ਨਵਜੋਤ ਸਿੱਧੂ ਦੇ ''ਭੀਖ'' ਵਾਲੇ ਬਿਆਨ ''ਤੇ ਕੇਜਰੀਵਾਲ ਦਾ ਪਲਟਵਾਰ, ਬਾਦਲ-ਕੈਪਟਨ ''ਤੇ ਵੀ ਚੁੱਕੇ ਸਵਾਲ
Saturday, Dec 18, 2021 - 06:15 PM (IST)
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਦੇ 'ਭੀਖ' ਵਾਲੇ ਬਿਆਨ 'ਤੇ ਪਲਟਵਾਰ ਕਰਦਿਆਂ ਵੱਡੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਟੀ. ਵੀ. ਅਤੇ ਅਖ਼ਬਾਰ ਵਾਲਿਆਂ ਨੇ ਤੁਹਾਡੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਰੇਤਾ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਰੇਤ ਮਾਫ਼ੀਆ ਨਾਲ ਸੰਬੰਧ ਹੋਣ ਕਰਕੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਬਾਦਲ ਜੀ ਅਤੇ ਕੈਪਟਨ ਸਾਬ੍ਹ ਦੋਵੇਂ ਇਸ ’ਤੇ ਚੁੱਪ ਹਨ। ਤੁਸੀਂ ਵੀ ਚੁੱਪ ਹੋ। ਕਿਉਂ? ਮੁੱਖ ਮੰਤਰੀ ਚੰਨੀ ਤੋਂ ਲੈ ਕੇ ਹੇਠਾਂ ਤੱਕ ਰੇਤਾ ਚੋਰੀ ਹੋ ਰਹੀ ਹੈ। ਜੇਕਰ ਰੇਤਾ ਚੋਰੀ ਨੂੰ ਰੋਕਿਆ ਜਾਵੇ ਤਾਂ 20 ਹਜ਼ਾਰ ਕਰੋੜ ਰੁਪਏ ਆਉਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ
ਦਰਅਸਲ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ 'ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਸੀ ਕਿ ਇਨ੍ਹਾਂ ਨੂੰ ਪੂਰੀਆਂ ਕਰਨ ਲਈ ਪੈਸਾ ਕਿੱਥੋਂ ਆਵੇਗਾ।ਸਿੱਧੂ ਨੇ ਕੇਜਰੀਵਾਲ ਨੂੰ ਮਿਹਣਾ ਮਾਰਦਿਆਂ ਕਿਹਾ ਸੀ ਕਿ ਲੋਕਾਂ ਨੂੰ ਮੂਰਖ ਨਾ ਬਣਾਓ।ਪੰਜਾਬੀਆਂ ਨੂੰ ਰੁਜ਼ਗਾਰ ਚਾਹੀਦਾ ਹੈ ਨਾ ਕਿ ਭੀਖ। ਸਿੱਧੂ ਨੇ ਆਪਣੇ ਪੰਜਾਬ ਮਾਡਲ ਨੂੰ ਮਿਸਾਲੀ ਦੱਸਦਿਆਂ ਕਿਹਾ ਸੀ ਕਿ ਇਹੀ ਇੱਕੋ-ਇੱਕ ਮਾਡਲ ਹੈ ਜੋ ਪੰਜਾਬੀਆਂ ਨੂੰ ਰੁਜ਼ਗਾਰ ਤੇ ਵਿਕਾਸ ਦੇ ਮੌਕੇ ਦੇ ਸਕਦਾ ਹੈ। ਅੱਜ ਸਿੱਧੂ ਦੇ ਉਸ ਟਵੀਟ ਨੂੰ ਰੀਟਵੀਟ ਕਰਦਿਆਂ ਕੇਜਰੀਵਾਲ ਨੇ ਰੇਤਾ ਚੋਰੀ ਰੋਕ ਕੇ 20 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਖ਼ਜ਼ਾਨੇ ਵਿੱਚ ਆਉਣ ਦਾ ਦਾਅਵਾ ਕੀਤਾ ਹੈ ਅਤੇ ਨਾਲ ਹੀ ਪੰਜਾਬ ਵਿੱਚ ਰੇਤਾ ਦੀ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਬਾਦਲ-ਕੈਪਟਨ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ 'ਆਪ' ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਰੇਡ ਕਰਕੇ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦੇ ਇਲਜ਼ਾਮ ਲਗਾਏ ਸਨ। ਅਗਲੇ ਹੀ ਦਿਨ ਮੁੱਖ ਮੰਤਰੀ ਚੰਨੀ ਨੇ ਇਕ ਹੋਰ ਰੇਤ ਦੀ ਖੱਡ 'ਤੇ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਕਿਤੇ ਵੀ ਰੇਤਾ ਚੋਰੀ ਨਹੀਂ ਹੋ ਰਹੀ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ 'ਆਪ' ਵੱਲੋਂ ਮੁੱਦੇ ਨੂੰ ਬੇਵਜ੍ਹਾ ਉਠਾਇਆ ਜਾ ਰਿਹਾ ਹੈ ਪੰਜਾਬ ਵਿੱਚ ਰੇਤ ਸਰਕਾਰੀ ਹੁਕਮਾਂ ਅਨੁਸਾਰ ਤੈਅ ਰੇਟ 'ਤੇ ਹੀ ਮਿਲ ਰਹੀ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਨੇ ਸ਼ੁਰੂ ਕੀਤਾ 'ਮਿਸ਼ਨ ਨਵਾਂ ਅਤੇ ਸੁਨਹਿਰਾ ਪੰਜਾਬ', ਮਿਸ ਕਾਲ ਜ਼ਰੀਏ ਜੁੜ ਸਕਦੇ ਨੇ ਲੋਕ
ਨੋਟ : ਕੇਜਰੀਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ