ਦਿੱਲੀ ’ਚ ਕੇਜਰੀਵਾਲ ’ਤੇ ਲੱਗਣ ਲੱਗੇ ਸਿੱਖ ਵਿਰੋਧੀ ਹੋਣ ਦੇ ਇਲਜ਼ਾਮ
Wednesday, Feb 05, 2020 - 11:27 PM (IST)
ਜਲੰਧਰ (ਬੁਲੰਦ)-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਵਿਰੋਧੀ ਪਾਰਟੀਆਂ ਦੇ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੱਡਾ ਮੁੱਦਾ ਨਾ ਹੋਵੇ ਪਰ ਸਿੱਖ ਸਮਾਜ ਵਿਚ 'ਆਪ' ਅਤੇ ਅਰਵਿੰਦ ਕੇਜਰੀਵਾਲ ਪ੍ਰਤੀ ਗੁੱਸਾ ਦੇਖਿਆ ਜਾ ਰਿਹਾ ਹੈ। ਮਾਮਲੇ ਬਾਰੇ ਦਿੱਲੀ ਦੇ ਸਿੱਖ ਨੇਤਾਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਸਿੱਖਾਂÂ ਲਈ ਕੁਝ ਨਹੀਂ ਕੀਤਾ ਸਗੋਂ ਸਿੱਖਾਂ ਦੇ ਹੱਕ ਖੋਹੇ ਹੀ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ’ਤੇ ਆਰ. ਐੱਸ. ਐੱਸ. ਦਾ ਸਾਇਆ ਹੈ ਜਿਸ ਕਾਰਣ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਕਾਂਗਰਸ ਦੇ ਸਿਰ ਪਹਿਲਾਂ ਹੀ ਸਿੱਖ ਵਿਰੋਧੀ ਹੋਣ ਦਾ ਇਲਜ਼ਾਮ ਹੈ, ਜੋ ਇਕ ਆਮ ਆਦਮੀ ਪਾਰਟੀ ਬਚੀ ਸੀ। ਉਸ ਤੋਂ ਸਿੱਖਾਂ ਨੂੰ ਆਸ ਸੀ ਕਿ ਉਹ ਸਿੱਖਾਂ ਦੇ ਹੱਕਾਂ ਦਾ ਖਿਆਲ ਰੱਖੇਗੀ ਪਰ 'ਆਪ' ਰਵਾਇਤੀ ਪਾਰਟੀਆਂ ਤੋਂ ਦੋ ਕਦਮ ਅੱਗੇ ਜਾ ਰਹੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖ ਸਿਆਸਤਦਾਨਾਂ ਨੇ ਦੱਸਿਆ ਕਿ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਇਸ ਗੱਲ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਦਿੱਲੀ ਵਿਚ ਸਿੱਖਾਂ ਦੀਆਂ 4 ਸੀਟਾਂ ਤਾਂ ਪੱਕੀਆਂ ਸਨ ਜਿਨ੍ਹਾਂ 'ਤੇ ਉਹ ਵਿਧਾਨ ਸਭਾ ਚੋਣਾਂ ਲੜਦੇ ਸਨ ਪਰ 'ਆਪ' ਨੇ ਸਿੱਖਾਂ ਨਾਲ ਧੋਖਾ ਕਰਦੇ ਹੋਏ 4 ਵਿਚੋਂ 2 ਸੀਟਾਂ 'ਤੇ ਸਿੱਖ ਉਮੀਦਵਾਰਾਂ ਤੋਂ ਉਨ੍ਹਾਂ ਦਾ ਹੱਕ ਖੋਹ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਿੱਖ ਨੇਤਾਵਾਂ ਨੇ ਦੱਸਿਆ ਕਿ ਦਿੱਲੀ ’ਚ 'ਆਪ' ਨੇ ਸਿਰਫ 2 ਸੀਟਾਂ ਤਿਲਕ ਨਗਰ ਤੋਂ ਜਰਨੈਲ ਸਿੰਘ ਅਤੇ ਚਾਂਦਨੀ ਚੌਕ ਤੋਂ ਪ੍ਰਹਲਾਦ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਭਾਜਪਾ ਨੇ 4 ਸੀਟਾਂ ਰਜਿੰਦਰ ਨਗਰ ਤੋਂ ਆਰ. ਪੀ. ਸਿੰਘ, ਕਿੰਗਜ਼ ਵੇ ਕੈਂਪ ਤੋਂ ਸੁਰਿੰਦਰ ਸਿੰਘ ਬਿੱਟੂ, ਜੰਗਪੁਰਾ ਤੋਂ ਇਨਪ੍ਰੀਤ ਬਖਸ਼ੀ, ਹਰੀਨਗਰ ਤੋਂ ਤਜਿੰਦਰ ਬੱਗਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਂਗਰਸ ਨੇ ਸਭ ਤੋਂ ਜ਼ਿਆਦਾ 5 ਸੀਟਾਂ 'ਤੇ ਸਿੱਖ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ।
ਇਨ੍ਹਾਂ ਵਿਚ ਅਰਵਿੰਦ ਲਵਲੀ ਅਤੇ ਗੁਰਬਿੰਦਰ ਰਾਜੂ ਯਮੁਨਾ ਪਾਰ ਤੋਂ, ਤਰਵਿੰਦਰ ਮਰਵਾਹਾ ਜੰਗਪੁਰਾ ਤੋਂ, ਅਮਨਦੀਪ ਸੂਦਨ ਰਾਜੌਰੀ ਗਾਰਡਨ ਤੇ ਰਵਿੰਦਰ ਸਵੀਟਾ ਨੂੰ ਵਿਕਾਸਪੁਰੀ ਤੋਂ ਮੈਦਾਨ ਵਿਚ ਉਤਾਰਿਆ ਹੈ। ਇਸ ਬਾਰੇ ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਅਤੇ ਸਿੱਖ ਨੇਤਾ ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ 'ਆਪ' ਚਾਹੇ ਜੋ ਮਰਜ਼ੀ ਡਰਾਮੇ ਕਰੇ ਪਰ ਉਸ ਦਾ ਸਿੱਖ ਵਿਰੋਧੀ ਚਿਹਰਾ ਕਿਸੇ ਤੋਂ ਲੁਕਿਆ ਨਹੀਂ ਹੈ। 4 ਸਿੱਖ ਸੀਟਾਂ ਨੂੰ ਘੱਟ ਕਰ ਕੇ 2 ਕਰਨਾ, ਫਰਜ਼ੀ ਐੱਸ. ਆਈ. ਟੀ. ਬਣਾ ਕੇ ਸਿੱਖਾਂ ਨੂੰ ਨਿਆਂ ਦਿਵਾਉਣ ਦਾ ਵਾਅਦਾ ਕਰ ਕੇ ਮੁੱਕਰ ਜਾਣਾ, 1100 ਪੰਜਾਬੀ ਅਧਿਆਪਕ ਦਿੱਲੀ ਵਿਚ ਭਰਤੀ ਕਰਨ ਦਾ ਦਾਅਵਾ ਕਰ ਕੇ ਭੁੱਲ ਜਾਣਾ, ਵਿਡੋ ਕਾਲੋਨੀ ਦੇ ਵਾਸੀਆਂ ਨੂੰ ਮਾਲਕੀ ਹੱਕ ਦੇਣ ਦਾ ਵਾਅਵਾ ਕਰ ਕੇ ਮੁੱਕਰ ਜਾਣਾ ਤੇ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੰਗਾ ਪੀੜਤ ਸਿੱਖਾਂ ਲਈ ਐਲਾਨ ਕੀਤੇ ਗਏ 764 ਕਰੋੜ ਦੇ ਪੈਕੇਜ ਵਿਚੋਂ ਇਕ ਪਾਈ ਵੀ ਸਿੱਖਾਂ ਨੂੰ ਨਾ ਦੇਣਾ ਸਾਬਤ ਕਰਦਾ ਹੈ ਕਿ ਕੇਜਰੀਵਾਲ ਦੀ ਸਿੱਖਾਂ ਪ੍ਰਤੀ ਕੀ ਸੋਚ ਹੈ। ਓਧਰ ਮਾਮਲੇ ਬਾਰੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।