ਕਸ਼ਮੀਰੀ ਨੌਜਵਾਨ ਦੇ ਢਿੱਡ ''ਚ ਕੈਂਚੀ ਮਾਰਨ ਦਾ ਮਾਮਲਾ, ਕੈਪਟਨ ਦੇ ਮੀਡੀਆ ਸਲਾਹਕਾਰ ਨੇ ਕੀਤਾ ਟਵੀਟ
Wednesday, Jan 20, 2021 - 04:14 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸਨੌਰ ਅੱਡਾ ਇਲਾਕੇ ’ਚ ਨਾਈ ਦੀ ਦੁਕਾਨ ’ਤੇ ਕਸ਼ਮੀਰੀ ਨੌਜਵਾਨ ਦਾਨਿਸ਼ ’ਤੇ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ’ਚ ਕਸ਼ਮੀਰੀ ਨੌਜਵਾਨ ਜ਼ਖਮੀਂ ਹੋ ਗਿਆ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਸ 'ਤੇ ਇਸ ਮਾਮਲੇ ਸਬੰਧੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ ਹਨ।
ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਟਿਆਲਾ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਂ ਨੌਜਵਾਨ ਦਾਨਿਸ਼ ਅਤੇ ਉਸ ਦੇ ਪਰਿਵਾਰ ਦੀ ਪੰਜਾਬ ਪੁਲਸ ਵੱਲੋਂ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦਾ ਕਹਿਣਾ ਹੈ ਕਿ ਪੁਲਸ ਨੇ ਬੀਰੂ ਨਾਂ ਦੇ ਵਿਅਕਤੀ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਸਨੌਰ ਅੱਡਾ ਵਿਖੇ ਇਕ ਨਾਈ ਦੀ ਦੁਕਾਨ ’ਤੇ ਦੋਵੇਂ ਵਾਲਾਂ ਦੀ ਕਟਿੰਗ ਲਈ ਗਏ ਸਨ। ਪਹਿਲੇ ਨੰਬਰ ਨੂੰ ਲੈ ਕੇ ਇਨ੍ਹਾਂ ’ਚ ਬਹਿਸ ਹੋ ਗਈ। ਬੀਰੂ ਨੇ ਦਾਨਿਸ਼ ਦੇ ਢਿੱਡ ’ਚ ਉੱਥੋਂ ਚੁੱਕ ਕੇ ਕੈਂਚੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦਾਨਿਸ਼ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਮਲਾਵਰ ਬੀਰੂ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਾਨਿਸ਼ ਇੱਥੇ ਕੈਟਰਿੰਗ ਦਾ ਕੰਮ ਕਰਦਾ ਸੀ ਅਤੇ ਆਪਣੇ ਸਾਥੀਆਂ ਨਾਲ ਰਹਿੰਦਾ ਸੀ।