31 ਦਸੰਬਰ ਨੂੰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪਟਿਆਲਾ 'ਚ ਸ਼ਾਂਤੀ ਮਾਰਚ ਦੀ ਕਰਨਗੇ ਅਗਵਾਈ

Tuesday, Dec 28, 2021 - 01:34 PM (IST)

31 ਦਸੰਬਰ ਨੂੰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪਟਿਆਲਾ 'ਚ ਸ਼ਾਂਤੀ ਮਾਰਚ ਦੀ ਕਰਨਗੇ ਅਗਵਾਈ

ਸੰਗਰੂਰ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 31 ਦਸੰਬਰ ਨੂੰ ਪੰਜਾਬ ਆਉਣਗੇ ਅਤੇ ਪਟਿਆਲਾ ’ਚ ਸ਼ਾਂਤੀ ਮਾਰਚ ਦੀ ਅਗਵਾਈ ਕਰਨਗੇ। ਇਸ ਗੱਲ ਦੀ ਜਾਣਕਾਰੀ ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਸ਼ਾਂਤੀ ਅਤੇ ਭਾਈਚਾਰਿਕ ਇਕਜੁੱਟਤਾ ਨੂੰ ਬਣਾਈ ਰੱਖਣ ਲਈ ਆਮ ਆਦਮੀ ਪਾਰਟੀ ਵਲੋਂ ਕੇਜਰੀਵਾਲ ਦੀ ਅਗਵਾਈ ’ਚ 31 ਦਸੰਬਰ ਨੂੰ ਪਟਿਆਲਾ ਵਿਖੇ ਇਹ ਸ਼ਾਂਤੀ ਮਾਰਚ ਕੱਢਿਆ ਜਾਵੇਗਾ। 

ਇਹ ਵੀ ਪੜ੍ਹੋ :  ਰਾਜਾ ਵੜਿੰਗ ਦੇ ਵੱਡੇ ਇਲਜ਼ਾਮ, ਟੈਕਸ ਚੋਰੀ ਕਰ ਰਹੀਆਂ ਨੇ ਬਾਦਲਾਂ ਦੀਆਂ ਏਅਰਪੋਰਟ ਨੂੰ ਜਾਂਦੀਆਂ ਬੱਸਾਂ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਦੇ ਮੱਦੇਨਜ਼ਰ ਬਹੁਤ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।ਪਿਛਲੇ ਦਿਨੀਂ ਲੁਧਿਆਣਾ ਕੋਰਟ ’ਚ ਧਮਾਕਾ ਵੀ ਹੋਇਆ ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਿਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ’ਚ ਸਭ ਧਰਮਾਂ ਦੇ ਲੋਕ ਹਿੰਦੂ, ਸਿੱਖ, ਈਸਾਈ ਜਾਂ ਮੁਸਲਮਾਨ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ। ਸਭ ਧਰਮਾਂ ਦੋ ਲੋਕਾਂ ਨੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖਿਆ ਹੋਇਆ ਹੈ।ਭਗਵੰਤ ਮਾਨ ਨੇ ਕਿਹਾ ਕਿ ਇਸ ਇਕਜੁੱਟਤਾ ਨੂੰ ਬਣਾਈ ਰੱਖਣ ਅਤੇ ਪੰਜਾਬ ’ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਆਮ ਆਦਮੀ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ 31 ਦਸੰਬਰ ਨੂੰ ਪੰਜਾਬ ਦੇ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ :  ਨਵੇਂ ਸਾਲ 'ਤੇ ਬਦਲੇਗਾ ਪੰਜਾਬ ਦਾ ਚੋਣ ਅਖਾੜਾ, PM ਮੋਦੀ ਕਰ ਸਕਦੇ ਨੇ ਵੱਡੇ ਐਲਾਨ

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਪਾਰਟੀ ਉਮੀਦਵਾਰਾਂ ਦੇ ਨਾਵਾਂ ਵਾਲੀ ਪੰਜਵੀਂ ਸੂਚੀ ਵੀ ਜਾਰੀ ਕਰ ਦਿੱਤੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇਸ ਸੂਚੀ ਵਿਚ 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।ਇਸ ਸੂਚੀ ਤਹਿਤ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਰਾਜਾਸੰਸੀ ਤੋਂ ਬਲਦੇਵ ਸਿੰਘ ਮਿਆਦੀਆਂ, ਕਪੂਰਥਲਾ ਤੋਂ ਮੰਜੂ ਰਾਣਾ, ਸ਼ਾਹਕੋਟ ਤੋਂ ਰਤਨ ਸਿੰਘ ਕਾਕੜਕਲਾਂ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੂਰਾਲ, ਆਦਮਪੁਰ ਤੋਂ ਜੀਤ ਸਿੰਘ ਭੱਟੀ, ਬੰਗਾ ਤੋਂ ਕੁਲਜੀਤ ਸਿੰਘ ਸਰਹਾਲ, ਸ੍ਰੀ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ, ਐੱਸ. ਏ. ਐੱਸ. ਨਗਰ ਤੋਂ ਕੁਲਵੰਤ ਸਿੰਘ, ਬੱਸੀ ਪਠਾਣਾ ਤੋਂ ਰੁਪਿੰਦਰ ਸਿੰਘ ਹੈੱਪੀ, ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ ਛੀਨਾ, ਫਿਰੋਜ਼ਪੁਰ ਸ਼ਹਿਰੀ ਤੋਂ ਰਣਵੀਰ ਸਿੰਘ ਭੁੱਲਰ, ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ, ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਣਮਾਜਰਾ ਅਤੇ ਨਾਭਾ ਤੋਂ ਗੁਰਦੇਵ ਸਿੰਘ ਦੇਵ ਮਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਤਕ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ 88 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Harnek Seechewal

Content Editor

Related News