ਹਰ ਸੁਹਾਗਣ ਲਈ ਆਖ਼ਿਰ ਕਿਉਂ ਜ਼ਰੂਰੀ ਹੁੰਦਾ ਹੈ ''ਕਰਵਾ ਚੌਥ'' ਦਾ ਵਰਤ

Wednesday, Nov 04, 2020 - 09:13 AM (IST)

ਹਰ ਸੁਹਾਗਣ ਲਈ ਆਖ਼ਿਰ ਕਿਉਂ ਜ਼ਰੂਰੀ ਹੁੰਦਾ ਹੈ ''ਕਰਵਾ ਚੌਥ'' ਦਾ ਵਰਤ

ਜਲੰਧਰ (ਬਿਊਰੋ) - ਜਨਾਨੀਆਂ ਲਈ ਅਖੰਡ ਸੌਭਾਗਿਆ ਦਾ ਵਰਤ ਕਰਵਾਚੌਥ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਆਉਂਦਾ ਹੈ। ਕਰਵਾ ਚੌਥ ਦਾ ਵਰਤ ਦੀਵਾਲੀ ਤੋਂ 10 ਜਾਂ 11 ਦਿਨ ਪਹਿਲਾਂ ਆਉਂਦਾ ਹੈ। ਇਸ ਦਿਨ ਜਨਾਨੀਆਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਆਪਣੇ ਸੁਖੀ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਵਰਤ ਰੱਖਣ ਵਾਲੀਆਂ ਜਨਾਨੀਆਂ ਤੇ ਕੁੜੀਆਂ ਚੰਦਰਮਾ ਦੇਖ ਕੇ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਸੰਪੂਰਨ ਕਰਦੀਆਂ ਹਨ।  
ਇਸ ਦਿਨ ਸੁਹਾਗਣ ਜਨਾਨੀਆਂ ਤੀਜ ਵਾਲੇ ਦਿਨ ਘਰ ਦੀ ਕਿਸੇ ਕੰਧ ਉਪਰ ਕਰਵੇ ਦਾ ਚਿੱਤਰ ਉਲੀਕਦੀਆਂ ਹਨ, ਜਿਸ ਦੇ ਚੁਫ਼ੇਰੇ ਫ਼ਲ ਫੁੱਲ, ਗਣੇਸ਼, ਸਵਾਸਤਕ ਚਿੰਨ੍ਹ, ਸੱਤ ਦੰਪਤੀ ਚਿੱਤਰ ਅਤੇ ਇਕ ਵੀਰਾਂ ਵਾਲੀ ਦਾ ਚਿੱਤਰ ਉਲੀਕਿਆ ਜਾਂਦਾ ਹੈ। ਚਿੱਤਰਾਂ ਦੇ ਹੇਠ ਚੌਂਕੀ ਉਪਰ ਜਲ ਨਾਲ ਭਰਿਆ ਕਰਵਾ ਰੱਖਣ ਦਾ ਤੇ ਚੱਪਣੀ 'ਤੇ ਜੋਤਿ ਜਗਾਉਣ ਦੀ ਰੀਤ ਹੈ। ਨੇੜੇ ਹੀ ਫ਼ਲ, ਮਿਠਿਆਈਆਂ ਆਦਿ ਰੱਖੇ ਜਾਂਦੇ ਹਨ।

PunjabKesari

ਤਾਰਿਆਂ ਦੀ ਲੋਅ 'ਚ ਖਾਂਧੇ ਸਰਘੀ :-
ਕਰਵਾ ਚੌਥ ਵਾਲੇ ਦਿਨ ਇਸੇ ਜੋਤ ਨਾਲ ਕਰਵੇ ਦੀ ਪੂਜਾ ਤੋਂ ਬਾਅਦ ਆਰਤੀ ਉਤਾਰੀ ਜਾਂਦੀ ਹੈ। ਕਰਵੇ ਨੇੜੇ ਇਕ ਥਾਲੀ 'ਚ ਸੁੱਕੇ ਮੇਵੇ, ਫ਼ਲ, ਕੱਪੜੇ ਅਤੇ ਸੁਹਾਗੀ (ਬਿੰਦੀ, ਸੰਧੂਰ, ਚੂੜੀਆਂ, ਮੌਲੀ ਆਦਿ) ਰੱਖੀ ਜਾਂਦੀ ਹੈ। ਇਸ ਸਮਗਰੀ ਨੂੰ ਕਰਵਾ ਪੂਜਾ ਮਗਰੋਂ ਸੱਸ ਨੂੰ ਭੇਟਾ ਕੀਤਾ ਜਾਂਦਾ ਹੈ।
ਤੀਜ ਵਾਲੇ ਦਿਨ ਵਰਤ ਰੱਖਣ ਵਾਲੀ ਸੁਹਾਗਣ ਤਾਰਿਆਂ ਦੀ ਲੋਅ 'ਚ ਇਸ਼ਨਾਨ ਕਰਨ ਪਿੱਛੋਂ ਭੋਜਨ ਸੇਵਨ ਕਰ ਕੇ ਵਰਤ ਰੱਖਣ ਦਾ ਸੰਕਲਪ ਕਰਦੀ ਹੈ। ਇਸ ਭੋਜਨ ਨੂੰ ਸਰਘੀ ਕਿਹਾ ਜਾਂਦਾ ਹੈ। ਇਸ ਦਿਨ ਕਿਸੇ ਰੁੱਸੇ ਨੂੰ ਮਨਾਉਣਾ, ਨਵਾਂ ਕੰਮ ਛੋਹਣਾ, ਸਫ਼ਰ ਕਰਨਾ, ਚਰਖਾ ਕੱਤਣਾ, ਸੂਈ 'ਚ ਧਾਗਾ ਪਾਉਣਾ, ਖੇਤ 'ਚ ਜਾਣਾ, ਸੁੱਤੇ ਹੋਏ ਪਤੀ ਨੂੰ ਜਗਾਉਣਾ ਆਦਿ ਵਰਜਿਤ ਹੈ।

PunjabKesari

ਵਰਤ ਦੀ ਕਥਾ ਦਾ ਮਹੱਤਵ :-
ਤ੍ਰਿਕਾਲਾਂ (ਸ਼ਾਮ) ਤੋਂ ਪਹਿਲਾਂ ਸੁਹਾਗਣ ਹਾਰ- ਸ਼ਿੰਗਾਰ ਕਰਨ ਉਪਰੰਤ ਨੇੜੇ ਦੇ ਮੰਦਰ 'ਚ ਜਾਂ ਕਿਸੇ ਵਡੇਰੀ ਪਾਸੋਂ ਕਰਵਾ ਚੌਥ ਦੀ ਕਥਾ ਸੁਣਦੀਆਂ ਹਨ, ਜੋ ਪੰਜਾਬ ਪ੍ਰਾਂਤ 'ਚ ਥੋੜ੍ਹੇ ਬਹੁਤੇ ਪਾਠ ਭੇਦ ਨਾਲ ਇਸ ਪ੍ਰਕਾਰ ਹੈ:-
ਪ੍ਰਾਚੀਨ ਸਮੇਂ ਇੰਦਰਪ੍ਰਸਥ ਨਗਰ 'ਚ ਇਕ ਵਿਅਕਤੀ ਦੇ ਸੱਤ ਪੁੱਤਰ ਅਤੇ ਇਕ ਵੀਰਾਂ ਵਾਲੀ ਨਾਂ ਦੀ ਲਾਡਲੀ ਧੀ ਰਹਿੰਦੇ ਸਨ। ਭਰਾ-ਭਰਜਾਈਆਂ ਵੀਰਾਂ ਵਾਲੀ ਨੂੰ ਬਹੁਤ ਪਿਆਰ ਕਰਦੇ। ਸਮਾਂ ਪਾ ਕੇ ਵੀਰਾਂ ਵਾਲੀ ਦਾ ਵਿਆਹ ਸੁਦਰਸ਼ਨ ਨਾਂ ਦੇ ਬ੍ਰਾਹਮਣ ਨਾਲ ਕਰ ਦਿੱਤਾ ਗਿਆ। ਵਿਆਹ ਮਗਰੋਂ ਜਦੋਂ ਪਹਿਲੇ ਕਰਵਾ ਚੌਥ ਦੇ ਵਰਤ ਦਾ ਸਮਾਂ ਆਇਆ ਤਾਂ ਵੀਰਾਂ ਵਾਲੀ ਦੇ ਭਰਾ ਉਸ ਨੂੰ ਪੇਕੇ ਘਰ ਲੈ ਆਏ। ਵੀਰਾਂ ਵਾਲੀ ਨੇ ਵਰਤ ਰੱਖ ਤਾਂ ਲਿਆ ਪਰ ਉਹ ਭੁੱਖ ਅਤੇ ਪਿਆਸ ਨਾਲ ਵਿਆਕੁਲ ਹੋ ਗਈ। ਉਸ ਦੇ ਭਰਾਵਾਂ ਤੋਂ ਜਦੋਂ ਭੈਣ ਦੀ ਹਾਲਤ ਵੇਖੀ ਨਾ ਗਈ ਤਾਂ ਉਨ੍ਹਾਂ ਨੇ ਨਕਲੀ ਚੰਦਰਮਾ ਦੀ ਰੋਸ਼ਨੀ ਵਿਖਾ ਕੇ ਉਸ ਦਾ ਵਰਤ ਖੁੱਲ੍ਹਵਾ ਦਿੱਤਾ ਪਰ ਜਿਉਂ ਹੀ ਵਰਤ ਦੀ ਪਵਿੱਤਰਤਾ ਖੰਡਨ ਹੋਈ, ਕਿਹਾ ਜਾਂਦਾ ਹੈ ਕਿ ਵੀਰਾਂ ਵਾਲੀ ਦੇ ਪਤੀ ਦੇ ਜਿਸਮ 'ਤੇ ਜਿੰਨੇ ਵਾਲ ਸਨ, ਸੂਲਾਂ ਬਣ ਗਏ। ਪੀੜ ਨਾਲ ਬੇ-ਸੁੱਧ ਹੋ ਕੇ ਉਹ ਵਿਲਕਣ ਲੱਗਾ। ਵੀਰਾਂ ਵਾਲੀ ਨੂੰ ਜਿਉਂ ਹੀ ਅਸਲੀਅਤ ਦਾ ਪਤਾ ਲੱਗਾ, ਉਸ ਨੇ ਭਰਾਵਾਂ ਨੂੰ ਬਹੁਤ ਬੁਰਾ ਭਲਾ ਕਿਹਾ। ਵੀਰਾਂ ਵਾਲੀ ਕਈ ਦਿਨ ਤੱਕ ਰੋਂਦੀ ਹੋਈ ਪਤੀ ਦੇ ਜਿਸਮ 'ਚੋਂ ਸੂਲਾਂ ਕੱਢਦੀ ਰਹੀ। ਅਚਾਨਕ ਗੌਰਾਂ (ਪਾਰਬਤੀ) ਮਾਤ ਲੋਕ 'ਚ ਆਈ ਤਾਂ ਉਸ ਤੋਂ ਵੀਰਾਂ ਵਾਲੀ ਦਾ ਦੁੱਖ ਸਹਿਨ ਨਾ ਹੋਇਆ, ਜਿਸ 'ਤੇ ਉਸ ਨੇ ਵੀਰਾਂ ਵਾਲੀ ਨੂੰ ਅਗਲੇ ਵਰ੍ਹੇ ਕਰਵਾ ਚੌਥ ਦਾ ਵਰਤ ਵਿਧੀਵਤ ਢੰਗ ਨਾਲ ਰੱਖਣ ਲਈ ਕਿਹਾ। ਇਉਂ ਉਸ ਦਾ ਪਤੀ ਅਸਹਿ ਪੀੜਾ ਤੋਂ ਮੁਕਤ ਹੋਇਆ।
ਕਥਾ ਸੁਣਨ ਉਪਰੰਤ ਵਰਤ ਦੀ ਧਾਰਨੀ ਹਰ ਇਸਤਰੀ ਚੰਦਰਮਾ ਚੜ੍ਹਨ ਦੀ ਉਡੀਕ ਕਰਦੀ ਹੈ ਅਤੇ ਅਸਮਾਨ 'ਚ ਚੌਥ ਦੇ ਚੰਨ ਦੀ ਕਾਤਰ ਨੂੰ ਦੇਖਣ ਉਪਰੰਤ ਕਰਵੇ 'ਚ ਰੱਖੇ ਜਲ ਦਾ ਚੰਦਰਮਾ ਨੂੰ ਅਰਘ ਦੇ ਕੇ ਲੱਸੀ, ਫ਼ਲ, ਮਿਠਿਆਈ ਆਦਿ ਦਾ ਸੇਵਨ ਕਰ ਕੇ ਵਰਤ ਖੋਲ੍ਹਦੀ ਹੈ।

PunjabKesari

ਚੰਦਰਮਾ ਨੂੰ ਅਰਘ ਦੇਣ ਦਾ ਮਹੱਤਵ :-
ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਪਿਆਰ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ੍ਹਾਇਆ ਜਾਂਦਾ ਹੈ। ਚੰਦਰਮਾ ਨੂੰ ਅਰਘ ਚੜ੍ਹਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ ਤਾਂਕਿ ਮਨ ਆਪਣੇ ਪ੍ਰੀਤਮ ਪਿਆਰੇ ਨਾਲ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ |

PunjabKesari


author

sunita

Content Editor

Related News