍ਹਾਂ ਨੇ ਉਸ ਨੂੰ ਚੋਣ ਫੰਡ ਵੀ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਸਿਰਫ ਉਨ੍ਹਾਂ ਦੀ ਕਾਲ ਡਿਟੇਲ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਘਰ ਦੇ ਬਾਹਰ ਧਰਨਾ ਦੇਣ ਵਾਲੇ ਅਕਾਲੀ ਕੀ ਹੁਣ ਆਪਣਿਆਂ ਦੇ ਘਰ ਦੇ ਬਾਹਰ ਵੀ ਧਰਨਾ ਦੇ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰਨਗੇ?


Related News