ਸ਼੍ਰੋਮਣੀ ਅਕਾਲੀ ਦਲ ਲਿਆਵੇਗਾ ਸਰਹੱਦੀ ਖੇਤਰ ਲਈ ਵਿਸ਼ੇਸ਼ ਸਨਅਤੀ ਨੀਤੀ : ਸੁਖਬੀਰ ਬਾਦਲ

05/30/2024 12:51:24 PM

ਅੰਮ੍ਰਿਤਸਰ (ਛੀਨਾ)- ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਚੋਣ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ। ਇਸ ਭਾਰੀ ਹਮਾਇਤ ਦੀ ਇਕ ਮਿਸਾਲ ਅੰਮ੍ਰਿਤਸਰ ਵਿਚ ਦੇਖਣ ਨੂੰ ਮਿਲੀ, ਜਦੋਂ ਅੰਮ੍ਰਿਤਸਰ ਦੇ 9 ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਤੇਜ਼ ਗਰਮੀ ਵਿਚ ਪੂਰੇ ਜੋਸ਼ੋ-ਖਰੋਸ਼ ਨਾਲ ਰੋਡ ਸ਼ੋਅ ਕੱਢਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਸਮਰਥਨ ਵਿਚ ਵਿਸ਼ਾਲ ਇਤਿਹਾਸਕ ਰੋਡ ਸ਼ੋਅ ਕੱਢਿਆ ਗਿਆ, ਜੋ ਕਿਸੇ ਜੇਤੂ ਰੈਲੀ ਤੋਂ ਘੱਟ ਨਹੀਂ ਜਾਪਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਗੁਰੂ ਨਗਰੀ’ ਦੇ ਨਾਲ-ਨਾਲ ਇਸ ਸੰਸਦੀ ਹਲਕੇ ਦੇ ਵੋਟਰਾਂ ਨੂੰ ਅਕਾਲੀ ਦਲ ਦਾ ਸਮੱਰਥਨ ਕਰਨ ਦੀ ਅਪੀਲ ਕਰਦਿਆਂ ਅੰਮ੍ਰਿਤਸਰ ਦੀ ਨੁਹਾਰ ਬਦਲਣ ਅਤੇ ਇਸ ਨੂੰ ਸੈਰ-ਸਪਾਟਾ ਕੇਂਦਰ ਬਣਾਉਣ ਦਾ ਸਿਹਰਾ ਪਾਰਟੀ ਨੂੰ ਦਿੱਤਾ। ਸੁਖਬੀਰ ਬਾਦਲ ਨੇ ਸੂਬੇ ਵਿਚ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਨਾਲ ਵਪਾਰ ਅਤੇ ਸਰਹੱਦੀ ਖੇਤਰ ਲਈ ਵਿਸ਼ੇਸ਼ ਉਦਯੋਗਿਕ ਨੀਤੀ ਦਾ ਵਾਅਦਾ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਣ ਅਤੇ ਸਵਾਗਤ ਕਰਨ ਲਈ ਹਜ਼ਾਰਾਂ ਲੋਕ ਸੜਕਾਂ ’ਤੇ ਆ ਗਏ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਟਰੱਕ ’ਤੇ ਚੜ੍ਹ ਕੇ ਉਨ੍ਹਾਂ ਨੂੰ ਹਾਰ ਪਹਿਨਾਏ ਅਤੇ ਉਨ੍ਹਾਂ ’ਤੇ ਗੁਲਾਬ ਦੀਆਂ ਪੱਤੀਆਂ ਅਤੇ ਫੁੱਲਾਂ ਦੀ ਵਰਖਾ ਕੀਤੀ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਸ਼ਹਿਰ ਦੀ ਪੂਰੀ ਚਾਰਦੀਵਾਰੀ ਨੂੰ ਦੇਵਾਂਗੇ ਵਿਰਾਸਤੀ ਦਿਖ

ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਗੁਰੂ ਨਗਰੀ ਲਈ ਧੜਕਦਾ ਹੈ, ਇਸ ਲਈ ਅਸੀਂ ਵਿਰਾਸਤੀ ਮਾਰਗ ਬਣਾ ਕੇ ਇਸ ਦਾ ਸੁੰਦਰੀਕਰਨ ਕੀਤਾ ਹੈ, ਜਿਸ ਨਾਲ ਸ਼ਹਿਰ ਦੇ ਅੰਦਰਲੇ ਹਿੱਸੇ ਦਾ ਵਿਕਾਸ ਹੋਇਆ ਹੈ ਅਤੇ ਸੈਰ-ਸਪਾਟਾ ਗਤੀਵਿਧੀਆਂ ਨੂੰ ਵੀ ਪ੍ਰਫੁੱਲਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪਲਾਜ਼ਾ ਵੀ ਵਿਕਸਤ ਕੀਤਾ ਹੈ ਅਤੇ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਨੂੰ ਵੀ ਸੁੰਦਰ ਬਣਾਇਆ ਹੈ। ਸ਼ਹਿਰ ਵਿਚ ਸਾਡਾ ਪਿੰਡ ਅਤੇ ਪਾਰਟੀਸ਼ਨ ਮਿਊਜ਼ੀਅਮ ਵਰਗੇ ਸੈਰ ਸਪਾਟਾ ਪ੍ਰਾਜੈਕਟ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੀ ਯੋਗਦਾਨ ਹੈ।

ਸੱਤਾ ਵਿਚ ਆਉਣ ’ਤੇ ਉਹ ਸ਼ਹਿਰ ਦੀ ਸਾਰੀ ਚਾਰਦੀਵਾਰੀ ਨੂੰ ਵਿਰਾਸਤੀ ਇਮਾਰਤ ਵਿਚ ਬਦਲਣ ਲਈ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਵਚਨਬੱਧ ਹੈ। ਉਹ ਵਪਾਰ ਨੂੰ ਹੁਲਾਰਾ ਦੇਣ ਲਈ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਕਰਨਗੇ ਅਤੇ ਸਰਹੱਦੀ ਖੇਤਰ ਵਿੱਚ ਵਿਸ਼ੇਸ਼ ਉਦਯੋਗਿਕ ਨੀਤੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਦੇਖੋ, ਅੰਮ੍ਰਿਤਸਰ ਸਿਆਸੀ ਬੇਰੁਖ਼ੀ ਦਾ ਸ਼ਿਕਾਰ ਹੋ ਗਿਆ ਹੈ, ਇਸ ਪਵਿੱਤਰ ਨਗਰੀ ਲਈ ਨਾ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਤੇ ਨਾ ਹੀ ‘ਆਪ’ ਸਰਕਾਰ ਨੇ ਕੁਝ ਕੀਤਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ, ਜਿਨ੍ਹਾਂ ਵਿਚ ਅਮਨ-ਕਾਨੂੰਨ, ਨਸ਼ਾਖੋਰੀ, ਬੇਰੋਜ਼ਗਾਰੀ, ਮਾੜੇ ਪ੍ਰਸ਼ਾਸਨ ਅਤੇ ਤਰਸਯੋਗ ਨਾਗਰਿਕ ਸਹੂਲਤਾਂ ਬਾਰੇ ਸ਼ਿਕਾਇਤਾਂ ਕੀਤੀਆਂ। ਉਨ੍ਹਾਂ ਅਕਾਲੀ ਦਲ ਨੂੰ ਸਮਰਥਨ ਦੇਣ ਅਤੇ ਅਨਿਲ ਜੋਸ਼ੀ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਿੱਚ ‘ਵਿਕਾਸ ਪੁਰਸ਼’ ਵਜੋਂ ਜਾਣੇ ਜਾਂਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨਾਲ ਵਿਸ਼ਾਲ ਰੋਡ ਸ਼ੋਅ ਦੌਰਾਨ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

3 ਸਾਲ ਪਹਿਲਾਂ ਅਨਿਲ ਜੋਸ਼ੀ ਨੇ ਕਿਸਾਨਾਂ ਲਈ ਲਗਾਇਆ ਸੀ ਆਪਣਾ ਸਿਆਸੀ ਭਵਿੱਖ ਦਾਅ ’ਤੇ 

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਅਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ 35 ਸਾਲਾਂ ਦਾ ਸਿਆਸੀ ਭਵਿੱਖ ਦਾਅ ’ਤੇ ਲਗਾ ਦਿੱਤਾ ਹੈ। 2012 ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਉਦਯੋਗ ਅਤੇ ਤਕਨੀਕੀ ਸਿੱਖਿਆ ਮੰਤਰੀ ਬਣਾਇਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਆਪਣੇ ਹਲਕੇ ਦਾ ਵਿਕਾਸ ਕੀਤਾ ਸਗੋਂ ਅੰਮ੍ਰਿਤਸਰ ਵਿਚ ਆਈ. ਆਈ. ਐੱਮ. ਵਰਗੇ ਪ੍ਰਾਜੈਕਟ ਲਿਆਉਣ ਵਿਚ ਵੀ ਕਾਮਯਾਬ ਰਹੇ। ਭਾਵੇਂ ਉਹ 2017 ਦੀਆਂ ਚੋਣਾਂ ਹਾਰ ਗਏ ਸਨ ਪਰ ਫਿਰ ਵੀ ਉਹ ਆਮ ਲੋਕਾਂ ਨਾਲ ਜੁੜੇ ਰਹੇ ਅਤੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਦਾ ਹਿੱਸਾ ਬਣ ਕੇ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ ਕਰਦੇ ਰਹੇ। ਇਸੇ ਦੌਰਾਨ ਜੁਲਾਈ 2021 ਦੇ ਕਿਸਾਨ ਅੰਦੋਲਨ ਦੌਰਾਨ ਜਦੋਂ ਉਨ੍ਹਾਂ ਨੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਤਾਂ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਪਰ ਅਨਿਲ ਜੋਸ਼ੀ ਨੇ ਫਿਰ ਵੀ ਹਾਰ ਨਹੀਂ ਮੰਨੀ, ਸਗੋਂ ਉਹ ਕਿਸਾਨ ਦੇ ਹਿੱਤਾਂ ਲਈ ਹਰ ਜਗ੍ਹਾ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਅਨਿਲ ਜੋਸ਼ੀ ਨੇ ਕਿਹਾ ਕਿ ਉਹ ਪੰਜਾਬ ਦੇ ਪੇਂਡੂ ਪਿਛੋਕੜ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News