ਫਤਿਹਵੀਰ ਦੀ ਮੌਤ ਲਈ ਨਿਕੰਮਾ ਹੋ ਚੁੱਕਾ ਸਿਸਟਮ ਤੇ ਸਰਕਾਰ ਦੀ ਨਾਲਾਇਕੀ ਜ਼ਿੰਮੇਵਾਰ : ਖਹਿਰਾ
Thursday, Jun 13, 2019 - 01:53 PM (IST)
ਖਡੂਰ ਸਾਹਿਬ (ਗਿੱਲ) : ਬੀਤੇ ਦਿਨੀਂ ਸੰਗਰੂਰ ਜ਼ਿਲੇ 'ਚ ਖੁੱਲ੍ਹੇ ਬੋਰਵੈੱਲ 'ਚ ਦੋ ਸਾਲਾ ਫਤਿਹਵੀਰ ਸਿੰਘ ਖੇਡਦਾ ਹੋਇਆ ਡਿੱਗ ਪਿਆ ਸੀ। ਜਿਸ ਕਾਰਨ ਮਾਪਿਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪਰ ਸਿਰਫ 120 ਫੁੱਟ ਡੂੰਘੇ ਬੋਰਵੈੱਲ ਤੱਕ ਛੇ ਦਿਨਾਂ 'ਚ ਸੈਂਕੜੇ ਕਰਮਚਾਰੀ ਨਾ ਪਹੁੰਚ ਸਕੇ ਅਤੇ ਨਾ ਹੀ ਸਰਕਾਰ ਨੇ ਕੋਈ ਗੰਭੀਰਤਾ ਵਿਖਾਈ ਜਿਸ ਕਾਰਨ ਆਖਿਰ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਲਈ ਨਿਕੰਮਾ ਹੋ ਚੁੱਕਾ ਸਿਸਟਮ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਵਲੋਂ ਕੋਈ ਵੀ ਮਸ਼ੀਨ ਇਸਤੇਮਾਲ ਕਰਨ ਦੀ ਥਾਂ ਜੁਗਾੜ ਲਾ ਕੇ ਡੰਗ ਟਪਾਇਆ ਜਾਂਦਾ ਰਿਹਾ ਅਤੇ ਨਾ ਹੀ ਅਧਿਕਾਰੀਆਂ ਨੇ ਕਿਸੇ ਆਮ ਵਿਅਕਤੀ ਨੂੰ ਬੱਚੇ ਨੂੰ ਕੱਢਣ ਦੀ ਇਜ਼ਾਜਤ ਹੀ ਦਿੱਤੀ। ਇਹ ਸ਼ਬਦ ਲੋਕ ਇਨਸਾਫ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਅਤੇ ਅਫਸਰਸ਼ਾਹੀ ਆਮ ਕੰਮਾਂ ਵਿਚ ਡੰਗ ਟਪਾਊ ਨੀਤੀ ਅਪਣਾਉਂਦੇ ਹਨ ਉਸੇ ਤਰ੍ਹਾਂ ਇਸ ਮਾਸੂਮ ਬੱਚੇ ਲਈ ਵੀ ਨਿਭਾਉਂਦੇ ਰਹੇ ਅਤੇ ਕਿਸੇ ਨੇ ਵੀ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਦੀ ਪੋਲ ਖੁੱਲ੍ਹਦੀ ਹੈ ਅਤੇ ਵਿਕਾਸ ਦੇ ਦਾਵਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਮਾਸੂਮ ਫਤਿਹਵੀਰ ਦੀ ਮੌਤ ਲਈ ਜ਼ਿਲੇ ਦੇ ਡੀ.ਸੀ. ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੜ ਚੁੱਕੇ ਸਿਸਟਮ ਤੋਂ ਆਪਣੇ ਆਪ ਨੂੰ ਬਚਾਉਣ ਲਈ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਅਤੇ ਨਵੇਂ ਬਦਲਾਅ ਲਈ ਲਾਮਬੰਦੀ ਕੀਤੀ ਜਾਵੇ।