ਅਦਾਕਾਰਾ ਕੈਟਰੀਨਾ ਕੈਫ ਬਣੇਗੀ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ, 9 ਦਸੰਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ
Wednesday, Dec 08, 2021 - 06:11 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਨਾਲ ਸੰਬੰਧਿਤ ਮੋਹਰੀ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੀ ਨੂੰਹ ਬਣਨ ਜਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਸ਼ਾਮ ਕੌਸ਼ਲ ਦੇ ਵੱਡੇ ਪੁੱਤਰ ਵਿੱਕੀ ਕੌਸ਼ਲ ਨਾਲ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਦੇ ਬਰਵਾਰੇ ਕਿਲ੍ਹੇ ਦੇ 7 ਸਟਾਰ ਰਿਜ਼ੋਰਟ ਸਿਕਸ ਸੈਂਸ 'ਚ ਹੋ ਰਿਹਾ ਹੈ। ਹਾਲਾਂਕਿ ਮਿਰਜ਼ਾਪੁਰ 'ਚ ਰਹਿਣ ਵਾਲੇ ਕੌਸ਼ਲ ਪਰਿਵਾਰ ਦੇ ਮੈਂਬਰਾਂ ਨੇ ਮੀਡੀਆ ਸਾਹਮਣੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)
ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਿਆਹ ਨੂੰ ਲੈ ਕੇ ਰਾਜਸਥਾਨ 'ਚ ਚੱਲ ਰਹੀਆਂ ਤਿਆਰੀਆਂ ਦੀ ਖ਼ਬਰ ਤੋਂ ਇੱਥੋਂ ਦੇ ਕੌਸ਼ਲ ਪਰਿਵਾਰ ਦੇ ਜਾਣਕਾਰ ਖੁਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਕੌਸ਼ਲ ਦਾ ਚਾਚਾ ਅੱਜ ਸਵੇਰੇ ਪਰਿਵਾਰ ਸਮੇਤ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਹੈ। ਬਾਲੀਵੁੱਡ 'ਚ ਕਈ ਵੱਕਾਰੀ ਐਵਾਰਡ ਜਿੱਤ ਚੁੱਕੇ ਸ਼ਾਮ ਕੌਸ਼ਲ ਅਤੇ ਉਨ੍ਹਾਂ ਦੇ ਦੋ ਪੁੱਤਰ ਵਿੱਕੀ ਕੌਸ਼ਲ ਅਤੇ ਸੰਨੀ ਕੌਸ਼ਲ ਨੂੰ ਪੰਜਾਬ ਅਤੇ ਆਪਣੇ ਜੱਦੀ ਪਿੰਡ ਨਾਲ ਬਹੁਤ ਪਿਆਰ ਹੈ ਅਤੇ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਵਿੱਕੀ ਕੌਸ਼ਲ ਸਟਾਰਡਮ ਨੂੰ ਛੱਡ ਕੇ ਆਪਣੇ ਪਿਤਾ ਵਾਂਗ ਪਿੰਡ ਦੇ ਲੋਕਾਂ ਨੂੰ ਆਮ ਪੰਜਾਬੀ ਨੌਜਵਾਨ ਵਾਂਗ ਮਿਲਦੇ ਹਨ। ਵਿੱਕੀ ਕੌਸ਼ਲ ਅਤੇ ਉਨ੍ਹਾਂ ਦੇ ਭਰਾ ਦਾ ਜਨਮ ਭਾਵੇਂ ਮੁੰਬਈ 'ਚ ਹੋਇਆ ਹੋਵੇ ਪਰ ਪੰਜਾਬੀ ਬੋਲੀ ਅਤੇ ਪੰਜਾਬ ਨਾਲ ਰੰਗਿਆ ਹੋਣ ਕਰਕੇ ਉਹ ਆਪਣੀਆਂ ਜੜ੍ਹਾਂ ਪੰਜਾਬ ਅਤੇ ਇੱਥੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਬਹੁਤ ਨੇੜੇ ਰੱਖਦੇ ਹਨ। ਟਾਂਡਾ ਦੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਤੋਂ ਬੀ. ਏ. ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਐੱਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਸ਼ਾਮ ਕੌਸ਼ਲ 15 ਅਕਤੂਬਰ 1978 ਨੂੰ ਰੁਜ਼ਗਾਰ ਦੀ ਭਾਲ 'ਚ ਬੰਬਈ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ : ਕੁੜਤੇ-ਚਾਦਰੇ 'ਚ ਹਰਭਜਨ ਮਾਨ ਨੇ ਸਾਂਝੀਆਂ ਕੀਤੀਆਂ ਘਰਵਾਲੀ ਦੀਆਂ ਖ਼ਾਸ ਤਸਵੀਰਾਂ
ਸਟੰਟਬੁਆਏ ਨਾਲ ਬਾਲੀਵੁੱਡ 'ਚ ਕੰਮ ਕਰਨ ਵਾਲੇ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਅੱਜ ਬਾਲੀਵੁੱਡ ਦੇ ਪ੍ਰਮੁੱਖ ਐਕਸ਼ਨ ਨਿਰਦੇਸ਼ਕ ਹਨ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਬਾਲੀਵੁੱਡ ਦੇ ਸਟਾਰ ਅਦਾਕਾਰ ਹਨ। ਸ਼ਾਮ ਕੌਸ਼ਲ ਦਾ ਜੱਦੀ ਪਿੰਡ ਟਾਂਡਾ ਨਜ਼ਦੀਕੀ ਪਿੰਡ ਮਿਰਜ਼ਾਪੁਰ ਹੈ ਪਰ ਹੁਣ ਉਸ ਦਾ ਭਰਾ ਰਾਜੇਸ਼ ਕੌਸ਼ਲ ਨੀਟਾ ਆਪਣੇ ਪਰਿਵਾਰ ਸਮੇਤ ਨੇੜਲੇ ਪਿੰਡ ਧੂਤ ਖੁਰਦ 'ਚ ਰਹਿੰਦਾ ਹੈ ਅਤੇ ਸ਼ਾਮ ਕੌਸ਼ਲ, ਵੀਨਾ ਕੌਸ਼ਲ ਜੋੜਾ ਆਪਣੇ ਸਟਾਰ ਪੁੱਤਰਾਂ ਵਿੱਕੀ ਅਤੇ ਸੰਨੀ ਨਾਲ ਇੱਥੇ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਸ਼ਾਮ ਕੌਸ਼ਲ ਨੇ ਸਾਥੀ ਟਾਂਡਾ ਨਿਵਾਸੀ ਸਤਪਾਲ ਨੂੰ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਕੈਟਰੀਨਾ ਕੈਫ ਹੁਸ਼ਿਆਰਪੁਰ ਦੀ ਨੂੰਹ ਬਣ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।