ਆਪਣੀ ਹੀ ਜ਼ਮੀਨ ਦੇ ਕਬਜ਼ੇ ਤੋਂ ਵਾਂਝੇ 46 ਕਸ਼ਮੀਰੀ ਸਿੱਖ ਪਰਿਵਾਰ
Sunday, Oct 29, 2017 - 07:48 AM (IST)
ਡੇਰਾਬੱਸੀ (ਅਨਿਲ) – ਜ਼ੀਰਕਪੁਰ ਨਗਰ ਕੌਂਸਲ 'ਚ ਪੈਂਦੀ ਸੁਸਾਇਟੀ ਵਿਚ ਕਸ਼ਮੀਰ ਦੇ ਬਾਰਾਮੂਲਾ ਖੇਤਰ ਵਿਚ ਰਹਿ ਰਹੇ ਸਿੱਖ ਪਰਿਵਾਰਾਂ ਨੂੰ ਘਰ ਬਣਾਉਣ ਲਈ ਖ਼ਰੀਦੀ ਕਈ ਸਾਲ ਪਹਿਲਾਂ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਰਿਹਾ, ਜਿਸ 'ਤੇ ਮੋਹਾਲੀ ਦਾ ਇਕ ਵਿਅਕਤੀ ਕਬਜ਼ਾ ਕਰੀ ਬੈਠਾ ਹੈ। ਸਿੱਖ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਾਡੇ ਹੱਕ ਵਿਚ ਫੈਸਲਾ ਸੁਣਾਇਆ ਹੋਇਆ ਹੈ। ਇਨ੍ਹਾਂ ਪਰਿਵਾਰਾਂ ਨੇ 1991 ਵਿਚ ਇਕ ਸੁਸਾਇਟੀ ਗਠਿਤ ਕਰਕੇ ਜ਼ੀਰਕਪੁਰ ਨਗਰ ਕੌਂਸਲ 'ਚ ਪੈਂਦੇ ਪਿੰਡ ਸਿੰਘਪੁਰਾ ਵਿਚ 8.6 ਏਕੜ ਜ਼ਮੀਨ ਘਰ ਬਣਾਉਣ ਲਈ ਖ਼ਰੀਦੀ ਸੀ। ਸਿੰਘਪੁਰਾ ਸਹਿਕਾਰੀ ਮਕਾਨ ਨਿਰਮਾਣ ਸਭਾ ਲਿਮਟਿਡ ਜ਼ੀਰਕਪੁਰ ਸੁਸਾਇਟੀ ਸਕੱਤਰ ਜਗਜੀਤ ਸਿੰਘ ਤੇ ਪ੍ਰਧਾਨ ਜਗਪਾਲ ਸਿੰਘ ਨੇ ਦੱਸਿਆ ਕਿ ਮੋਹਾਲੀ ਨਿਵਾਸੀ ਆਲਮਜੀਤ ਸਿੰਘ ਮਾਨ ਉਕਤ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਜ਼ਮੀਨ ਨੂੰ ਹਥਿਆਉਣ ਲਈ ਧਮਕੀਆਂ ਵੀ ਦੇ ਰਿਹਾ ਹੈ।
ਆਲਮਜੀਤ ਨੇ ਕਈ ਸਾਲ ਪਹਿਲਾਂ ਇਸ ਜ਼ਮੀਨ ਦੀ ਖ਼ਰੀਦੋ-ਫਰੋਖਤ ਲਈ 50 ਹਜ਼ਾਰ ਰੁਪਏ ਦੇ ਕੇ ਸੌਦਾ ਹੋਣ ਦਾ ਦਾਅਵਾ ਵਿਖਾ ਕੇ ਅਦਾਲਤ ਤੋਂ ਸਟੇਅ ਆਰਡਰ ਲੈ ਲਏ ਪਰ 2016 ਵਿਚ ਅਦਾਲਤ ਨੇ ਫ਼ੈਸਲਾ ਕਸ਼ਮੀਰ ਵੈੱਲਫ਼ੇਅਰ ਸੁਸਾਇਟੀ ਦੇ ਹੱਕ ਵਿਚ ਸੁਣਾ ਦਿੱਤਾ ਤੇ ਸਟੇਅ ਨੂੰ ਖਾਰਿਜ ਕਰ ਦਿੱਤਾ।
ਸੁਸਾਇਟੀ 'ਚ ਸ਼ਾਮਲ ਲੋਕਾਂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਆਲਮਗੀਰ ਸੁਸਾਇਟੀ ਦੇ ਲੋਕਾਂ ਨੂੰ ਡਰਾ-ਧਮਕਾ ਕੇ ਜ਼ਮੀਨ ਖਾਲੀ ਕਰਨ ਦਾ ਦਬਾਅ ਬਣਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।ਇਸ ਸਬੰਧੀ ਆਲਮਜੀਤ ਨੇ ਦੱਸਿਆ ਕਿ ਉਨ੍ਹਾਂ ਨਾਲ ਉਕਤ ਪਰਿਵਾਰਾਂ ਦੀ ਸੁਸਾਇਟੀ ਦੇ ਸੈਕਟਰੀ ਮਹਿੰਦਰਪਾਲ ਨੇ 18 ਮਾਰਚ 2004 ਨੂੰ 50 ਹਜ਼ਾਰ ਰੁਪਏ ਟੋਕਨ ਮਨੀ ਲੈ ਕੇ ਉਕਤ ਜ਼ਮੀਨ ਦਾ ਸੌਦਾ ਕੀਤਾ ਸੀ। ਇਸ ਮਗਰੋਂ ਰਜਿਸਟਰੀ ਲਈ ਤੈਅ ਤਰੀਕ 'ਤੇ ਇਨ੍ਹਾਂ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ।
ਉਨ੍ਹਾਂ ਰਜਿਸਟਰਾਰ ਕੋਲ ਆਪਣੀ ਹਾਜ਼ਰੀ ਲਵਾ ਕੇ ਅਦਾਲਤ ਤੋਂ ਉੁਕਤ ਜ਼ਮੀਨ ਦੀ ਰਜਿਸਟਰੀ 'ਤੇ ਰੋਕ ਲਵਾ ਦਿੱਤੀ। ਉਨ੍ਹਾਂ 2014 ਦੌਰਾਨ ਇਕ ਹੋਰ ਡੀਲਰ ਕੋਲੋਂ 5 ਲੱਖ ਰੁਪਏ ਜ਼ਮੀਨ ਵੇਚਣ ਲਈ ਟੋਕਨ ਮਨੀ ਵਜੋਂ ਲਈ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਇਹ ਪਰਿਵਾਰ ਪਟਵਾਰੀ ਦੀ ਮਿਲੀਭੁਗਤ ਨਾਲ ਤੀਸਰੀ ਪਾਰਟੀ ਨਾਲ ਸੌਦੇਬਾਜ਼ੀ ਕਰ ਰਹੇ ਹਨ, ਜਦੋਂਕਿ ਉਕਤ ਜ਼ਮੀਨ ਦਾ ਵਿਵਾਦ ਹਾਈ ਕੋਰਟ ਮਗਰੋਂ ਡੇਰਾਬੱਸੀ ਅਦਾਲਤ ਵਿਚ ਵਿਚਾਰ ਅਧੀਨ ਹੈ।
